ਵਾਸ਼ਿੰਗਟਨ : ਏਸ਼ੀਆਈ ਅਮਰੀਕੀ ਤੇ ਪ੍ਰਸ਼ਾਂਤ ਦੀਪ ਵਾਸੀਆਂ ‘ਤੇ ਰਾਸ਼ਟਰਪਤੀ ਦੇ ਇਕ ਕਮਿਸ਼ਨ ਨੇ ਅਮਰੀਕਾ ‘ਚ ਐੱਚ-1ਬੀ ਵੀਜ਼ਾ ‘ਤੇ ਮੋਹਰ ਲਾਉਣ ਦੀ ਸਿਫਾਰਸ਼ ਸਰਬਸੰਮਤੀ ਨਾਲ ਮਨਜ਼ੂਰ ਕਰ ਦਿੱਤੀ ਹੈ | ਜੇ ਰਾਸ਼ਟਰਪਤੀ ਜੋਅ ਬਾਇਡਨ ਇਸ ਨੂੰ ਮਨਜ਼ੂਰ ਕਰਦੇ ਹਨ ਤਾਂ ਇਸ ਨਾਲ ਹਜ਼ਾਰਾਂ ਪੇਸ਼ੇਵਰਾਂ, ਖਾਸ ਤੌਰ ‘ਤੇ ਭਾਰਤੀਆਂ ਨੂੰ ਵੱਡੀ ਰਾਹਤ ਮਿਲੇਗੀ | ਐੱਚ-1ਬੀ ਵੀਜ਼ਾ ਗੈਰ-ਪਰਵਾਸੀ ਵੀਜ਼ਾ ਹੈ, ਜਿਸ ਨਾਲ ਅਮਰੀਕੀ ਕੰਪਨੀਆਂ ਨੂੰ ਖਾਸ ਵਿਸ਼ੇਸ਼ਤਾ ਵਾਲੇ ਪੇਸ਼ਿਆਂ ‘ਚ ਵਿਦੇਸ਼ੀ ਕਾਮਿਆਂ ਨੂੰ ਭਰਤੀ ਕਰਨ ਦੀ ਇਜਾਜ਼ਤ ਮਿਲਦੀ ਹੈ | ਤਕਨਾਲੋਜੀ ਕੰਪਨੀਆਂ ਭਾਰਤ ਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਾਮਿਆਂ ਨੂੰ ਭਰਤੀ ਕਰਨ ਲਈ ਇਸ ‘ਤੇ ਨਿਰਭਰ ਰਹਿੰਦੀਆਂ ਹਨ | ਮੌਜੂਦਾ ਪ੍ਰਕਿਰਿਆ ਤਹਿਤ ਕਿਸੇ ਵਿਅਕਤੀ ਨੂੰ ਅਮਰੀਕੀ ਕੰਪਨੀ ‘ਚ ਨੌਕਰੀ ਕਰਨ ਲਈ ਆਪਣੇ ਦੇਸ਼ ‘ਚ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ‘ਚ ਵੀਜ਼ੇ ‘ਤੇ ਮੋਹਰ ਲਗਵਾਉਣ ਲਈ ਅਰਜ਼ੀ ਦੇਣ ਦੀ ਲੋੜ ਹੁੰਦੀ ਹੈ | ਏਸ਼ੀਆਈ ਅਮਰੀਕੀ, ਹਵਾਈ ਮੂਲ ਦੇ ਲੋਕਾਂ ਅਤੇ ਪ੍ਰਸ਼ਾਂਤ ਦੀਪ ਵਾਸੀਆਂ ‘ਤੇ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ ਬੀਤੇ ਦਿਨ ਹੋਈ ਇਕ ਮੀਟਿੰਗ ‘ਚ ਇਹ ਫੈਸਲਾ ਲਿਆ |