ਚੰਡੀਗੜ੍ਹ : ਕੈਨੇਡਾ ਦੇ ਵੁੱਡਸਟੌਕ ਵਿੱਚ ਇੱਕ ਬਜ਼ੁਰਗ ਸਿੱਖ ਵਿਅਕਤੀ ਨੂੰ ਪਰੇਸ਼ਾਨ ਅਤੇ ਉਸ ਨਾਲ ਨਸਲੀ ਵਿਤਕਰਾ ਕਰਨ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਹਰ ਪਾਸੇ ਇਸ ਘਟਨਾ ਦੀ ਨਿਖੇਧੀ ਹੋ ਰਹੀ ਹੈ। ਇਸ ਘਟਨਾ ਨੇ ਕੈਨੇਡਾ ਵਿੱਚ ਸਿੱਖਾਂ ਵਿਰੁੱਧ ਵਧ ਰਹੇ ਨਫ਼ਰਤੀ ਅਪਰਾਧਾਂ ਬਾਰੇ ਚਿੰਤਾਵਾਂ ਨੂੰ ਇੱਕ ਵਾਰ ਫਿਰ ਵਧਾ ਦਿੱਤਾ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇੱਕ ਬਜ਼ੁਰਗ ਨੂੰ ਜਨਤਕ ਥਾਂ ‘ਤੇ ਨਿਸ਼ਾਨਾ ਬਣਾਇਆ ਗਿਆ। ਇਸ ਘਟਨਾ ਤੋਂ ਬਾਅਦ ਹੁਣ ਨਸਲਵਾਦ ਅਤੇ ਵਿਤਕਰੇ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਮੰਗ ਉੱਠ ਰਹੀ ਹੈ। ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਸਾਫ਼ ਕਿਹਾ ਹੈ ਕਿ ਅਜਿਹੀ ਨਫ਼ਰਤ ਭਰੀ ਹਰਕਤ ਦੀ ਕੈਨੇਡੀਅਨ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ। ਵੁੱਡਸਟੌਕ ਪੁਲਸ ਸਰਵਿਸ ਸਮੇਤ ਸਥਾਨਕ ਅਧਿਕਾਰੀਆਂ ਨੇ ਇਸ ਘਟਨਾ ‘ਤੇ ਕਾਰਵਾਈ ਕੀਤੀ ਹੈ ਅਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਉੱਥੇ ਹੀ ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਇਹ ਸਿਰਫ਼ ਸਿੱਖਾਂ ਦਾ ਮਸਲਾ ਨਹੀਂ, ਸਗੋਂ ਇਨਸਾਨੀਅਤ ਨਾਲ ਜੁੜਿਆ ਮੁੱਦਾ ਹੈ। ਇਹ ਪ੍ਰਤੀਕਿਰਿਆਵਾਂ ਸਮਾਜ ਵਿੱਚ ਵਧ ਰਹੀ ਨਫ਼ਰਤ ਅਤੇ ਮਾੜੇ ਵਿਵਹਾਰ ਪ੍ਰਤੀ ਡੂੰਘੀ ਚਿੰਤਾ ਨੂੰ ਬਿਆਨ ਕਰਦੀਆਂ ਹਨ। 1,600 ਤੋਂ ਵੱਧ ਕੈਨੇਡੀਅਨ ਸਿੱਖਾਂ ‘ਤੇ ਕੀਤੇ ਗਏ ਸਰਵੇਖਣ ਮੁਤਾਬਕ, ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ 80 ਫੀਸਦੀ ਲੋਕ ਮੰਨਦੇ ਹਨ ਕਿ ਪਿਛਲੇ ਕੁਝ ਸਾਲਾਂ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਵਧੀ ਹੈ। ਇਸ ਦੇ ਨਾਲ ਹੀ 65 ਫੀਸਦੀ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭੱਦੀ ਸ਼ਬਦਾਵਲੀ ਜਾਂ ਜ਼ੁਬਾਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ।




