ਚੰਡੀਗੜ੍ਹ : ‘ਆਪ’ ਦੇ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਐਤਵਾਰ ਦਾਅਵਾ ਕੀਤਾ ਕਿ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ, ਜੋ ਸ਼ੁੱਕਰਵਾਰ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ ਸੱਤ ਸੰਸਦ ਮੈਂਬਰਾਂ ਵਿੱਚੋਂ ਇੱਕ ਹਨ, ਨੇ ਉਨ੍ਹਾ ਨੂੰ ‘ਆਜ਼ਾਦ ਗਰੁੱਪ’ ਵਿੱਚ ਸ਼ਾਮਲ ਹੋਣ ਲਈ ਸੰਪਰਕ ਕੀਤਾ ਸੀ, ਪਰ ਉਨ੍ਹਾ ਇਨਕਾਰ ਕਰ ਦਿੱਤਾ। ਸਾਹਨੀ ਨੇ ਉਨ੍ਹਾ ਨੂੰ ਕਿਹਾ ਕਿ ਪੰਜਾਬ ਦੇ ਮੁੱਦੇ ਚੁੱਕਣ ਲਈ ਇੱਕ ‘ਆਜ਼ਾਦ ਗਰੁੱਪ’ ਬਣਾਇਆ ਜਾ ਰਿਹਾ ਹੈ, ਪਰ ਸੀਚੇਵਾਲ ਨੇ ਸਪੱਸ਼ਟ ਕਰ ਦਿੱਤਾ ਕਿ ਉਨ੍ਹਾ ਦਾ ਅਜਿਹੇ ਕਿਸੇ ਗਰੁੱਪ ਵਿੱਚ ਸ਼ਾਮਲ ਹੋਣ ਦਾ ਕੋਈ ਇਰਾਦਾ ਨਹੀਂ।
ਵਾਤਾਵਰਣ ਪ੍ਰੇਮੀ ਅਤੇ ਪੰਜਾਬ ਤੋਂ ‘ਆਪ’ ਦੇ ਰਾਜ ਸਭਾ ਮੈਂਬਰ ਸੀਚੇਵਾਲ ਨੇ ਸੱਤ ਸੰਸਦ ਮੈਂਬਰਾਂ ਵੱਲੋਂ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਛੱਡਣ ਦੇ ਅਚਾਨਕ ਫੈਸਲੇ ‘ਤੇ ਦੁੱਖ ਪ੍ਰਗਟ ਕੀਤਾ। ਉਨ੍ਹਾ ਕਿਹਾ ਕਿ ਇਨ੍ਹਾਂ ਮੈਂਬਰਾਂ ਨੇ ਪਾਰਟੀ ਨਾਲ ਧੋਖਾ ਕੀਤਾ ਹੈ, ਜਿਸ ਨੇ ਉਨ੍ਹਾਂ ਨੂੰ ਪੰਜਾਬ ਦੇ ਮੁੱਦੇ ਚੁੱਕਣ ਲਈ ਉਪਰਲੇ ਸਦਨ ਵਿੱਚ ਭੇਜਿਆ ਸੀ। ਸੀਚੇਵਾਲ ਨੇ ਰਾਘਵ ਚੱਢਾ ਅਤੇ ਸੰਦੀਪ ਪਾਠਕ ‘ਤੇ ਵੀ ਨਿਸ਼ਾਨਾ ਸੇਧਿਆ ਅਤੇ ਕਿਹਾ ਕਿ ਉਨ੍ਹਾਂ ਪੰਜਾਬ ਵਿੱਚ ਸਾਰੀਆਂ ਸ਼ਕਤੀਆਂ ਦਾ ਆਨੰਦ ਮਾਣਿਆ। ਉਨ੍ਹਾ ਇਹ ਵੀ ਦਾਅਵਾ ਕੀਤਾ ਕਿ ਉਨ੍ਹਾ ਨੂੰ ਕਦੇ ਵੀ ਸਦਨ ਵਿੱਚ ਕਿਸੇ ਬਿੱਲ ‘ਤੇ ਬੋਲਣ ਨਹੀਂ ਦਿੱਤਾ ਗਿਆ, ਕਿਉਂਕਿ ਹਮੇਸ਼ਾ ਚੱਢਾ ਅਤੇ ਪਾਠਕ ਹੀ ਬੋਲਦੇ ਸਨ ਅਤੇ ਉਹ ਸਿਰਫ਼ ਜ਼ੀਰੋ ਆਵਰ ਦੌਰਾਨ ਹੀ ਮੁੱਦੇ ਚੁੱਕਦੇ ਸਨ।



