ਨਵੀਂ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੌਮੀ ਰਾਜਧਾਨੀ ਦਿੱਲੀ ‘ਚ ਹਵਾ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਸ਼ੁੱਕਰਵਾਰ 15 ਨੁਕਾਤੀ ਸਰਦ ਰੁੱਤ ਕਾਰਜ ਯੋਜਨਾ ਦਾ ਐਲਾਨ ਕੀਤਾ, ਜਿਸ ‘ਚ ਕੂੜਾ ਸਾੜਨ, ਧੂੜ ਅਤੇ ਵਾਹਨਾਂ ‘ਚੋਂ ਹੋਣ ਵਾਲੇ ਨਿਕਾਸ ਨੂੰ ਰੋਕਣ ਲਈ ਟੀਮਾਂ ਗਠਤ ਕਰਨਾ ਸ਼ਾਮਲ ਹੈ | ਕੇਜਰੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ 2020 ‘ਚ ਇਲੈਕਟ੍ਰਾਨਿਕ ਵਾਹਨ ਨੀਤੀ ਲਿਆਏ ਜਾਣ ਅਤੇ 24 ਘੰਟੇ ਬਿਜਲੀ ਸਪਲਾਈ ਕਰਨ ਸਣੇ ਹੋਰ ਕਦਮ ਉਠਾਏ ਜਾਣ ਨਾਲ ਪਿਛਲੇ ਚਾਰ ਸਾਲਾਂ ‘ਚ ਹਵਾ ਪ੍ਰਦੂਸ਼ਣ ਦੇ ਪੱਧਰ ‘ਚ 18.6 ਫੀਸਦ ਦੀ ਕਮੀ ਆਈ ਹੈ | ਉਨ੍ਹਾ ਐੱਨ ਸੀ ਆਰ ਦੇ ਸ਼ਹਿਰਾਂ, ਕੇਂਦਰ ਤੇ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ ਸਣੇ ਵੱਖ-ਵੱਖ ਧਿਰਾਂ ਵਿਚਾਲੇ ਸਹਿਯੋਗ ਦੀ ਲੋੜ ‘ਤੇ ਜ਼ੋਰ ਦਿੰਦੇ ਹੋਏ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਗੁਆਂਢੀ ਸੂਬਿਆਂ ‘ਚ ਸਨਅਤਾਂ ਵੱਲੋਂ ਪਾਈਪ ਨਾਲ ਕੁਦਰਤੀ ਗੈਸ ਦਾ ਇਸਤੇਮਾਲ ਕਰਨ, ਇੱਟਾਂ ਦੇ ਭੱਠਿਆਂ ਵਿਖੇ ਜ਼ਿਗ-ਜ਼ੈਗ ਤਕਨੀਕ ਦਾ ਇਸਤੇਮਾਲ ਕਰਨ, ਜੈਨਰੇਟਰਾਂ ‘ਤੇ ਪਾਬੰਦੀ ਅਤੇ 24 ਘੰਟੇ ਬਿਜਲੀ ਸਪਲਾਈ ਯਕੀਨੀ ਬਣਾਉਣ ਦੀ ਅਪੀਲ ਕੀਤੀ ਹੈ | ਉਨ੍ਹਾ ਕਿਹਾ ਕਿ ਸਰਕਾਰ ਇਸ ਸਾਲ ਕਰੀਬ 5000 ਏਕੜ ਜ਼ਮੀਨ ‘ਤੇ ਪਰਾਲੀ ਦੇ ਨਿਪਟਾਰੇ ਲਈ ਪੂਸਾ ਬਾਇਓ-ਡੀਕੰਪੋਜ਼ਰ ਦਾ ਛਿੜਕਾਅ ਕਰਵਾਏਗੀ |