‘ਅਪਰਾਧੀਆਂ’ ਦੀ ‘ਖੇਡ’

0
2

ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ‘ਚ 23 ਅਪ੍ਰੈਲ ਤੇ ਦੂਜੇ ਗੇੜ ‘ਚ 29 ਅਪ੍ਰੈਲ ਨੂੰ ਪੈਣ ਵਾਲੀਆਂ ਵੋਟਾਂ ਲਈ ਲੜਨ ਵਾਲੇ ਉਮੀਦਵਾਰਾਂ ਦੇ ਪਿਛੋਕੜ ਬਾਰੇ ਹੈਰਾਨਕੁੰਨ ਤੱਥ ਸਾਹਮਣੇ ਆਏ ਹਨ। ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਜ਼ (ਏ ਡੀ ਆਰ) ਦੀ ਰਿਪੋਰਟ ਮੁਤਾਬਕ ਦੋਹਾਂ ਗੇੜਾਂ ਦੇ ਲੱਗਭੱਗ 23-23 ਫੀਸਦੀ ਉਮੀਦਵਾਰਾਂ ਵਿਰੁੱਧ ਫੌਜਦਾਰੀ ਮਾਮਲੇ ਦਰਜ ਹਨ। ਅਜਿਹੇ ਪਿਛੋਕੜ ਵਾਲੇ ਉਮੀਦਵਾਰਾਂ ‘ਚ ਭਾਜਪਾ ਸਭ ਤੋਂ ਅੱਗੇ ਹੈ। ਏ ਡੀ ਆਰ ਅਤੇ ਪੱਛਮੀ ਬੰਗਾਲ ਚੋਣ ਵਾਚ ਵੱਲੋਂ ਉਮੀਦਵਾਰਾਂ ਦੇ ਹਲਫਨਾਮਿਆਂ ਦੇ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਪਹਿਲੇ ਗੇੜ ਦੇ 1475 ਉਮੀਦਵਾਰਾਂ ਵਿੱਚੋਂ 345 ਯਾਨੀ 23 ਫੀਸਦੀ ਵਿਰੁੱਧ ਫੌਜਦਾਰੀ ਮਾਮਲੇ ਹਨ। 294 ਉਮੀਦਵਾਰਾਂ ਯਾਨੀ 20 ਫੀਸਦੀ ਨੇ ਆਪਣੇ ਵਿਰੁੱਧ ਗੰਭੀਰ ਫੌਜਦਾਰੀ ਮਾਮਲੇ ਐਲਾਨੇ ਹਨ। 152 ਭਾਜਪਾ ਉਮੀਦਵਾਰਾਂ ਵਿੱਚੋਂ 96 ਯਾਨੀ 63 ਫੀਸਦੀ ਵਿਰੁੱਧ ਗੰਭੀਰ ਫੌਜਦਾਰੀ ਮਾਮਲੇ ਹਨ। ਤ੍ਰਿਣਮੂਲ ਕਾਂਗਰਸ ਦੇ 148 ਉਮੀਦਵਾਰਾਂ ਵਿੱਚੋਂ 48 ਯਾਨੀ 32 ਫੀਸਦੀ ਵਿਰੁੱਧ ਗੰਭੀਰ ਫੌਜਦਾਰੀ ਮਾਮਲੇ ਹਨ। ਗੰਭੀਰ ਫੌਜਦਾਰੀ ਮਾਮਲਿਆਂ ਦਾ ਅਰਥ ਹੈ ਕਿ ਪੰਜ ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਹੋ ਸਕਦੀ ਹੈ।
ਦੂਜੇ ਗੇੜ ਵਿੱਚ ਚੋਣ ਲੜ ਰਹੇ 1445 ਉਮੀਦਵਾਰਾਂ ਵਿੱਚੋਂ 338 ਜਾਂ ਲੱਗਭੱਗ 23 ਫੀਸਦੀ ਨੇ ਆਪਣੇ ਵਿਰੁੱਧ ਫੌਜਦਾਰੀ ਮਾਮਲੇ ਐਲਾਨੇ ਹਨ। ਇਨ੍ਹਾਂ ਵਿੱਚੋਂ 295 ਉਮੀਦਵਾਰਾਂ ਜਾਂ 20 ਫੀਸਦੀ ਵਿਰੁੱਧ ਗੰਭੀਰ ਫੌਜਦਾਰੀ ਮਾਮਲੇ ਦਰਜ ਹਨ। 16 ਉਮੀਦਵਾਰਾਂ ਨੇ ਕਤਲ ਦੇ ਮਾਮਲੇ ਐਲਾਨੇ ਹਨ, ਜਦੋਂ ਕਿ 80 ਉਮੀਦਵਾਰਾਂ ‘ਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਹਨ। ਕਈ ਉਮੀਦਵਾਰਾਂ ‘ਤੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਸੰਬੰਧਤ ਮਾਮਲੇ ਵੀ ਹਨ। ਭਾਜਪਾ ਦੇ 141 ਉਮੀਦਵਾਰਾਂ ਵਿੱਚੋਂ 102 ਯਾਨੀ 72 ਫੀਸਦੀ ਉਮੀਦਵਾਰਾਂ ਵਿਰੁੱਧ ਤੇ ਉਸ ਤੋਂ ਬਾਅਦ ਤ੍ਰਿਣਮੂਲ ਕਾਂਗਰਸ ਦੇ 142 ਉਮੀਦਵਾਰਾਂ ਵਿੱਚੋਂ 49 ਯਾਨੀ 35 ਫੀਸਦੀ ਉਮੀਦਵਾਰਾਂ ਵਿਰੁੱਧ ਫੌਜਦਾਰੀ ਮਾਮਲੇ ਦਰਜ ਹਨ। ਨੰਦੀਗ੍ਰਾਮ ‘ਚ ਸਭ ਤੋਂ ਵੱਧ ਛੇ ਉਮੀਦਵਾਰਾਂ ‘ਤੇ ਗੰਭੀਰ ਫੌਜਦਾਰੀ ਦੋਸ਼ ਹਨ। ਸੂਤੀ, ਖੇਜੂਰੀ ਅਤੇ ਭਰਤਪੁਰ ਵਿੱਚ ਪੰਜ-ਪੰਜ ਉਮੀਦਵਾਰ ਅਜਿਹੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਨੰਦੀਗ੍ਰਾਮ ਤੋਂ ਭਾਜਪਾ ਦੇ ਉਮੀਦਵਾਰ ਸੁਵੇਂਦੂ ਅਧਿਕਾਰੀ ਨੇ ਆਪਣੇ ਹਲਫਨਾਮੇ ਵਿੱਚ 29 ਕੇਸਾਂ ਦਾ ਐਲਾਨ ਕੀਤਾ ਹੈ, ਜਿਨ੍ਹਾਂ ਵਿੱਚ ਅੱਠ ਕਤਲ ਦੀ ਕੋਸ਼ਿਸ਼, ਛੇੜਛਾੜ ਅਤੇ ਔਰਤਾਂ ਵਿਰੁੱਧ ਧਮਕੀਆਂ ਦੇ ਮਾਮਲੇ ਸ਼ਾਮਲ ਹਨ। ਉਨ੍ਹਾ ਦੇ ਮੁੱਖ ਵਿਰੋਧੀ ਟੀ ਐੱਮ ਸੀ ਦੇ ਪਬਿਤਰਾ ਕਰ ਖਿਲਾਫ ਸੱਤ ਕੇਸ ਦਰਜ ਹਨ। ਸਭ ਤੋਂ ਚਿੰਤਾਜਨਕ ਗੱਲ ਇਹ ਹੈ ਕਿ 98 ਉਮੀਦਵਾਰਾਂ ਨੇ ਔਰਤਾਂ ਵਿਰੁੱਧ ਅਪਰਾਧਾਂ ਨਾਲ ਸੰਬੰਧਤ ਮਾਮਲੇ ਐਲਾਨੇ ਹਨ। ਇਨ੍ਹਾਂ ਵਿੱਚੋਂ ਛੇ ਉਮੀਦਵਾਰਾਂ ‘ਤੇ ਬਲਾਤਕਾਰ ਅਤੇ ਜਿਨਸੀ ਹਮਲੇ ਦੇ ਦੋਸ਼ ਹਨ।
ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੇ ਬਾਵਜੂਦ ਪਾਰਟੀਆਂ ਅਜੇ ਵੀ ਆਪਣੀਆਂ ਪੁਰਾਣੀਆਂ ਆਦਤਾਂ ਛੱਡਣ ਤੋਂ ਇਨਕਾਰ ਕਰ ਰਹੀਆਂ ਹਨ। ਉਹ ਫੌਜਦਾਰੀ ਪਿਛੋਕੜ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦੇ ਰਹੀਆਂ ਹਨ। ਇਸ ਤੋਂ ਸਾਫ ਪਤਾ ਲਗਦਾ ਹੈ ਕਿ ਪਾਰਟੀਆਂ ਸਾਫ-ਸੁਥਰੇ ਉਮੀਦਵਾਰਾਂ ਦੀ ਚੋਣ ਕਰਨ ਵੱਲ ਲੋੜੀਂਦਾ ਧਿਆਨ ਨਹੀਂ ਦੇ ਰਹੀਆਂ।