ਟਰੰਪ ਕੋਲ ਸੱਤ ਦਿਨ ਬਚੇ

0
5

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਟਰੰਪ ਕੋਲ ਈਰਾਨ ਖਿਲਾਫ ਜੰਗ ਜਾਰੀ ਰੱਖਣ ਲਈ ਸੱਤ ਦਿਨ ਬਚੇ ਹਨ। ਅਮਰੀਕੀ ਸੰਵਿਧਾਨ ਮੁਤਾਬਕ ਕਿਸੇ ਵੀ ਜੰਗ ਦੀ 60 ਦਿਨਾਂ ਦੇ ਅੰਦਰ ਸੈਨੇਟ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਜ਼ਰੂਰੀ ਹੈ। ਟਰੰਪ ਨੇ ਇੱਥੇ ਵੀ ਇੱਕ ਚਾਲ ਖੇਡੀ। ਉਸਨੇ 28 ਫਰਵਰੀ ਨੂੰ ਜੰਗ ਸ਼ੁਰੂ ਕੀਤੀ ਅਤੇ 2 ਮਾਰਚ ਨੂੰ ਸੈਨੇਟ ਨੂੰ ਸੂਚਤ ਕੀਤਾ। ਹੁਣ, ਉਸਨੂੰ 1 ਮਈ ਤੋਂ ਪਹਿਲਾਂ ਸੈਨੇਟ ਦੀ ਪ੍ਰਵਾਨਗੀ ਪ੍ਰਾਪਤ ਕਰਨੀ ਪੈਣੀ ਹੈ। ਟਰੰਪ ਰਿਪਬਲੀਕਨ ਪਾਰਟੀ ਦੇ 100 ਮੈਂਬਰੀ ਸੈਨੇਟ ਵਿੱਚ 53 ਸੈਨੇਟਰ ਹਨ, ਜਦੋਂ ਕਿ ਉਨ੍ਹਾ ਦੀ ਵਿਰੋਧੀ ਕਮਲਾ ਹੈਰਿਸ ਦੀ ਡੈਮੋਕ੍ਰੇਟਿਕ ਪਾਰਟੀ ਕੋਲ 47 ਹਨ। ਟਰੰਪ ਦੀ ਪਾਰਟੀ ਦੇ 10 ਮੈਂਬਰ ਪਹਿਲਾਂ ਹੀ ਜੰਗ ਵਿਰੁੱਧ ਬੋਲ ਚੁੱਕੇ ਹਨ, ਜਦੋਂ ਕਿ ਵਿਰੋਧੀ ਡੈਮੋਕਰੇਟ ਇੱਕਜੁੱਟ ਹਨ। ਇਸ ਕਰਕੇ ਟਰੰਪ ਹੁਣ 1 ਮਈ ਤੋਂ ਪਹਿਲਾਂ ਕਿਸੇ ਵੀ ਢੰਗ ਨਾਲ ਜੰਗ ਖਤਮ ਕਰਨਾ ਚਾਹੁੰਣਗੇ। ਕਾਨੂੰਨ 60 ਦਿਨਾਂ ਬਾਅਦ ਇੱਕ ਵਿਕਲਪ ਪ੍ਰਦਾਨ ਕਰਦਾ ਹੈ, ਜਿਸ ਤਹਿਤ ਰਾਸ਼ਟਰਪਤੀ 30 ਦਿਨਾਂ ਦਾ ਇੱਕ ਵਾਰ ਵਾਧਾ ਲੈ ਸਕਦਾ ਹੈ, ਪਰ ਸਿਰਫ ਫੌਜਾਂ ਦੀ ਸੁਰੱਖਿਅਤ ਵਾਪਸੀ ਲਈ, ਜੰਗ ਜਾਰੀ ਰੱਖਣ ਲਈ ਨਹੀਂ।
ਹਾਰਮੁਜ਼ ਜਲ ਮਾਰਗ ਵਿੱਚ ਮਾਲਵਾਹਕ ਜਹਾਜ਼ਾਂ ਦੀ ਆਵਾਜਾਈ ਲੱਗਭੱਗ ਠੱਪ ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਸਿਰਫ਼ ਪੰਜ ਜਹਾਜ਼ ਹੀ ਲੰਘੇ ਹਨ। ਇਨ੍ਹਾਂ ਵਿੱਚ ਈਰਾਨ ਦਾ ਇੱਕ ਤੇਲ ਟੈਂਕਰ ਵੀ ਸ਼ਾਮਲ ਹੈ। ਇਹ ਗਿਣਤੀ ਆਮ ਦਿਨਾਂ ਦੇ ਮੁਕਾਬਲੇ ਬਹੁਤ ਘੱਟ ਹੈ, ਕਿਉਂਕਿ 28 ਫਰਵਰੀ ਨੂੰ ਈਰਾਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਇੱਥੋਂ ਰੋਜ਼ਾਨਾ ਲੱਗਭੱਗ 140 ਜਹਾਜ਼ ਲੰਘਦੇ ਸਨ। ਅਮਰੀਕਾ ਵੱਲੋਂ ਈਰਾਨੀ ਬੰਦਰਗਾਹਾਂ ਦੀ ਕੀਤੀ ਗਈ ਨਾਕਾਬੰਦੀ ਅਤੇ ਈਰਾਨ ਵੱਲੋਂ ਜਹਾਜ਼ਾਂ ਨੂੰ ਜ਼ਬਤ ਕੀਤੇ ਜਾਣ ਕਾਰਨ ਇਹ ਰਸਤਾ ਬੇਹੱਦ ਅਸੁਰੱਖਿਅਤ ਹੋ ਗਿਆ ਹੈ। ਸਮੁੰਦਰੀ ਮਾਹਰਾਂ ਅਨੁਸਾਰ ਜ਼ਿਆਦਾਤਰ ਸ਼ਿਪਿੰਗ ਕੰਪਨੀਆਂ ਉਦੋਂ ਤੱਕ ਇਸ ਰਸਤੇ ਦੀ ਵਰਤੋਂ ਨਹੀਂ ਕਰਨਗੀਆਂ, ਜਦੋਂ ਤੱਕ ਦੋਵੇਂ ਪਾਸਿਆਂ ਤੋਂ ਜੰਗਬੰਦੀ ਅਤੇ ਸੁਰੱਖਿਆ ਦਾ ਪੱਕਾ ਭਰੋਸਾ ਨਹੀਂ ਮਿਲਦਾ। ਇਸ ਸਮੇਂ ਖਾੜੀ ਦੇ ਅੰਦਰ ਸੈਂਕੜੇ ਜਹਾਜ਼ ਅਤੇ ਲੱਗਭੱਗ 20,000 ਮਲਾਹ ਫਸੇ ਹੋਏ ਹਨ, ਜੋ ਸੁਰੱਖਿਅਤ ਬਾਹਰ ਨਿਕਲਣ ਦੇ ਇੰਤਜ਼ਾਰ ਵਿੱਚ ਹਨ।
ਰੰਪ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਵ੍ਹਾਈਟ ਹਾਊਸ ਵਿੱਚ ਹੋਈ ਇੱਕ ਉੱਚ-ਪੱਧਰੀ ਮੀਟਿੰਗ ਤੋਂ ਬਾਅਦ ਲੈਬਨਾਨ ਅਤੇ ਇਜ਼ਰਾਈਲ ਦਰਮਿਆਨ ਜੰਗਬੰਦੀ ਨੂੰ ਅਗਲੇ ਤਿੰਨ ਹਫ਼ਤਿਆਂ ਲਈ ਵਧਾ ਦਿੱਤਾ ਗਿਆ ਹੈ। ਓਵਲ ਦਫਤਰ ਵਿੱਚ ਹੋਈ ਮੀਟਿੰਗ ਵਿੱਚ ਅਮਰੀਕਾ ਦੀ ਵਿਚੋਲਗੀ ਹੇਠ ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ, ਜਿਸ ਦਾ ਮੁੱਖ ਮਕਸਦ ਖਿੱਤੇ ਵਿੱਚ ਖ਼ੂਨ-ਖ਼ਰਾਬੇ ਨੂੰ ਰੋਕਣਾ ਹੈ। ਰਾਸ਼ਟਰਪਤੀ ਟਰੰਪ ਨੇ ਇਜ਼ਰਾਈਲ ਦੇ ਰਾਜਦੂਤ ਯੇਚੀਲ ਲੀਟਰ ਅਤੇ ਲੈਬਨਾਨ ਦੀ ਰਾਜਦੂਤ ਨਾਦਾ ਮੁਆਵਦ ਨਾਲ ਮੁਲਾਕਾਤ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਲਿਖਿਆ, “ਮੀਟਿੰਗ ਬਹੁਤ ਸਾਰਥਕ ਰਹੀ! ਸੰਯੁਕਤ ਰਾਜ ਅਮਰੀਕਾ ਹਿਜ਼ਬੁੱਲ੍ਹਾ ਤੋਂ ਆਪਣੀ ਰੱਖਿਆ ਕਰਨ ਲਈ ਲੈਬਨਾਨ ਦੀ ਪੂਰੀ ਮਦਦ ਕਰੇਗਾ।”ਹਾਲਾਂਕਿ ਇਸ ਅਹਿਮ ਮੀਟਿੰਗ ਵਿੱਚ ਹਿਜ਼ਬੁੱਲ੍ਹਾ ਦਾ ਕੋਈ ਨੁਮਾਇੰਦਾ ਮੌਜੂਦ ਨਹੀਂ ਸੀ। ਈਰਾਨ ਸਮਰਥਿਤ ਇਸ ਹਥਿਆਰਬੰਦ ਜਥੇਬੰਦੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਬਜ਼ਾਧਾਰੀ ਫੌਜਾਂ ਵਿਰੁੱਧ “ਵਿਰੋਧ ਕਰਨ ਦਾ ਹੱਕ” ਰੱਖਦੇ ਹਨ। ਇਸ ਦੇ ਬਾਵਜੂਦ ਅਮਰੀਕੀ ਪ੍ਰਸ਼ਾਸਨ ਇਸ ਜੰਗਬੰਦੀ ਨੂੰ ਸਥਾਈ ਸ਼ਾਂਤੀ ਵਿੱਚ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਟਰੰਪ ਨੇ ਅੱਗੇ ਕਿਹਾ ਕਿ ਉਹ ਨੇੜ-ਭਵਿੱਖ ਵਿੱਚ ਇਜ਼ਰਾਇਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਅਤੇ ਲੈਬਨਾਨ ਦੇ ਰਾਸ਼ਟਰਪਤੀ ਜੋਸਫ਼ ਔਨ ਦੀ ਮੇਜ਼ਬਾਨੀ ਕਰਨ ਲਈ ਵੀ ਉਤਸੁਕ ਹਨ। ਫਿਲਹਾਲ, ਇਸ ਜੰਗਬੰਦੀ ਨਾਲ ਸਰਹੱਦੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।