ਅਹਿਮਦਾਬਾਦ : ਜਿਸ ਆਟੋ ਰਿਕਸ਼ਾ ਡਰਾਈਵਰ ਵਿਕਰਮ ਦਨਤਾਨੀ ਨੇ ਹਾਲ ਹੀ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਆਪਣੇ ਘਰ ਡਿਨਰ ਕਰਵਾਇਆ ਸੀ, ਨੇ ਸ਼ੁੱਕਰਵਾਰ ਕਿਹਾ ਕਿ ਉਹ ਤਾਂ ਪ੍ਰਧਾਨ ਮੰਤਰੀ ਦਾ ਬਿੱਗ ਫੈਨ ਹੈ | ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੀਟਿੰਗ ਵਿਚ ਕੇਸਰੀ ਪਟਕਾ ਬੰਨ੍ਹੀ ਨਜ਼ਰ ਆਇਆ | ਜਦੋਂ ਪੱਤਰਕਾਰਾਂ ਨੇ ਉਸ ਨਾਲ ਗੱਲ ਕੀਤੀ ਤਾਂ ਉਸਨੇ ਕਿਹਾ ਕਿ ਉਹ ਭਾਜਪਾ ਨੂੰ ਵੋਟ ਦੇਵੇਗਾ | ਉਸਨੇ ਆਮ ਆਦਮੀ ਪਾਰਟੀ ਨਾਲ ਯਾਰੀ ਦਾ ਖੰਡਨ ਕੀਤਾ ਤੇ ਕੇਜਰੀਵਾਲ ਨੂੰ ਪਸੰਦ ਕਰਨ ਦੇ ਬਿਆਨ ਤੋਂ ਵੀ ਮੁੱਕਰ ਗਿਆ | ਦਨਤਾਨੀ ਨੇ ਕਿਹਾ ਕਿ ਉਸਨੇ ਕੇਜਰੀਵਾਲ ਨੂੰ ਆਪਣੀ ਮਰਜ਼ੀ ਨਾਲ ਡਿਨਰ ‘ਤੇ ਨਹੀਂ ਸੱਦਿਆ ਸੀ | ਆਟੋ ਰਿਕਸ਼ਾ ਯੂਨੀਅਨ ਦੇ ਕਹੇ ਸੱਦਿਆ ਸੀ | ਕੇਜਰੀਵਾਲ ਨੇ ਮੁੱਖ ਮੰਤਰੀ ਦੇ ਸਕਿਉਰਟੀ ਪ੍ਰੋਟੋਕੋਲ ਦੀ ਪਰਵਾਹ ਕੀਤੇ ਬਿਨਾਂ ਦਨਤਾਨੀ ਦੇ ਘਰ 12 ਸਤੰਬਰ ਨੂੰ ਡਿਨਰ ਕੀਤਾ ਸੀ | ਉਦੋਂ ਦਨਤਾਨੀ ਨੇ ਕਿਹਾ ਸੀ ਕਿ ਉਸਨੇ ਕਿਸੇ ਦੇ ਕਹਿਣ ‘ਤੇ ਕੇਜਰੀਵਾਲ ਨੂੰ ਘਰ ਨਹੀਂ ਸੱਦਿਆ, ਮੋਹ ਨਾਲ ਸੱਦਿਆ, ਕਿਉਂਕਿ ਉਸਨੇ ਪੰਜਾਬ ਦੇ ਇਕ ਆਟੋ ਡਰਾਈਵਰ ਵੱਲੋਂ ਕੇਜਰੀਵਾਲ ਨੂੰ ਡਿਨਰ ਲਈ ਸੱਦਦੇ ਦੀ ਵੀਡੀਓ ਦੇਖੀ ਸੀ |