ਗੁਰੂਸਰ ਸੁਧਾਰ : ਇੱਥੋਂ ਦੇ ਨਵੀਂ ਆਬਾਦੀ ਅਕਾਲਗੜ੍ਹ (ਸੁਧਾਰ ਬਾਜ਼ਾਰ) ਦੀ ਰਹਿਣ ਵਾਲੀ 24 ਸਾਲਾ ਅਨਮੋਲਦੀਪ ਕੌਰ ਦੀ ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਹੈ। ਅਨਮੋਲਦੀਪ ਕੌਰ ਰੋਜ਼ਾਨਾ ਵਾਂਗ ਆਪਣੇ ਕਾਲਜ ਤੋਂ ਘਰ ਦੇ ਰਸਤੇ ਵਿੱਚ ਪੈਂਦੇ ਪਾਰਕ ‘ਚ ਸੈਰ ਕਰਨ ਗਈ ਸੀ। ਇਸੇ ਦੌਰਾਨ ਇੱਕ ਬੈਂਚ ਉੱਤੇ ਬੈਠਿਆਂ ਉਹ ਅਚਾਨਕ ਬੇਹੋਸ਼ ਹੋ ਗਈ। ਪਾਰਕ ਵਿਚ ਮੌਜੂਦ ਲੋਕਾਂ ਨੇ ਜਦੋਂ ਉਸ ਨੂੰ ਦੇਖਿਆ ਤਾਂ ਉਸ ਦੇ ਸਾਹ ਰੁਕ ਚੁੱਕੇ ਸਨ। ਸੂਚਨਾ ਮਿਲਣ ਉਪਰੰਤ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਨਮੋਲਦੀਪ ਦੇ ਪਿਤਾ ਸਾਬਕਾ ਫੌਜੀ ਸੂਬੇਦਾਰ ਪਰਮਿੰਦਰ ਸਿੰਘ ਅਨੁਸਾਰ ਉਨ੍ਹਾਂ ਦੀ ਧੀ 2021 ਵਿਚ ਕੈਨੇਡਾ ਪੜ੍ਹਾਈ ਲਈ ਗਈ ਸੀ ਅਤੇ ਉਹ ਉੱਥੇ ਬੱਚਿਆਂ ਦੀ ਦੇਖਭਾਲ ਦਾ ਕੰਮ ਵੀ ਕਰਦੀ ਸੀ। ਉਨ੍ਹਾਂ ਦੱਸਿਆ ਕਿ ਅਨਮੋਲਦੀਪ ਵੱਲੋਂ ਪਿਛਲੇ ਸਾਲ ਸਥਾਈ ਨਿਵਾਸ (ਪੀ ਆਰ) ਲਈ ਦਿੱਤੀ ਅਰਜ਼ੀ ਹਾਲੇ ਵਿਚਾਰ ਅਧੀਨ ਸੀ। ਸੂਬੇਦਾਰ ਅਨੁਸਾਰ ਅਨਮੋਲਦੀਪ ਦੀ ਮਾਤਾ ਅਮਰਦੀਪ ਕੌਰ ਆਪਣੀ ਧੀ ਨੂੰ ਮਿਲਣ ਜਾਣ ਦੀ ਤਿਆਰੀ ਕਰ ਰਹੀ ਸੀ। ਅਨਮੋਲਦੀਪ ਦਾ ਭਰਾ ਦਿਲਪ੍ਰੀਤ ਸਿੰਘ ਅਮਰੀਕਾ ਵਿਚ ਰਹਿੰਦਾ ਹੈ ਅਤੇ ਉਹ ਕੈਨੇਡਾ ਪੁਲਸ ਨਾਲ ਸੰਪਰਕ ਵਿਚ ਹੈ। ਅਨਮੋਲਦੀਪ ਕੌਰ ਦਾ ਪਰਵਾਰ ਮੂਲ ਰੂਪ ਵਿਚ ਪਿੰਡ ਮਾਣੂਕੇ ਦਾ ਰਹਿਣ ਵਾਲਾ ਹੈ।




