ਟਰੰਪ ਦੇ ਡਿਨਰ ਦੌਰਾਨ ਗੋਲੀਬਾਰੀ, ਹਮਲਾਵਰ ਕਾਬੂ

0
4

ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸ਼ਨੀਵਾਰ ਰਾਤ ਉਸ ਸਮੇਂ ਵਾਲ-ਵਾਲ ਬਚ ਗਏ, ਜਦੋਂ ਵ੍ਹਾਈਟ ਹਾਊਸ ਕਾਰਸਪੋਂਡੈਂਟਸ ਐਸੋਸੀਏਸ਼ਨ ਦੇ ਸਾਲਾਨਾ ਰਾਤਰੀ ਭੋਜ (ਡਿਨਰ) ਦੌਰਾਨ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਸ ਘਟਨਾ ਤੋਂ ਤੁਰੰਤ ਬਾਅਦ ਰਾਸ਼ਟਰਪਤੀ ਅਤੇ ਦੇਸ਼ ਦੇ ਹੋਰ ਉੱਚ ਨੇਤਾਵਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਪਹੁੰਚਾਇਆ ਗਿਆ। ਹਾਲਾਂਕਿ ਇਸ ਹਮਲੇ ਵਿੱਚ ਰਾਸ਼ਟਰਪਤੀ ਨੂੰ ਕੋਈ ਸੱਟ ਨਹੀਂ ਲੱਗੀ, ਪਰ ਭਾਜੜ ਦੌਰਾਨ ਮੰਚ ਤੋਂ ਉਤਰਦੇ ਸਮੇਂ ਉਹ ਮਾਮੂਲੀ ਲੜਖੜਾ ਗਏ ਸਨ, ਜਿਨ੍ਹਾਂ ਨੂੰ ਸੀਕਰੇਟ ਸਰਵਿਸ ਦੇ ਏਜੰਟਾਂ ਨੇ ਤੁਰੰਤ ਸੰਭਾਲ ਲਿਆ। ਵਾਸ਼ਿੰਗਟਨ ਹਿਲਟਨ ਹੋਟਲ ਦੇ ਹਾਲ ਵਿੱਚ ਜਦੋਂ ਸੈਂਕੜੇ ਪੱਤਰਕਾਰ ਅਤੇ ਮਹਿਮਾਨ ਰਾਤਰੀ ਭੋਜ ਦਾ ਅਨੰਦ ਲੈ ਰਹੇ ਸਨ, ਤਾਂ ਅਚਾਨਕ ਬਾਹਰ ਗੋਲੀਬਾਰੀ ਹੋਣ ਦੀ ਖ਼ਬਰ ਆਈ। ਸੁਰੱਖਿਆ ਅਧਿਕਾਰੀਆਂ ਅਨੁਸਾਰ ਇੱਕ ਹਮਲਾਵਰ ਨੇ ਗੋਲੀਆਂ ਚਲਾਈਆਂ। ਘਟਨਾ ਤੋਂ ਤੁਰੰਤ ਬਾਅਦ ਪੂਰੇ ਹਾਲ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੁਰੱਖਿਆ ਕਰਮੀਆਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਇਸ ਦੌਰਾਨ ਇਕ ਪੁਲਸ ਮੁਲਾਜ਼ਮ ਨੂੰ ਵੀ ਗੋਲੀ ਲੱਗੀ, ਪਰ ਬੁਲੇਟ-ਪਰੂਫ ਜੈਕਟ ਹੋਣ ਕਾਰਨ ਉਸ ਦੀ ਜਾਨ ਬਚ ਗਈ। ਹਾਲ ਦੇ ਅੰਦਰ ਮੌਜੂਦ ਚਸ਼ਮਦੀਦਾਂ ਅਨੁਸਾਰ, ਗੋਲੀਆਂ ਦੀ ਆਵਾਜ਼ ਸੁਣਦੇ ਹੀ ਮਹਿਮਾਨਾਂ ਵਿੱਚ ਚੀਕ-ਚਿਹਾੜਾ ਪੈ ਗਿਆ ਅਤੇ ਲੋਕ ਆਪਣੀ ਜਾਨ ਬਚਾਉਣ ਲਈ ਮੇਜ਼ਾਂ ਦੇ ਹੇਠਾਂ ਲੁਕ ਗਏ। ਜਦੋਂ ਸੀਕਰੇਟ ਸਰਵਿਸ ਦੇ ਏਜੰਟ ਰਾਸ਼ਟਰਪਤੀ ਟਰੰਪ ਨੂੰ ਬਾਹਰ ਲੈ ਕੇ ਜਾ ਰਹੇ ਸਨ, ਤਾਂ ਹਾਲ ਦੇ ਇੱਕ ਕੋਨੇ ਤੋਂ ‘ਗੌਡ ਬਲੈੱਸ ਅਮਰੀਕਾ’ ਦੇ ਨਾਅਰੇ ਵੀ ਗੂੰਜੇ। ਘਟਨਾ ਦੇ ਗੰਭੀਰ ਰੁਖ਼ ਨੂੰ ਦੇਖਦੇ ਹੋਏ ਸਮਾਗਮ ਨੂੰ ਰੱਦ ਕਰ ਦਿੱਤਾ ਗਿਆ। ਐਸੋਸੀਏਸ਼ਨ ਦੀ ਪ੍ਰਧਾਨ ਵੇਜੀਆ ਜਿਆਂਗ ਨੇ ਕਿਹਾ ਕਿ ਇਹ ਪ੍ਰੋਗਰਾਮ ਦੁਬਾਰਾ ਕਰਵਾਇਆ ਜਾਵੇਗਾ। ਫਿਲਹਾਲ ਪੁਲਸ ਅਤੇ ਜਾਂਚ ਏਜੰਸੀਆਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ।
ਇਸੇ ਦੌਰਾਨ ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਪ੍ਰਤੀਤ ਹੁੰਦਾ ਹੈ ਕਿ ਕੈਲੀਫੋਰਨੀਆ ਦੇ ਰਹਿਣ ਵਾਲੇ ਜਿਸ ਵਿਅਕਤੀ ਨੂੰ ਸ਼ਨਿੱਚਰਵਾਰ ਨੂੰ ਵ੍ਹਾਈਟ ਹਾਊਸ ਪੱਤਰਕਾਰਾਂ ਦੇ ਰਾਤਰੀ ਭੋਜ ਸਮਾਗਮ ਵਿੱਚ ਗੋਲੀਬਾਰੀ ਦੇ ਦੋਸ਼ ਵਿੱਚ ਫੜਿਆ ਗਿਆ ਹੈ, ਉਹ ਕਾਫੀ ਪੜ੍ਹਿਆ-ਲਿਖਿਆ ਹੈ ਅਤੇ ਪੇਸ਼ੇ ਤੋਂ ਇੱਕ ਅਧਿਆਪਕ ਹੋਣ ਦੇ ਨਾਲ-ਨਾਲ ਵੀਡੀਓ ਗੇਮ ਡਿਵੈਲਪਰ ਵੀ ਹੈ। ਕੈਲੀਫੋਰਨੀਆ ਦੇ ਟੋਰੈਂਸ ਸ਼ਹਿਰ ਦੇ ਰਹਿਣ ਵਾਲੇ 31 ਸਾਲਾ ਕੋਲ ਟੋਮਾਸ ਐਲਨ ਨੇ 2017 ਵਿੱਚ ਪਾਸਾਡੇਨਾ ਦੇ ਕੈਲੀਫੋਰਨੀਆ ਇੰਸਟੀਚਿਊਟ ਆਫ਼ ਟੈਕਨਾਲੋਜੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕੀਤੀ ਸੀ। ਉਸ ਨੇ ਲਿੰਕਡਇਨ ਉੱਤੇ ਦੱਸਿਆ ਸੀ ਕਿ ਕਾਲਜ ਦੇ ਦਿਨਾਂ ਦੌਰਾਨ ਉਹ ਇੱਕ ਈਸਾਈ ਵਿਦਿਆਰਥੀ ਗਰੁੱਪ ਦਾ ਹਿੱਸਾ ਸੀ ਅਤੇ ਇੱਕ ਅਜਿਹੇ ਕੈਂਪਸ ਗਰੁੱਪ ਵਿੱਚ ਵੀ ਸ਼ਾਮਲ ਸੀ, ਜੋ ਨਰਫ ਗਨ (ਖਿਡੌਣਾ ਬੰਦੂਕਾਂ) ਨਾਲ ਮੁਕਾਬਲੇ ਕਰਦਾ ਸੀ। ਫੈਡਰਲ ਚੋਣ ਵਿੱਤ ਰਿਕਾਰਡ ਅਨੁਸਾਰ, ਐਲਨ ਨੇ 2024 ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਦੌਰਾਨ ਕਮਲਾ ਹੈਰਿਸ ਦੇ ਸਮਰਥਨ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਰਾਜਨੀਤਿਕ ਐਕਸ਼ਨ ਕਮੇਟੀ ਨੂੰ 25 ਅਮਰੀਕੀ ਡਾਲਰ ਦਾ ਯੋਗਦਾਨ ਦਿੱਤਾ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਰਾਹੀਂ ਕਿਹਾ ਕਿ ਲੋਕਤੰਤਰ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ ਅਤੇ ਇਸ ਦੀ ਸਖ਼ਤ ਨਿਖੇਧੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅਮਰੀਕੀ ਆਗੂਆਂ ਦੀ ਚੰਗੀ ਸਿਹਤ ਅਤੇ ਸੁਰੱਖਿਆ ਲਈ ਆਪਣੀਆਂ ਸ਼ੁੱਭਕਾਮਨਾਵਾਂ ਵੀ ਭੇਜੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ, ਮੈਕਸੀਕੋ ਦੀ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ, ਆਸਟਰੇਲਿਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਤੇ ਵੈਨੇਜ਼ੁਏਲਾ ਦੀ ਕਾਰਜਕਾਰੀ ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਨੇ ਵੀ ਟਰੰਪ ‘ਤੇ ਹੋਏ ਹਮਲੇ ਦੀ ਨਿਖੇਧੀ ਕੀਤੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਵੀ ਸੋਸ਼ਲ ਮੀਡੀਆ ‘ਤੇ ਘਟਨਾ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਹ ਖ਼ਬਰ ਸੁਣ ਕੇ ਉਹ ਕਾਫ਼ੀ ਹੈਰਾਨ ਹਨ।