ਲੁਧਿਆਣਾ : ਯੂਨਾਈਟਿਡ ਫ਼ਰੰਟ ਆਫ਼ ਟ੍ਰੇਡ ਯੂਨੀਅਨਜ਼ ਲੁਧਿਆਣਾ ਵਿੱਚ ਸ਼ਾਮਲ ਏਟਕ, ਸੀਟੂ, ਸੀ ਟੀ ਯੂ ਪੰਜਾਬ, ਇੰਟਕ, ਐਕਟੂ ਅਤੇ ਹੋਰ ਜਨਤਕ ਜਥੇਬੰਦੀਆਂ ਅਤੇ ਯੂਨੀਅਨਾਂ ਵੱਲੋਂ ਐਤਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਸਾਂਝੀ ਕਨਵੈਨਸ਼ਨ ਕੀਤੀ ਗਈ। ਇਸ ਦੇ ਪ੍ਰਧਾਨਗੀ ਮੰਡਲ ਵਿੱਚ ਗੁਰਜੀਤ ਸਿੰਘ ਜਗਪਾਲ, ਵਿਜੇ ਕੁਮਾਰ ਅਤੇ ਪਰਮਜੀਤ ਸਿੰਘ ਸ਼ਾਮਲ ਸਨ।
ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਪਿਛਲੇ 150 ਸਾਲਾਂ ਵਿੱਚ ਪ੍ਰਾਪਤ ਕੀਤੇ ਹੋਏ ਕਾਨੂੰਨ ਰੱਦ ਕਰਕੇ ਚਾਰ ਲੇਬਰ ਕੋਡ ਬਣਾਏ ਹਨ, ਜਿਸ ਦਾ ਫਾਇਦਾ ਕਾਰਪੋਰੇਟ ਘਰਾਣਿਆਂ ਨੂੰ ਤੇ ਵੱਡੇ ਸਰਮਾਏਦਾਰਾਂ ਨੂੰ ਹੋਣਾ ਹੈ। ਮਜ਼ਦੂਰ ਜੋ ਪਹਿਲਾਂ ਹੀ ਇਸ ਵਧ ਰਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਕਰਕੇ ਹਾਸ਼ੀਏ ‘ਤੇ ਆਏ ਹੋਏ ਹਨ, ਉਹਨਾਂ ਦੀ ਹਾਲਤ ਹੋਰ ਵੀ ਬਦਤਰ ਹੋ ਜਾਏਗੀ। ਸਾਥੀਆਂ ਨੇ ਪ੍ਰਣ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਨੂੰ ਤੇਜ਼ ਕੀਤਾ ਜਾਏਗਾ ਅਤੇ ਕਿਸੇ ਵੀ ਹਾਲਤ ਵਿੱਚ ਚਾਰ ਲੇਬਰ ਕੋਡ ਲਾਗੂ ਨਹੀਂ ਹੋਣ ਦਿੱਤੇ ਜਾਣਗੇ।
ਕਨਵੈਨਸ਼ਨ ਨੇ ਨੋਇਡਾ ਮਨੇਸਰ ਤੇ ਹੋਰ ਥਾਵਾਂ ‘ਤੇ ਸਰਕਾਰ ਵੱਲੋਂ ਮਜ਼ਦੂਰਾਂ ‘ਤੇ ਹੋਏ ਤਸ਼ੱਦਦ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ। ਕਨਵੈਨਸ਼ਨ ਨੇ ਯੂ ਪੀ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਜੋਗੀ ਵੱਲੋਂ ਪਹਿਲੀ ਮਈ ਦਿਵਸ ‘ਤੇ ਮਜ਼ਦੂਰਾਂ ਦੇ ਇਕੱਠਾਂ ਨੂੰ ਰੋਕਣ ਬਾਰੇ ਬਿਆਨ ਦੀ ਵੀ ਨਿਖੇਧੀ ਕੀਤੀ ।
ਸੰਬੋਧਨ ਕਰਨ ਵਾਲਿਆਂ ਵਿੱਚ ਜਤਿੰਦਰ, ਜੈ ਪ੍ਰਕਾਸ਼ ਨਰਾਇਣ, ਅਮਰਨਾਥ ਕੂੰਮ ਕਲਾਂ, ਨੀਰਜ, ਕਾਮੇਸ਼ਵਰ ਯਾਦਵ, ਡੀ ਪੀ ਮੌੜ, ਗੁਰਜੀਤ ਸਿੰਘ ਜਗਪਾਲ, ਕਾਮਰੇਡ ਐੱਮ ਐੱਸ ਭਾਟੀਆ, ਸੁਖਵਿੰਦਰ ਸਿੰਘ ਲੋਟੇ, ਜਗਦੀਸ਼ ਚੰਦ, ਸਰਬਜੀਤ ਸਿੰਘ ਸਰਹਾਲੀ, ਵਿਜੇ ਕੁਮਾਰ, ਰਮੇਸ਼ ਰਤਨ, ਰਾਮ ਲਾਲ, ਪਰਮਜੀਤ ਸਿੰਘ, ਕੇਵਲ ਸਿੰਘ ਬਨਵੈਤ, ਬਲਰਾਮ, ਹਰਜਿੰਦਰ ਸਿੰਘ, ਨਰੇਸ਼ ਗੌੜ, ਮਾਸਟਰ ਫਿਰੋਜ਼, ਤਹਿਸੀਲਦਾਰ ਅਜੀਤ ਕੁਮਾਰ, ਮਹੀਪਾਲ, ਸ਼ਾਮਲ ਸਨ।
ਸੰਯੁਕਤ ਕਿਸਾਨ ਮੋਰਚੇ ਦੇ ਆਗੂ ਕਾਮਰੇਡ ਰਘਵੀਰ ਸਿੰਘ ਬੈਨੀਪਾਲ ਨੇ ਉਚੇਚੇ ਤੌਰ ‘ਤੇ ਪਹੁੰਚ ਕੇ ਮੰਗਾਂ ਦਾ ਸਮਰਥਨ ਕੀਤਾ। ਇਸ ਮੌਕੇ ਕਾਮਰੇਡ ਕਸਤੂਰੀ ਨੇ ਇਨਕਲਾਬੀ ਗੀਤ ਗਾਏ।



