ਨਵੀਂ ਦਿੱਲੀ : ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਵੀਰਵਾਰ ਕਿਹਾ ਕਿ ਜੈਪੁਰ ’ਚ ਵਿਧਾਇਕ ਦਲ ਦੀ ਮੀਟਿੰਗ ਨਾ ਹੋ ਸਕਣ ਦੀ ਘਟਨਾ ਲਈ ਉਨ੍ਹਾ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੋਲੋਂ ਮੁਆਫੀ ਮੰਗੀ ਹੈ ਅਤੇ ਉਹ ਹੁਣ ਉਹ ਪਾਰਟੀ ਪ੍ਰਧਾਨ ਦੇ ਅਹੁਦੇ ਦੀ ਚੋਣ ਨਹੀਂ ਲੜਨਗੇ। ਸੋਨੀਆ ਗਾਂਧੀ ਦੀ ਰਿਹਾਇਸ਼ 10 ਜਨਪਥ ਵਿਖੇ ਉਨ੍ਹਾ ਨਾਲ ਮੁਲਾਕਾਤ ਕਰਨ ਤੋਂ ਬਾਅਦ ਗਹਿਲੋਤ ਨੇ ਇਹ ਵੀ ਕਿਹਾ ਕਿ ਹੁਣ ਮੁੱਖ ਮੰਤਰੀ ਅਹੁਦੇ ਦਾ ਫੈਸਲਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਕਰਨਗੇ। ਮੀਡੀਆ ਨਾਲ ਗੱਲਬਾਤ ਦੌਰਾਨ ਉਨ੍ਹਾ ਕਿਹਾਮੈਂ 50 ਸਾਲਾਂ ਤੋਂ ਕਾਂਗਰਸ ਦਾ ਵਫਾਦਾਰ ਸਿਪਾਹੀ ਰਿਹਾ ਹਾਂ…ਦੋ ਦਿਨ ਪਹਿਲਾਂ ਦੀ ਘਟਨਾ ਨਾਲ ਬਹੁਤ ਦੁੱਖ ਹੋਇਆ ਹੈ। ਮੈਂ ਸੋਨੀਆ ਜੀ ਕੋਲੋਂ ਮੁਆਫੀ ਮੰਗੀ ਹੈ। ਗਹਿਲੋਤ ਨੇ ਕਿਹਾਵਿਧਾਇਕ ਦਲ ਦੀ ਮੀਟਿੰਗ ’ਚ ਇਕ ਲਾਈਨ ਦਾ ਮਤਾ ਪਾਸ ਕਰਵਾਉਣਾ ਮੇਰੀ ਨੈਤਿਕ ਜ਼ਿੰਮੇਵਾਰੀ ਸੀ। ਮੈਂ ਉਸ ਨੂੰ ਕਰਵਾ ਨਹੀਂ ਸਕਿਆ। ਇਸ ਮਾਹੌਲ ’ਚ ਮੈਂ ਫੈਸਲਾ ਲਿਆ ਕਿ ਹੁਣ ਮੈਂ ਪ੍ਰਧਾਨ ਦੀ ਚੋਣ ਨਹੀਂ ਲੜਾਂਗਾ।
ਮੁੱਖ ਮੰਤਰੀ ਦੇ ਅਹੁਦੇ ’ਤੇ ਰਹਿਣ ਜਾਂ ਹਟਣ ਸੰਬੰਧੀ ਸਵਾਲ ’ਤੇ ਉਨ੍ਹਾ ਕਿਹਾ ਕਿ ਇਸ ਬਾਰੇ ਫੈਸਲਾ ਸੋਨੀਆ ਗਾਂਧੀ ਕਰਨਗੇ। ਦਰਅਸਲ ਗਹਿਲੋਤ ਪਾਰਟੀ ਹਾਈਕਮਾਨ ਦੇ ਕਹਿਣ ’ਤੇ ਪਾਰਟੀ ਪ੍ਰਧਾਨ ਦੀ ਚੋਣ ਲੜਨ ਲਈ ਤਿਆਰ ਸਨ, ਪਰ ਮੁੱਖ ਮੰਤਰੀ ਦਾ ਅਹੁਦਾ ਵੀ ਕੋਲ ਰੱਖਣਾ ਚਾਹੁੰਦੇ ਸਨ। ਹਾਈਕਮਾਨ ਨੇ ਸਚਿਨ ਪਾਇਲਟ ਨੂੰ ਮੁੱਖ ਮੰਤਰੀ ਬਣਵਾਉਣ ਲਈ ਵਿਧਾਇਕਾਂ ਨਾਲ ਗੱਲਬਾਤ ਲਈ ਜੈਪੁਰ ਅਬਜ਼ਰਵਰ ਭੇਜੇ ਸਨ, ਪਰ ਗਹਿਲੋਤ ਹਮਾਇਤੀ ਉਨ੍ਹਾਂ ਨੂੰ ਇਹ ਕਹਿ ਕੇ ਨਹੀਂ ਮਿਲੇ ਕਿ ਉਹ ਗਹਿਲੋਤ ਨੂੰ ਹਟਾਉਣ ਦੇ ਹੱਕ ਵਿਚ ਨਹੀਂ ਤੇ ਪਿੱਛੇ ਜਿਹੇ ਬਗਾਵਤ ਕਰਨ ਵਾਲੇ ਪਾਇਲਟ ਨੂੰ ਮੁੱਖ ਮੰਤਰੀ ਸਹਿਣ ਨਹੀਂ ਕਰਨਗੇ। ਇਸ ਤੋਂ ਬਾਅਦ ਹਾਈਕਮਾਨ ਨੇ ਗਹਿਲੋਤ ਨੂੰ ਤਾਂ ਕੁਝ ਨਹੀਂ ਕਿਹਾ, ਪਰ ਉਨ੍ਹਾਂ ਦੇ ਹੱਕ ਵਿਚ ਨਿੱਤਰੇ ਕੁਝ ਆਗੂਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ। ਗਹਿਲੋਤ ਦੇ ਬੜੀ ਹੁਸ਼ਿਆਰੀ ਨਾਲ ਪ੍ਰਧਾਨਗੀ ਚੋਣ ਤੋਂ ਬਾਹਰ ਹੋਣ ਤੋਂ ਬਾਅਦ ਹੁਣ ਉਨ੍ਹਾ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹੁਣਾ ਮੁਸ਼ਕਲ ਹੋਵੇਗਾ, ਖਾਸ ਕਰਕੇ ਜਦੋਂ ਅਗਲੇ ਸਾਲ ਅਸੰਬਲੀ ਚੋਣਾਂ ਹੋਣ ਵਾਲੀਆਂ ਹਨ।
ਇਸੇ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੈ ਸਿੰਘ ਨੇ ਵੀਰਵਾਰ ਪਾਰਟੀ ਦੀ ਕੇਂਦਰੀ ਚੋਣ ਅਥਾਰਟੀ ਦੇ ਦਫਤਰ ਤੋਂ ਨਾਮਜ਼ਦਗੀ ਪੱਤਰ ਲੈਣ ਤੋਂ ਬਾਅਦ ਕਿਹਾਨਾਮਜ਼ਦਗੀ ਪੱਤਰ ਲੈਣ ਆਇਆ ਹਾਂ। ਸੰਭਾਵੀ ਤੌਰ ’ਤੇ ਭਲਕੇ ਨਾਮਜ਼ਦਗੀ ਦਾਖਲ ਕਰਾਂਗਾ। ਉਨ੍ਹਾ 10 ਨਾਮਜ਼ਦਗੀ ਫਾਰਮ ਲਏ। ਉਹ ਅਜਿਹੇ ਸਮੇਂ ’ਚ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਤਿਆਰੀ ਕਰ ਰਹੇ ਹਨ, ਜਦੋਂ ਹਾਈਕਮਾਨ ਦੇ ਖਾਸ ਰਹੇ ਰਾਜਸਥਾਨ ਸੰਕਟ ਕਰ ਕੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ। ਕਾਂਗਰਸ ਪ੍ਰਧਾਨ ਦੇ ਅਹੁਦੇ ਦੀ ਚੋਣ ਲਈ ਐਲਾਨੇ ਪ੍ਰੋਗਰਾਮ ਅਨੁਸਾਰ ਨੋਟੀਫਿਕੇਸ਼ਨ 22 ਸਤੰਬਰ ਨੂੰ ਜਾਰੀ ਕੀਤਾ ਗਿਆ ਅਤੇ ਨਾਮਜ਼ਦਗੀ ਪੱਤਰ 30 ਸਤੰਬਰ ਤੱਕ ਦਾਖਲ ਕੀਤੇ ਜਾ ਸਕਣਗੇ। ਇਕ ਤੋਂ ਵੱਧ ਉਮੀਦਵਾਰ ਹੋਣ ’ਤੇ 17 ਅਕਤੂਬਰ ਨੂੰ ਵੋਟਾਂ ਪੈਣਗੀਆਂ ਅਤੇ ਨਤੀਜਾ 19 ਅਕਤੂਬਰ ਨੂੰ ਐਲਾਨਿਆ ਜਾਵੇਗਾ। ਦਿਗਵਿਜੈ ਸਿੰਘ ਨੇ ਸ਼ਸ਼ੀ ਥਰੂਰ ਨਾਲ ਵੀ ਮੁਲਾਕਾਤ ਕੀਤੀ, ਜਿਹੜੇ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਥਰੂਰ ਨੇ ਕਿਹਾ ਕਿ ਦੋਸਤਾਨਾ ਮੁਕਾਬਲਾ ਹੋਵੇਗਾ। ਉਹ ਚਾਹੁੰਦੇ ਹਨ ਕਿ ਓੜਕ ਜਿੱਤ ਕਾਂਗਰਸ ਦੀ ਹੋਵੇ।