ਚੰਡੀਗੜ੍ਹ : ਮਸ਼ਹੂਰ ਬਾਲੀਵੁੱਡ ਅਭਿਨੇਤਰੀ ਅਤੇ ਆਈ ਪੀ ਐੱਲ ਟੀਮ ‘ਕਿੰਗਜ਼ ਇਲੈਵਨ ਪੰਜਾਬ’ ਦੀ ਸਹਿ-ਮਾਲਕ ਪ੍ਰੀਤੀ ਜ਼ਿੰਟਾ ਵੱਲੋਂ ਬਰਨਾਲਾ ਦੇ ਰਹਿਣ ਵਾਲੇ ਅਤੇ ਵਾਈ.ਐੱਸ. ਸਕੂਲ ਹੰਡਿਆਇਆ ਦੀ ਯੂ.ਕੇ.ਜੀ. ਕਲਾਸ ਵਿੱਚ ਪੜ੍ਹਨ ਵਾਲੇ ਹਰਗੁਣ ਸਿੰਘ ਧਾਲੀਵਾਲ ਪੁੱਤਰ ਧਰਮਿੰਦਰ ਸਿੰਘ ਧਾਲੀਵਾਲ ਨੂੰ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਚੰਡੀਗੜ੍ਹ ਦੇ ਖੇਡ ਸਟੇਡੀਅਮ ਵਿੱਚ ਆਈ ਪੀ ਐੱਲ ਮੈਚ ਦੌਰਾਨ ਗੋਲਡ ਮੈਡਲ ਨਾਲ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਪੰਜ ਸਾਲ ਦੇ ਹਰਗੁਣ ਸਿੰਘ ਧਾਲੀਵਾਲ ਨੇ ਪੰਜਾਬ ਅੰਦਰ ਆਏ ਹੜ੍ਹਾਂ ਦੌਰਾਨ ਆਪਣੀ ਜਮ੍ਹਾਂ ਰਾਸ਼ੀ ਵਾਲੀ ਗੋਲਕ ਪੰਜਾਬ ਸਰਕਾਰ ਨੂੰ ਹੜ੍ਹ ਪੀੜਤਾਂ ਲਈ ਸੌਂਪੀ ਸੀ। ਇਹ ਖਬਰ ਸੋਸ਼ਲ ਮੀਡੀਆ ਰਾਹੀਂ ਦੇਸ਼ ਦੁਨੀਆ ਅੰਦਰ ਬਹੁਤ ਵਾਇਰਲ ਹੋਈ ਸੀ। ਪ੍ਰੀਤੀ ਜ਼ਿੰਟਾ ਦੀ ਟੀਮ ਵੱਲੋਂ ਹਰਗੁਣ ਸਿੰਘ ਧਾਲੀਵਾਲ ਨਾਲ ਪਿਛਲੇ ਕਈ ਮਹੀਨਿਆਂ ਤੋਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਹਰਗੁਣ ਸਿੰਘ ਤੇ ਉਸ ਦੇ ਪਰਵਾਰਕ ਮੈਂਬਰਾਂ ਲਈ ਪ੍ਰੀਤੀ ਜ਼ਿੰਟਾ ਦੀ ਪ੍ਰਬੰਧਕ ਟੀਮ ਵੱਲੋਂ ਬਰਨਾਲਾ ਤੋਂ ਚੰਡੀਗੜ੍ਹ ਆਉਣ-ਜਾਣ, ਰਹਿਣ ਸਮੇਤ ਸਾਰੇ ਪ੍ਰਬੰਧ ਕੀਤੇ ਗਏ। ਖੇਡ ਸਟੇਡੀਅਮ ਵਿੱਚ ਪ੍ਰੀਤੀ ਜ਼ਿੰਟਾ ਦੇ ਸਪੈਸ਼ਲ ਵੀ.ਆਈ.ਪੀ ਬਾਕਸ ਵਿੱਚ ਹਰਗੁਣ ਸਿੰਘ ਨੇ ਸਮੇਤ ਪਰਵਾਰ ਨਾਲ ਬੈਠ ਕੇ ਮੈਚ ਦਾ ਆਨੰਦ ਮਾਣਿਆ। ਜਿੱਥੇ ਬਾਲੀਵੁੱਡ ਸਟਾਰ ਅਰਜਨ ਰਾਮਪਾਲ, ਹਿੰਦੀ ਫਿਲਮ ਦੇ ਡਾਇਰੈਕਟਰਾਂ ਤੋਂ ਇਲਾਵਾ ਪੰਜਾਬੀ ਅਭਿਨੇਤਰੀ ਸੋਨਮ ਬਾਜਵਾ, ਪੰਜਾਬੀ ਗਾਇਕ ਜਸਵੀਰ ਸਿੰਘ ਜੱਸੀ, ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਮੌਜੂਦ ਸਨ। ਇਸ ਮੌਕੇ ਹਰਗੁਣ ਸਿੰਘ ਦੇ ਪਿਤਾ ਅਤੇ ਮਾਤਾ ਸਿਮਰਨ ਅਤੇ ਦਾਦਾ ਸਾਧੂ ਸਿੰਘ ਧਾਲੀਵਾਲ ਨੇ ਬਾਲੀਵੁੱਡ ਅਭਿਨੇਤਰੀ ਪ੍ਰੀਤੀ ਜ਼ਿੰਟਾ ਦਾ ਦਿਲੋਂ ਧੰਨਵਾਦ ਕਰਦੇ ਕਿਹਾ ਕਿ ਹਿਮਾਚਲ ਦੀ ਧੀ ਵੱਲੋਂ ਉਹਨਾਂ ਦੇ ਬੱਚੇ ਨੂੰ ਬਹੁਤ ਪਿਆਰ ਮਿਲਿਆ।





