ਚੰਡੀਗੜ੍ਹ : ਵੀਰਵਾਰ ਕਾਂਗਰਸੀ ਵਿਧਾਇਕ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਖਿਲਾਫ ਨਾਅਰੇ ਲਿਖੇ ਚੋਲੇ ਪਾ ਕੇ ਪੰਜਾਬ ਅਸੰਬਲੀ ’ਚ ਪਹੁੰਚੇ। ਕਾਂਗਰਸ ਵਿਧਾਇਕ ਦਲ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਕਿ ਮੰਤਰੀ ਨੂੰ ਬਰਖਾਸਤ ਕੀਤਾ ਜਾਵੇ ਅਤੇ ਉਸ ਖਿਲਾਫ ਕੇਸ ਦਰਜ ਕੀਤਾ ਜਾਵੇ। ਉਨ੍ਹਾ ਕਿਹਾ ਕਿ ਪਾਰਟੀ ਵੱਲੋਂ ਮੰਤਰੀ ਨੂੰ ਇਕ ‘ਕਾਰਨ ਦੱਸੋ’ ਨੋਟਿਸ ਜਾਰੀ ਕੀਤਾ ਜਾਣਾ ਕਾਫੀ ਨਹੀਂ। ਮੁੱਖ ਮੰਤਰੀ ਇਸ ਮੁੱਦੇ ’ਤੇ ਅੱਜ ਇਕ ਬਿਆਨ ਜਾਰੀ ਕਰਨ। ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਅਤੇ ਜੰਗੀ ਲਾਲ ਮਹਾਜਨ ਸਦਨ ’ਚੋਂ ਗੈਰ-ਹਾਜ਼ਰ ਸਨ। ਸੁਖਪਾਲ ਸਿੰਘ ਖਹਿਰਾ ਨੇ ਸਪੀਕਰ ਨੂੰ ਇਸ ਗੱਲ ਦਾ ਭਰੋਸਾ ਦੇਣ ਲਈ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮੁੱਦੇ ’ਤੇ ਇਕ ਬਿਆਨ ਜਾਰੀ ਕਰਨਗੇ। ਇਸ ’ਤੇ ਸਪੀਕਰ ਕੁਲਬੀਰ ਸਿੰਘ ਸੰਧਵਾਂ ਨੇ ਕਿਹਾ ਕਿ ਉਹ ਅਜਿਹਾ ਨਹੀਂ ਕਰ ਸਕਦੇ। ਉਪਰੰਤ ਸੰਧਵਾਂ ਨੇ ਕਾਂਗਰਸੀ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ ਚੱਲਣ ਦੇਣ ਲਈ ਕਿਹਾ, ਪਰ ਕਾਂਗਰਸੀ ਵਿਧਾਇਕ ਸਪੀਕਰ ਦੀ ਕੁਰਸੀ ਸਾਹਮਣੇ ਆ ਕੇ ਪ੍ਰਦਰਸ਼ਨ ਕਰਨ ਲੱਗੇ। ਉਨ੍ਹਾ ਮੰਤਰੀ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ‘ਆਪ’ ਵਿਧਾਇਕਾਂ ਨੇ ਵੀ ਕਾਂਗਰਸੀਆਂ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਉਨ੍ਹਾਂ ਕਾਂਗਰਸੀ ਵਿਧਾਇਕਾਂ ਨੂੰ ਭਾਜਪਾ ਦੀ ‘ਬੀ’ ਟੀਮ ਕਰਾਰ ਦਿੱਤਾ। ਸੈਸ਼ਨ ਦੀ ਸ਼ੁਰੂਆਤ ਮੌਕੇ ਸਦਨ ’ਚ ਮੁੱਖ ਮੰਤਰੀ ਮਾਨ ਮੌਜੂਦ ਨਹੀਂ ਸਨ। ਇਸ ਦੌਰਾਨ ਸਪੀਕਰ ਨੂੰ ਸਦਨ ਦੀ ਕਾਰਵਾਈ ਵੀ ਮੁਲਤਵੀ ਕਰਨੀ ਪਈ।