ਨਵੀਂ ਦਿੱਲੀ : ਹਥਿਆਰਾਂ ਦੀ ਨਿਗਰਾਨੀ ਕਰਨ ਵਾਲੀ ਸੰਸਥਾ ਸਟਾਕਹੋਮ ਕੌਮਾਂਤਰੀ ਪੀਸ ਰਿਸਰਚ ਇੰਸਟੀਚਿਊਟ (ਐੱਸ ਆਈ ਪੀ ਆਰ ਆਈ) ਵੱਲੋਂ ਸੋਮਵਾਰ ਜਾਰੀ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਸਾਲ 2025 ਵਿੱਚ ਭਾਰਤ ਦੁਨੀਆ ਦਾ ਪੰਜਵਾਂ ਸਭ ਤੋਂ ਵੱਧ ਫੌਜੀ ਖਰਚਾ ਕਰਨ ਵਾਲਾ ਦੇਸ਼ ਰਿਹਾ ਹੈ। ਭਾਰਤ ਨੇ ਆਪਣੇ ਫੌਜੀ ਬਜਟ ਵਿੱਚ 8.9 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਹੁਣ ਇਹ ਕੁੱਲ ਖਰਚਾ 92.1 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਰਿਪੋਰਟ ਮੁਤਾਬਕ ਸਾਲ 2025 ਵਿੱਚ ਦੁਨੀਆ ਦਾ ਕੁੱਲ ਫੌਜੀ ਖਰਚਾ ਵਧ ਕੇ 2887 ਅਰਬ ਡਾਲਰ ਹੋ ਗਿਆ ਹੈ। ਇਹ ਲਗਾਤਾਰ 11ਵਾਂ ਸਾਲ ਹੈ ਜਦੋਂ ਫੌਜੀ ਖਰਚਿਆਂ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਰਿਪੋਰਟ ਅਨੁਸਾਰ, 2025 ਵਿੱਚ ਸਭ ਤੋਂ ਵੱਧ ਖਰਚਾ ਕਰਨ ਵਾਲੇ ਪੰਜ ਪ੍ਰਮੁੱਖ ਦੇਸ਼ ਅਮਰੀਕਾ, ਚੀਨ, ਰੂਸ, ਜਰਮਨੀ ਅਤੇ ਭਾਰਤ ਹਨ। ਇਹ ਪੰਜੇ ਦੇਸ਼ ਮਿਲ ਕੇ ਪੂਰੀ ਦੁਨੀਆ ਦੇ ਕੁੱਲ ਫੌਜੀ ਖਰਚੇ ਦਾ 58 ਫੀਸਦੀ ਹਿੱਸਾ (ਕੁੱਲ 1,686 ਅਰਬ ਡਾਲਰ) ਖਰਚ ਕਰਦੇ ਹਨ। ਰਿਪੋਰਟ ਮੁਤਾਬਕ ਮਈ 2025 ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਟਕਰਾਅ ਨੇ ਸਾਲ ਦੇ ਦੌਰਾਨ ਭਾਰਤ ਦੇ ਫੌਜੀ ਖਰਚੇ ਨੂੰ ਵਧਾ ਦਿੱਤਾ ਹੈ। ਇਸ ਟਕਰਾਅ ਵਿੱਚ ਲੜਾਕੂ ਜਹਾਜ਼ਾਂ, ਡਰੋਨਾਂ ਅਤੇ ਮਿਜ਼ਾਈਲਾਂ ਦੀ ਵਰਤੋਂ ਕੀਤੀ ਗਈ ਸੀ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨ ਦਾ ਫੌਜੀ ਖਰਚਾ ਸਾਲ 2025 ਵਿੱਚ 11 ਫੀਸਦੀ ਦੇ ਵਾਧੇ ਨਾਲ 11.9 ਅਰਬ ਡਾਲਰ ਤੱਕ ਪਹੁੰਚ ਗਿਆ ਹੈ। ਇਹ ਵਾਧਾ ਮੁੱਖ ਤੌਰ ‘ਤੇ ਮਈ ਵਿੱਚ ਭਾਰਤ ਨਾਲ ਹੋਏ ਹਥਿਆਰਬੰਦ ਸੰਘਰਸ਼ ਤੋਂ ਬਾਅਦ ਚੀਨ ਨੂੰ ਦਿੱਤੇ ਗਏ ਨਵੇਂ ਲੜਾਕੂ ਜਹਾਜ਼ਾਂ ਅਤੇ ਮਿਜ਼ਾਈਲਾਂ ਦੇ ਆਰਡਰਾਂ ਕਰਕੇ ਹੋਇਆ ਹੈ। ਇਸ ਤੋਂ ਇਲਾਵਾ ਹਥਿਆਰਾਂ ਦੀ ਖਰੀਦ ਦੇ ਪੁਰਾਣੇ ਸਮਝੌਤਿਆਂ, ਜੋ ਹੁਣ ਪੂਰੇ ਹੋਣ ਵਾਲੇ ਹਨ, ਦੀਆਂ ਅਦਾਇਗੀਆਂ ਕਰਨਾ ਵੀ ਇਸ ਖਰਚੇ ਦੇ ਵਧਣ ਦਾ ਵੱਡਾ ਕਾਰਨ ਰਿਹਾ ਹੈ।




