ਵੈਸ਼ਨੋ ਦੇਵੀ ਮਾਤਾ ਦੇ ਦਰਬਾਰ ‘ਚ ਚੜ੍ਹੇ ਚਾਂਦੀ ਦੇ ਗਹਿਣਿਆਂ ‘ਚੋਂ ਸਿਰਫ਼ 5 ਫ਼ੀਸਦੀ ਅਸਲੀ

0
13

ਜੰਮੂ : ਮਾਤਾ ਵੈਸ਼ਨੋ ਦੇਵੀ ਮੰਦਰ ਵਿਖੇ ਸ਼ਰਧਾਲੂਆਂ ਵੱਲੋਂ ਚੜ੍ਹਾਈ ਗਈ ਚਾਂਦੀ ਵਿੱਚ ਵੱਡੇ ਪੱਧਰ ‘ਤੇ ਮਿਲਾਵਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ, ਮੰਦਰ ਵਿੱਚ ਚੜ੍ਹਾਵੇ ਵਜੋਂ ਇਕੱਠੀ ਹੋਈ ਲੱਗਭੱਗ 20 ਟਨ ਚਾਂਦੀ ‘ਚੋਂ ਕੇਵਲ ਪੰਜ ਤੋਂ ਛੇ ਫ਼ੀਸਦੀ ਹੀ ਅਸਲੀ ਚਾਂਦੀ ਪਾਈ ਗਈ ਹੈ। ਰਿਪੋਰਟਾਂ ਵਿੱਚ ਖ਼ੁਲਾਸਾ ਹੋਇਆ ਹੈ ਕਿ ਚਾਂਦੀ ਵਿੱਚ ਦੂਜੀਆਂ ਧਾਤਾਂ ਅਤੇ ਕੈਡਮੀਅਮ ਵਰਗੇ ਪਦਾਰਥਾਂ ਦੀ ਮਿਲਾਵਟ ਹੈ। ਜੇਕਰ ਇਹ ਚਾਂਦੀ ਪੂਰੀ ਤਰ੍ਹਾਂ ਸ਼ੁੱਧ ਹੁੰਦੀ, ਤਾਂ ਮੌਜੂਦਾ ਬਾਜ਼ਾਰੀ ਕੀਮਤਾਂ ਮੁਤਾਬਕ ਇਸ ਨਾਲ ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੂੰ ਲੱਗਭੱਗ 500 ਕਰੋੜ ਰੁਪਏ ਮਿਲ ਸਕਦੇ ਸਨ। ਸ੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਸਚਿਨ ਕੁਮਾਰ ਵੈਸ਼ ਨੇ ਇਸ ਬਾਰੇ ਕਾਲ ਜਾਂ ਮੈਸੇਜ਼ ਦਾ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ, ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਦਾਨ ਵਿੱਚ ਆਏ ਸੋਨੇ ਅਤੇ ਚਾਂਦੀ ਵਿੱਚ ਮਿਲਾਵਟ ਹੋਣਾ ਕੋਈ ਨਵੀਂ ਗੱਲ ਨਹੀਂ ਹੈ, ਕਿਉਂਕਿ ਚੜ੍ਹਾਵੇ ਵਾਲੇ ਸੋਨੇ-ਚਾਂਦੀ ਦੇ ਅਸਲੀ ਹੋਣ ਦਾ ਪੂਰਾ ਭਰੋਸਾ ਨਹੀਂ ਹੁੰਦਾ, ਇਸ ਲਈ ਇਸ ਨੂੰ ਪਿਘਲਾਉਣ ਤੋਂ ਪਹਿਲਾਂ ਚੈੱਕ ਕੀਤਾ ਜਾਂਦਾ ਹੈ ਅਤੇ ਸੋਨੇ ਤੇ ਚਾਂਦੀ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ।