ਟਰੰਪ ਵੱਲੋਂ ਜੰਗਬੰਦੀ ‘ਚ ਅਣਮਿੱਥੇ ਸਮੇਂ ਲਈ ਵਾਧਾ
ਤਹਿਰਾਨ : ਈਰਾਨ ਦੀ ਫ਼ੌਜ ਨੇ ਹਾਰਮੁਜ਼ ਦੀ ਖਾੜੀ ਵਿੱਚ ਤਿੰਨ ਮਾਲਵਾਹਕ ਜਹਾਜ਼ਾਂ ‘ਤੇ ਗੋਲੀਬਾਰੀ ਕੀਤੀ। ਇਸ ਘਟਨਾ ਨੇ ਦੁਨੀਆ ਭਰ ਵਿੱਚ ਤੇਲ ਅਤੇ ਗੈਸ ਦੀ ਸਪਲਾਈ ਲਈ ਵੱਡਾ ਖ਼ਤਰਾ ਪੈਦਾ ਕਰ ਦਿੱਤਾ ਹੈ। ਈਰਾਨੀ ਮੀਡੀਆ ਮੁਤਾਬਕ ਰੈਵੋਲਿਊਸ਼ਨਰੀ ਗਾਰਡਜ਼ ਨੇ ਤਿੰਨ ਜਹਾਜ਼ਾਂ ‘ਤੇ ਹਮਲਾ ਕਰਕੇ ਉਨ੍ਹਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਇਨ੍ਹਾਂ ਵਿੱਚੋਂ ਦੋ ਜਹਾਜ਼ਾਂ ਦੀ ਪਛਾਣ ‘ਐੱਮ ਐੱਸ ਸੀ ਫਰਾਂਸਿਸਕਾ’ ਅਤੇ ‘ਐਪਾਮੀਨੋਡਸ’ ਵਜੋਂ ਹੋਈ ਹੈ। ਈਰਾਨ ਦਾ ਕਹਿਣਾ ਹੈ ਕਿ ਇਹ ਜਹਾਜ਼ ਚਿਤਾਵਨੀ ਦੇਣ ਦੇ ਬਾਵਜੂਦ ਨਹੀਂ ਰੁਕੇ, ਜਦ ਕਿ ਬ੍ਰਿਟਿਸ਼ ਮਿਲਟਰੀ ਅਨੁਸਾਰ ਜਹਾਜ਼ਾਂ ‘ਤੇ ਬਿਨਾਂ ਕਿਸੇ ਚਿਤਾਵਨੀ ਦੇ ਗੋਲੀਬਾਰੀ ਕੀਤੀ ਗਈ। ਅਪੁਸ਼ਟ ਰਿਪੋਰਟ ਅਨੁਸਾਰ ਐਪਾਮੀਨੋਡਸ ਲਬੇਰੀਆ ਦੇ ਝੰਡੇ ਵਾਲਾ ਮਾਲਵਾਹਕ ਜਹਾਜ਼ ਜੈਬਲੇ ਅਲੀ (ਦੁਬਈ) ਤੋਂ ਗੁਜਰਾਤ ਆ ਰਿਹਾ ਸੀ। ਹਾਰਮੁਜ਼ ਜਲ ਮਾਰਗ ਦੁਨੀਆ ਲਈ ਬਹੁਤ ਮਹੱਤਵਪੂਰਨ ਹੈ, ਕਿਉਂਕਿ ਦੁਨੀਆ ਦਾ 20 ਪ੍ਰਤੀਸ਼ਤ ਤੇਲ ਅਤੇ ਗੈਸ ਇਸੇ ਰਸਤੇ ਜਾਂਦਾ ਹੈ। ਈਰਾਨੀ ਡਿਪਲੋਮੈਟਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਅਮਰੀਕਾ ਉਨ੍ਹਾਂ ਦੀਆਂ ਬੰਦਰਗਾਹਾਂ ਤੋਂ ਪਾਬੰਦੀਆਂ ਅਤੇ ਘੇਰਾਬੰਦੀ ਨਹੀਂ ਹਟਾਉਂਦਾ, ਉਦੋਂ ਤੱਕ ਉਹ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਵਿੱਚ ਸ਼ਾਮਲ ਨਹੀਂ ਹੋਣਗੇ।
ਟਰੰਪ ਨੇ ਵਿਚੋਲਗੀ ਕਰ ਰਹੇ ਪਾਕਿਸਤਾਨ ਦੀ ਅਪੀਲ ਨੂੰ ਮੰਨਦੇ ਹੋਏ ਈਰਾਨ ਨਾਲ ਜੰਗਬੰਦੀ ਦੀ ਮਿਆਦ ਨੂੰ ਅਣਮਿੱਥੇ ਸਮੇਂ ਲਈ ਵਧਾ ਦਿੱਤਾ ਹੈ। ਟਰੰਪ ਨੇ ਕਿਹਾ ਕਿ ਇਸ ਫੈਸਲੇ ਦਾ ਮਕਸਦ ਈਰਾਨ ਦੀ ਵੰਡੀ ਹੋਈ ਲੀਡਰਸ਼ਿਪ ਨੂੰ ਕੁਝ ਹੋਰ ਸਮਾਂ ਦੇਣਾ ਹੈ, ਤਾਂ ਜੋ ਉਹ ਜੰਗ ਨੂੰ ਖ਼ਤਮ ਕਰਨ ਲਈ ਇੱਕ ਸਾਂਝਾ ਅਤੇ ਇਕਜੁੱਟ ਸ਼ਾਂਤੀ ਪ੍ਰਸਤਾਵ ਤਿਆਰ ਕਰ ਸਕਣ। ਇਹ ਨਾਟਕੀ ਐਲਾਨ 8 ਅਪਰੈਲ ਨੂੰ ਸ਼ੁਰੂ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ ਦੇ ਖ਼ਤਮ ਹੋਣ ਤੋਂ ਮਹਿਜ਼ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ ਹੈ। ਟਰੰਪ ਨੇ ਸਪੱਸ਼ਟ ਕੀਤਾ ਕਿ ਅਮਰੀਕਾ ਈਰਾਨ ‘ਤੇ ਹਮਲਾ ਕਰਨ ਤੋਂ ਉਦੋਂ ਤੱਕ ਗੁਰੇਜ਼ ਕਰੇਗਾ, ਜਦੋਂ ਤੱਕ ਉਸ ਦੀ ਲੀਡਰਸ਼ਿਪ ਗੱਲਬਾਤ ਲਈ ਇੱਕ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਈਰਾਨ ਦੀਆਂ ਬੰਦਰਗਾਹਾਂ ਦੀ ਆਰਥਿਕ ਘੇਰਾਬੰਦੀ ਬਰਕਰਾਰ ਰਹੇਗੀ। ਵੈਂਸ ਅਤੇ ਅਮਰੀਕੀ ਵਿਸ਼ੇਸ਼ ਦੂਤ ਸਟੀਵ ਵਿਟਕੌਫ ਅਤੇ ਜੇਰੇਡ ਕੁਸ਼ਨਰ ਮੰਗਲਵਾਰ ਨੂੰ ਪਾਕਿਸਤਾਨ ਦੇ ਦੌਰੇ ਉੱਤੇ ਜਾਣ ਵਾਲੇ ਸਨ, ਪਰ ਵ੍ਹਾਈਟ ਹਾਊਸ ਨੇ ਕਿਹਾ ਕਿ ਵਫ਼ਦ ਦੀ ਪਾਕਿਸਤਾਨ ਯਾਤਰਾ ਅਜੇ ਨਹੀਂ ਹੋ ਰਹੀ ਹੈ।
ਟਰੰਪ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ, ਈਰਾਨ ਦੀ ਸਰਕਾਰ ਬੁਰੀ ਤਰ੍ਹਾਂ ਖਿੰਡੀ ਹੋਈ ਹੈ, ਜਿਸ ਦੀ ਪਹਿਲਾਂ ਹੀ ਉਮੀਦ ਸੀ। ਹੁਣ ਫੀਲਡ ਮਾਰਸ਼ਲ ਆਸਿਮ ਮੁਨੀਰ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਬੇਨਤੀ ‘ਤੇ ਸਾਨੂੰ ਈਰਾਨ ‘ਤੇ ਹੋਣ ਵਾਲਾ ਹਮਲਾ ਉਦੋਂ ਤੱਕ ਰੋਕਣ ਲਈ ਕਿਹਾ ਗਿਆ ਹੈ, ਜਦੋਂ ਤੱਕ ਉਨ੍ਹਾਂ ਦੇ ਆਗੂ ਅਤੇ ਪ੍ਰਤੀਨਿਧੀ ਕੋਈ ਸਾਂਝਾ ਪ੍ਰਸਤਾਵ ਪੇਸ਼ ਨਹੀਂ ਕਰਦੇ। ਅਮਰੀਕੀ ਰਾਸ਼ਟਰਪਤੀ ਨੇ ਕਿਹਾ ‘ਇਸ ਲਈ ਫੌਜ ਨੂੰ ਘੇਰਾਬੰਦੀ ਜਾਰੀ ਰੱਖਣ ਅਤੇ ਹੋਰ ਸਾਰੇ ਮਾਮਲਿਆਂ ਵਿੱਚ ਤਿਆਰ ਤੇ ਸਮਰੱਥ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਜੰਗਬੰਦੀ ਨੂੰ ਉਦੋਂ ਤੱਕ ਵਧਾਵਾਂਗੇ, ਜਦੋਂ ਤੱਕ ਇਰਾਨ ਵੱਲੋਂ ਪ੍ਰਸਤਾਵ ਪੇਸ਼ ਨਹੀਂ ਕੀਤਾ ਜਾਂਦਾ ਅਤੇ ਗੱਲਬਾਤ ਕਿਸੇ ਅੰਤਿਮ ਨਤੀਜੇ ‘ਤੇ ਨਹੀਂ ਪਹੁੰਚ ਜਾਂਦੀ।” ਦੂਜੇ ਪਾਸੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਈਰਾਨ ਨਾਲ ਜੰਗਬੰਦੀ ਵਧਾਉਣ ਲਈ ਟਰੰਪ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਉਮੀਦ ਜਤਾਈ ਕਿ ਦੋਵੇਂ ਪੱਖ ਇਸ ਜੰਗ ਨੂੰ ਖ਼ਤਮ ਕਰਨ ਲਈ ਇੱਕ ਵੱਡਾ ਅਤੇ ਮੁਕੰਮਲ ਸ਼ਾਂਤੀ ਸਮਝੌਤਾ ਕਰਨ ਵਿੱਚ ਕਾਮਯਾਬ ਹੋਣਗੇ।




