ਝੁਮਕਾ ਗਿਰਾ ਰੇ…

0
4

ਰੋਮ : ਇਟਲੀ ਦੀ ਸਿਆਸਤ ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਇੱਕ ਅਜੀਬ, ਪਰ ਦਿਲਚਸਪ ਬੌਲੀਵੁੱਡ ਮੋੜ ਦੇਖਣ ਨੂੰ ਮਿਲਿਆ, ਜਦੋਂ ਉੱਥੋਂ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਆਪਣੇ ਸੋਸ਼ਲ ਮੀਡੀਆ ‘ਤੇ ਇੱਕ ਖ਼ਾਸ ਸੈਲਫੀ ਸਾਂਝੀ ਕੀਤੀ। ਇਸ ਤਸਵੀਰ ਵਿੱਚ ਮੇਲੋਨੀ ਨੇ ਵੱਡੇ ਅਤੇ ਖ਼ੂਬਸੂਰਤ ਭਾਰਤੀ ਸਟਾਈਲ ਦੇ ‘ਝੁਮਕੇ’ ਪਾਏ ਹੋਏ ਸਨ, ਜਿਸ ਨੂੰ ਦੇਖ ਕੇ ਭਾਰਤੀ ਸੋਸ਼ਲ ਮੀਡੀਆ ਯੂਜ਼ਰਸ ਨੇ ਇਸ ਦੀ ਤੁਲਨਾ ਮਸ਼ਹੂਰ ਗਾਣੇ ‘ਝੁਮਕਾ ਗਿਰਾ ਰੇ…’ ਨਾਲ ਕਰਨੀ ਸ਼ੁਰੂ ਕਰ ਦਿੱਤੀ। ਗਹਿਣਿਆਂ ਪਿੱਛੇ ਲੁਕਿਆ ਤਿੱਖਾ ਸਿਆਸੀ ਵਾਰ ਹਾਲਾਂਕਿ ਇਹ ਸਿਰਫ਼ ਇੱਕ ਫੈਸ਼ਨ ਸਟੇਟਮੈਂਟ ਨਹੀਂ ਸੀ, ਸਗੋਂ ਇਸ ਪਿੱਛੇ ਇੱਕ ਡੂੰਘਾ ਸਿਆਸੀ ਸੁਨੇਹਾ ਲੁਕਿਆ ਹੋਇਆ ਸੀ। ਮੇਲੋਨੀ ਨੇ ਇਹ ਪੋਸਟ ਰੂਸੀ ਪ੍ਰਚਾਰਕ ਵਲਾਦੀਮੀਰ ਸੋਲੋਵਯੇਵ ਵੱਲੋਂ ਕੀਤੀ ਗਈ ਨਿੱਜੀ ਬਿਆਨਬਾਜ਼ੀ ਦੇ ਜਵਾਬ ਵਿੱਚ ਪਾਈ ਹੈ। ਸੋਲੋਵਯੇਵ ਨੇ ਮੇਲੋਨੀ ਨੂੰ “ਇਨਸਾਨੀਅਤ ਲਈ ਕਲੰਕ, “ਜੰਗਲੀ ਜਾਨਵਰ” ਅਤੇ “ਪ੍ਰਮਾਣਿਤ ਮੂਰਖ” ਵਰਗੇ ਅਪਮਾਨਜਨਕ ਸ਼ਬਦਾਂ ਨਾਲ ਨਿਵਾਜਿਆ ਸੀ। ਇਸ ਦੇ ਜਵਾਬ ਵਿੱਚ ਮੇਲੋਨੀ ਨੇ ਲਿਖਿਆ, “ਇੱਕ ਪ੍ਰਚਾਰਕ ਸਾਨੂੰ ਆਜ਼ਾਦੀ ਦਾ ਪਾਠ ਨਹੀਂ ਪੜ੍ਹਾ ਸਕਦਾ। ਅਜਿਹੀਆਂ ਟਿੱਪਣੀਆਂ ਸਾਡਾ ਰਸਤਾ ਨਹੀਂ ਬਦਲ ਸਕਦੀਆਂ।”ਟਰੰਪ ਦੀ ਨਾਰਾਜ਼ਗੀ ਅਤੇ ‘ਨੋ ਮਾਸਟਰ’ ਨੀਤੀ ਇਹ ਵਿਵਾਦ ਉਸ ਵੇਲੇ ਵਧਿਆ ਜਦੋਂ ਇਟਲੀ ਨੇ ਹਾਰਮੁਜ਼ ਜਲਡਮਰੂ ਵਿੱਚ ਅਮਰੀਕਾ ਦੀ ਅਗਵਾਈ ਵਾਲੇ ਜਲ ਸੈਨਾ ਗੱਠਜੋੜ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੇਲੋਨੀ ਦੇ ਇਸ ਫੈਸਲੇ ‘ਤੇ ਹੈਰਾਨੀ ਜਤਾਉਂਦਿਆਂ ਉਨ੍ਹਾਂ ਦੀ “ਹਿੰਮਤ ਦੀ ਕਮੀ” ‘ਤੇ ਸਵਾਲ ਚੁੱਕੇ ਸਨ। ਟਰੰਪ ਦੀ ਇਸ ਆਲੋਚਨਾ ਦਾ ਜਵਾਬ ਦਿੰਦਿਆਂ ਮੇਲੋਨੀ ਨੇ ਸਾਫ਼ ਸ਼ਬਦਾਂ ਵਿੱਚ ਲਿਖਿਆ, “ਅਸੀਂ ਕਿਸੇ ਦੇ ਹੁਕਮਾਂ ‘ਤੇ ਨਹੀਂ ਚੱਲਦੇ । ਸਾਡਾ ਇੱਕੋ-ਇੱਕ ਮਕਸਦ ਇਟਲੀ ਦਾ ਹਿੱਤ ਹੈ।” ਭਾਰਤੀ ਪ੍ਰਸ਼ੰਸਕਾਂ ਦਾ ਪੂਰਾ ਧਿਆਨ ਮੇਲੋਨੀ ਦੇ ਲਟਕਣ ਵਾਲੇ ‘ਝੁਮਕਿਆਂ’ ਅਤੇ ਛੋਟੇ-ਛੋਟੇ ‘ਘੁੰਗਰੂਆਂ’ ‘ਤੇ ਰਿਹਾ। ਸੋਸ਼ਲ ਮੀਡੀਆ ‘ਤੇ ”ਬਹੁਤ ਸੁੰਦਰ!” ਅਤੇ ”ਮਾਰ ਡਾਲਾ” ਵਰਗੇ ਕਮੈਂਟਸ ਦਾ ਹੜ੍ਹ ਆ ਗਿਆ। ਭਾਰਤੀ ਯੂਜ਼ਰਸ ਨੇ ਜਿੱਥੇ ਉਨ੍ਹਾਂ ਦੇ ਇਸ ਦੇਸੀ ਅੰਦਾਜ਼ ਦੀ ਤਾਰੀਫ਼ ਕੀਤੀ, ਉੱਥੇ ਹੀ ਮੇਲੋਨੀ ਨੇ ਇਹ ਸਾਬਤ ਕਰ ਦਿੱਤਾ ਕਿ ਕੌਮਾਂਤਰੀ ਦਬਾਅ ਦੇ ਵਿਚਕਾਰ ਵੀ ਉਹ ਆਪਣੀ ਸ਼ੈਲੀ ਅਤੇ ਅੰਦਾਜ਼ ‘ਤੇ ਕਾਇਮ ਹਨ।