ਲੁਧਿਆਣਾ : ਇੱਥੋਂ ਦੇ ਸਪਰਿੰਗ ਡੇਲ ਸੀਨੀਅਰ ਸੈਕੰਡਰੀ ਸਕੂਲ ਸ਼ੇਰਪੁਰ ਤੇ ਡੀ ਏ ਵੀ ਸਕੂਲ ਬੀ ਆਰ ਐੱਸ ਨਗਰ ਤੋਂ ਇਲਾਵਾ ਦੋ ਹੋਰ ਸਕੂਲਾਂ ਨੂੰ ਵੀਰਵਾਰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਸਪਰਿੰਗ ਡੇਲ ਸਕੂਲ ਦੇ ਕਰੀਬ ਦੋ ਹਜ਼ਾਰ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਤੇ ਮਾਪਿਆਂ ਨੂੰ ਬੱਚਿਆਂ ਨੂੰ ਲਿਜਾਣ ਦਾ ਸੁਨੇਹਾ ਲਾ ਦਿੱਤਾ ਗਿਆ। ਬਠਿੰਡਾ ਦੇ ਵੀ ਚਾਰ ਨਿੱਜੀ ਸਕੂਲਾਂ ਨੂੰ ਧਮਕੀ ਭਰੇ ਈਮੇਲ ਪ੍ਰਾਪਤ ਹੋਏ। ਤਲਾਸ਼ੀ ਦੌਰਾਨ ਕੋਈ ਵੀ ਸ਼ੱਕੀ ਜਾਂ ਇਤਰਾਜ਼ਯੋਗ ਚੀਜ਼ ਨਹੀਂ ਮਿਲੀ।
‘ਲਾਰੈਂਸ ਆਫ ਪੰਜਾਬ’ ਨੂੰ ਰੋਕਣ ਲਈ ਕੇਂਦਰ ਨੂੰ ਪੱਤਰ
ਚੰਡੀਗੜ੍ਹ : ਪੰਜਾਬ ਪੁਲਸ ਨੇ ਕੇਂਦਰ ਸਰਕਾਰ ਨੂੰ ਪੱਤਰ ਲਿਖ ਕੇ ਵੈੱਬ ਸੀਰੀਜ਼ ‘ਲਾਰੈਂਸ ਆਫ ਪੰਜਾਬ’ ‘ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ ਹੈ। ਪੁਲਸ ਨੇ ਪੰਜਾਬ ਦੀ ਅਮਨ ਕਾਨੂੰਨ ਵਿਵਸਥਾ ਅਤੇ ਵਡੇਰੇ ਸਮਾਜਕ ਹਿੱਤਾਂ ਦੇ ਹਵਾਲੇ ਨਾਲ ਇਸ ਸੀਰੀਜ਼ ਦੀ ਪ੍ਰਚਾਰ ਸਮਗਰੀ ਨੂੰ ਓ ਟੀ ਟੀ ਪਲੇਟਫਾਰਮ ‘ਤੇ ਬਲੌਕ ਕਰਨ ਲਈ ਲਿਖਿਆ ਹੈ। ਇਹ ਸੀਰੀਜ਼ ਜ਼ੀ ਫਾਈਵ ‘ਤੇ 27 ਅਪਰੈਲ ਨੂੰ ਰਿਲੀਜ਼ ਹੋ ਰਹੀ ਹੈ।
ਦਸਵੀਂ ਦੀ ਡੇਟਸ਼ੀਟ ਜਾਰੀ
ਚੰਡੀਗੜ੍ਹ : ਸੀ ਬੀ ਐੱਸ ਈ ਨੇ 2026 ਲਈ 10ਵੀਂ ਜਮਾਤ ਦੀ ਦੂਜੀ ਬੋਰਡ ਪ੍ਰੀਖਿਆ 15 ਮਈ ਤੋਂ 21 ਮਈ ਤੱਕ ਕਰਾਉਣ ਦਾ ਐਲਾਨ ਕੀਤਾ ਹੈ। ਵਿਦਿਆਰਥੀਆਂ ਨੂੰ ਪ੍ਰੀਖਿਆ ਸੰਬੰਧੀ ਕੋਈ ਵੀ ਜਾਣਕਾਰੀ ਸੀ ਬੀ ਐੱਸ ਈ ਦੀ ਅਧਿਕਾਰਤ ਵੈਬਸਾਈਟ ਤੋਂ ਹੀ ਹਾਸਲ ਕਰਨ ਲਈ ਕਿਹਾ ਗਿਆ ਹੈ।




