ਮੁੰਬਈ : ਇੱਥੋਂ ਦੇ ਵਰਲੀ ਇਲਾਕੇ ਵਿੱਚ ਭਾਜਪਾ ਦੀ ਜਨ ਆਕ੍ਰੋਸ਼ ਰੈਲੀ ਦੌਰਾਨ ਮੰਗਲਵਾਰ ਭਾਰੀ ਟ੍ਰੈਫਿਕ ਜਾਮ ਵਿੱਚ ਫਸੀ ਮੁਟਿਆਰ ਨੇ ਮਹਾਰਾਸ਼ਟਰ ਦੇ ਭਾਜਪਾ ਮੰਤਰੀ ਗਿਰੀਸ਼ ਮਹਾਜਨ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ। ਮਹਿਲਾਵਾਂ ਨੂੰ 33 ਫੀਸਦੀ ਰਿਜ਼ਰਵੇਸ਼ਨ ਦਾ ਬਿੱਲ ਲੋਕ ਸਭਾ ਵਿੱਚ ਡਿੱਗ ਜਾਣ ‘ਤੇ ਭਾਜਪਾ ਦੀ ਅਗਵਾਈ ਵਾਲੇ ਮਹਾਯੁਤੀ ਗੱਠਜੋੜ ਵੱਲੋਂ ਜੰਬੂਰੀ ਮੈਦਾਨ ਤੋਂ ਐੱਨ ਐੱਸ ਸੀ ਆਈ ਡੋਮ ਤੱਕ ਰੋਸ ਮਾਰਚ ਕੱਢਿਆ ਜਾ ਰਿਹਾ ਸੀ। ਆਪਣੇ ਬੱਚੇ ਨੂੰ ਲੈਣ ਜਾ ਰਹੀ ਮੁਟਿਆਰ ਟ੍ਰੈਫਿਕ ਜਾਮ ਵਿੱਚ ਫਸ ਗਈ। ਇਸ ਤੋਂ ਬਾਅਦ ਉਹ ਆਪਣੀ ਗੱਡੀ ਤੋਂ ਬਾਹਰ ਨਿਕਲੀ ਅਤੇ ਸੜਕ ਜਾਮ ਨੂੰ ਲੈ ਕੇ ਮਹਾਜਨ ਤੇ ਪੁਲਸ ਅਧਿਕਾਰੀਆਂ ਨਾਲ ਭਿੜ ਪਈ। ਉਸ ਨੇ ਚੀਕ ਕੇ ਕਿਹਾ—ਇੱਥੋਂ ਦਫਾ ਹੋ ਜਾਓ। ਤੁਸੀਂ ਟ੍ਰੈਫਿਕ ਜਾਮ ਕਰ ਰਹੇ ਹੋ। ਸੜਕਾਂ ਰੋਕਣ ਦੀ ਬਜਾਏ ਰੈਲੀ ਨੇੜਲੇ ਖੁੱਲ੍ਹੇ ਮੈਦਾਨ ਵਿੱਚ ਕਿਉਂ ਨਹੀਂ ਕਰ ਸਕਦੇ। ਮੰਤਰੀ ਨੇ ਉਸ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੁਟਿਆਰ ਨੇ ਆਪਣਾ ਗੁੱਸਾ ਜਾਰੀ ਰੱਖਿਆ ਤੇ ਕਿਹਾ, ‘ਕੀ ਤੁਹਾਨੂੰ ਸਮਝ ਨਹੀਂ ਆਈ? ਤੁਹਾਨੂੰ ਕੀ ਹੋ ਗਿਆ ਹੈ? ਸੈਂਕੜੇ ਲੋਕ ਫਸੇ ਪਏ ਹਨ।’ ਘਟਨਾ ਤੋਂ ਬਾਅਦ ਜਲ ਸਰੋਤ ਮੰਤਰੀ ਗਿਰੀਸ਼ ਮਹਾਜਨ ਨੇ ਪੱਤਰਕਾਰਾਂ ਨੂੰ ਕਿਹਾ, ‘ਉਹ ਔਰਤ ਟ੍ਰੈਫਿਕ ਵਿੱਚ ਫਸਣ ਕਾਰਨ ਨਿਰਾਸ਼ ਸੀ। ਮੈਂ ਹੋਰ ਜਾਣਕਾਰੀ ਲਵਾਂਗਾ ਅਤੇ ਇਸ ‘ਤੇ ਬਾਅਦ ਵਿੱਚ ਗੱਲ ਕਰਾਂਗਾ।’ ਰੈਲੀ ਵਿੱਚ ਮਹਾਜਨ ਨੇ ਕਿਹਾ, ‘ਅੱਜ, ਕਾਂਗਰਸ ਦੇ ਖਿਲਾਫ ਮਹਿਲਾ ਸ਼ਕਤੀ ਸੜਕਾਂ ‘ਤੇ ਉਤਰ ਆਈ ਹੈ। ਦੇਸ਼ ਭਰ ਵਿੱਚ ਮਹਿਲਾ ਸ਼ਕਤੀ ਹਮਲਾਵਰ ਹੈ। ਕਾਂਗਰਸ ਨੇ ਜਿਸ ਤਰ੍ਹਾਂ ਬਿੱਲ ਦਾ ਵਿਰੋਧ ਕੀਤਾ, ਉਸ ਨਾਲ ਔਰਤਾਂ ਵਿੱਚ ਬਹੁਤ ਗੁੱਸਾ ਹੈ।’ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਹਰਸ਼ਵਰਧਨ ਸਪਕਲ ਨੇ ਮੁਟਿਆਰ ਵਾਲੀ ਵੀਡੀਓ ਕਲਿੱਪ ਸਾਂਝੀ ਕਰਕੇ ਦੋਸ਼ ਲਾਇਆ ਕਿ ਮਹਿਲਾ ਰਿਜ਼ਰਵੇਸ਼ਨ ‘ਤੇ ਭਾਜਪਾ ਦੀ ਮੁਹਿੰਮ ਨੇ ਇਸ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਉਨ੍ਹਾ ਸੱਤਾਧਾਰੀ ਪਾਰਟੀ ‘ਤੇ ਸਿਆਸੀ ਲਾਭ ਲਈ ਔਰਤਾਂ ਨੂੰ ਗੁੰਮਰਾਹ ਕਰਨ ਅਤੇ ਝੂਠੀ ਕਹਾਣੀ ਬਣਾਉਣ ਲਈ ਇਸ ਮੁੱਦੇ ਦੀ ਵਰਤੋਂ ਕਰਨ ਦਾ ਦੋਸ਼ ਲਾਇਆ।
ਮਹਾਰਾਸ਼ਟਰ ਕਾਂਗਰਸ ਦੇ ਸਾਬਕਾ ਪ੍ਰਧਾਨ ਨਾਨਾ ਪਟੋਲੇ ਨੇ ਕਿਹਾ ਕਿ ਭਾਜਪਾ ਦੇ ਡਰਾਮੇ ਕਾਰਨ ਆਮ ਨਾਗਰਿਕਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਦਾਅਵਾ ਕੀਤਾ ਕਿ ਮੁਟਿਆਰ ਦਾ ਗੁੱਸਾ ਵਧਦੀ ਜਨਤਕ ਨਿਰਾਸ਼ਾ ਨੂੰ ਦਰਸਾਉਂਦਾ ਹੈ। ਕਾਂਗਰਸੀ ਸਾਂਸਦ ਅਤੇ ਮੁੰਬਈ ਕਾਂਗਰਸ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਕਿਹਾ, ‘ਮੁਟਿਆਰ ਪਿੱਛੇ ਨਹੀਂ ਹਟੀ! ਆਮ ਲੋਕ ਹੁਣ ਭਾਜਪਾ ਦੀ ਈਵੈਂਟਬਾਜ਼ੀ ਨੂੰ ਜਾਣਦੇ ਹਨ! ਮੁਟਿਆਰ ਬੱਚੇ ਨੂੰ ਲੈਣ ਜਾ ਰਹੀ ਸੀ, ਪਰ ਭਾਜਪਾ ਵੱਲੋਂ ਸੜਕ ਜਾਮ ਕਰਨ ਕਾਰਨ ਘੰਟਿਆਂਬੱਧੀ ਫਸੀ ਰਹੀ। ਕੀ ਸੜਕਾਂ ਨੂੰ ਰੋਕਣਾ ਅਤੇ ਮਹਿਲਾ ਰਿਜ਼ਰਵੇਸ਼ਨ ‘ਤੇ ਝੂਠੀ ਕਹਾਣੀ ਫੈਲਾਉਣ ਲਈ ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਭਾਜਪਾ ਦੀ ਸੰਸਕ੍ਰਿਤੀ ਹੈ? ਮੁੰਬਈ ਦੀ ਆਮ ਮੁਟਿਆਰ ਨੇ ਭਾਜਪਾ ਮੰਤਰੀ ਅਤੇ ਵਰਕਰਾਂ ਨੂੰ ਚਲੇ ਜਾਣ ਲਈ ਕਿਹਾ ਅਤੇ ਉਨ੍ਹਾਂ ਨੂੰ ਅਸਲੀਅਤ ਦਿਖਾਈ। ਇਹੀ ਸੱਚੀ ਮਹਿਲਾ ਸ਼ਕਤੀ ਹੈ। ਪ੍ਰਚਾਰ ਲਈ ਮੁੰਬਈ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੋ। ਇੱਕ ਪਾਸੇ ਤੁਸੀਂ ਔਰਤਾਂ ਦਾ ਸਤਿਕਾਰ ਕਰਨ ਦੀ ਗੱਲ ਕਰਦੇ ਹੋ ਅਤੇ ਦੂਜੇ ਪਾਸੇ ਤੁਸੀਂ ਆਪਣੇ ਸਿਆਸੀ ਸਮਾਗਮਾਂ ਲਈ ਸੜਕਾਂ ਰੋਕਦੇ ਹੋ। ਇੱਕ ਬਹਾਦਰ ਮੁਟਿਆਰ ਨੇ ਅਜਿਹੀ ਸਿਆਸਤ ਦਾ ਸਖਤ ਜਵਾਬ ਦਿੱਤਾ ਹੈ।’ ਸੰਵਿਧਾਨ (131ਵੀਂ ਸੋਧ) ਬਿੱਲ, 2026, 17 ਅਪ੍ਰੈਲ ਨੂੰ ਲੋਕ ਸਭਾ ਵਿੱਚ ਲੋੜੀਂਦੇ ਦੋ-ਤਿਹਾਈ ਬਹੁਮਤ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿਣ ਤੋਂ ਬਾਅਦ ਭਾਜਪਾ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਵਿਰੁੱਧ ਪ੍ਰੋਟੈੱਸਟ ਕਰ ਰਹੀ ਹੈ। ਵਿਰੋਧੀ ਪਾਰਟੀਆਂ ਨੇ ਦਲੀਲ ਦਿੱਤੀ ਹੈ ਕਿ ਪ੍ਰਸਤਾਵਤ ਕਾਨੂੰਨ ਭਵਿੱਖ ਵਿੱਚ ਹੱਦਬੰਦੀ ਅਭਿਆਸ ਨਾਲ ਜੁੜਿਆ ਹੋਇਆ ਸੀ ਤੇ ਦੱਖਣੀ ਰਾਜਾਂ ਦੀ ਸੰਸਦੀ ਪ੍ਰਤੀਨਿਧਤਾ ਨੂੰ ਘਟਾ ਸਕਦਾ ਸੀ, ਜਿਸ ਕਰਕੇ ਉਨ੍ਹਾਂ ਵਿਰੋਧ ਕੀਤਾ।




