ਸੂਰਤ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਕਿਹਾ ਕਿ ਡਾਇਮੰਡ ਰਿਸਰਚ ਐਂਡ ਮਰਸੈਂਟਾਈਲ (ਡਰੀਮ) ਸਿਟੀ ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਸੂਰਤ ਵਿਸ਼ਵ ਦੇ ਸਭ ਤੋਂ ਸੁਰੱਖਿਅਤ ਅਤੇ ਸੁਵਿਧਾਜਨਕ ਹੀਰਾ ਵਪਾਰ ਦੇ ਕੇਂਦਰ ਦੇ ਰੂਪ ’ਚ ਵਿਕਸਤ ਹੋਵੇਗਾ। ਪ੍ਰਧਾਨ ਮੰਤਰੀ ਨੇ ਇੱਥੇ 3400 ਕਰੋੜ ਰੁਪਏ ਤੋਂ ਵੱਧ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖੇ ਅਤੇ ਉਦਘਾਟਨ ਵੀ ਕੀਤੇ। ਉਪਰੰਤ ਉਨ੍ਹਾ ਕਿਹਾ ਕਿ ਸੂਰਤ ਦੇ ਕੱਪੜਾ ਅਤੇ ਹੀਰਾ ਕਾਰੋਬਾਰ ਨਾਲ ਦੇਸ਼-ਭਰ ਦੇ ਕਈ ਪਰਵਾਰਾਂ ਦਾ ਜੀਵਨ ਚਲਦਾ ਹੈ। ਪ੍ਰਧਾਨ ਮੰਤਰੀ ਨੇ ਇਸ ਤੋਂ ਪਹਿਲਾਂ ਡਰੀਮ ਸਿਟੀ ਦੇ ਮੁੱਖ ਗੇਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਪ੍ਰਾਜੈਕਟ ਦੇ ਦੂਜੇ ਗੇੜ ਦਾ ਨੀਂਹ ਪੱਥਰ ਵੀ ਰੱਖਿਆ।
ਆਯੂਸ਼ਮਾਨ ਭਾਰਤ ਯੋਜਨਾ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਤਹਿਤ ਦੇਸ਼ ’ਚ ਹੁਣ ਤਕ ਲੱਗਭੱਗ ਚਾਰ ਕਰੋੜ ਲੋੜਵੰਦ ਮਰੀਜ਼ਾਂ ਨੂੰ ਮੁਫਤ ਇਲਾਜ ਮਿਲ ਚੁੱਕਿਆ ਹੈ ਅਤੇ ਇਸ ’ਚ 32 ਲੱਖ ਤੋਂ ਵੱਧ ਮਰੀਜ਼ ਗੁਜਰਾਤ ਦੇ ਹਨ ਤੇ ਕਰੀਬ ਸਵਾ ਲੱਖ ਸੂਰਤ ਤੋਂ ਹਨ। ਇਸ ਦੌਰਾਨ ਮੋਦੀ ਨੇ ਸੂਰਤ ਤੇ ਭਾਵਨਗਰ ’ਚ ਰੋਡ ਸ਼ੋਅ ਵੀ ਕੀਤੇ ਗਏ। ਗੁਜਰਾਤ ਅਸੰਬਲੀ ਦੀਆਂ ਚੋਣਾਂ ਸਾਲ ਦੇ ਅਖੀਰ ਵਿਚ ਹੋਣੀਆਂ ਹਨ।