ਚੰਡੀਗੜ੍ਹ : ਈ ਡੀ ਨੇ ਸੋਮਵਾਰ ਪੰਜਾਬ ਪੁਲਸ ਦੇ ਸਾਬਕਾ ਡੀ ਆਈ ਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਦਰਜ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਪੰਜਾਬ ਅਤੇ ਚੰਡੀਗੜ੍ਹ ਵਿੱਚ ਸਥਿਤ ਉਸ ਦੇ 11 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਇਹ ਕਾਰਵਾਈ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ ਐੱਮ ਐੱਲ ਏ) ਤਹਿਤ ਕੀਤੀ ਗਈ, ਜਿਸ ਵਿੱਚ ਭੁੱਲਰ ਦੇ ਨਜ਼ਦੀਕੀਆਂ ਅਤੇ ਕਥਿਤ ਤੌਰ ‘ਤੇ ਬੇਨਾਮੀ ਜਾਇਦਾਦ ਰੱਖਣ ਵਾਲੇ ਵਿਅਕਤੀਆਂ ਦੇ ਟਿਕਾਣੇ ਵੀ ਸ਼ਾਮਲ ਹਨ।
ਈ ਡੀ ਦੀਆਂ ਟੀਮਾਂ ਨੇ ਸਵੇਰੇ ਇੱਕੋ ਵੇਲੇ ਚੰਡੀਗੜ੍ਹ, ਲੁਧਿਆਣਾ, ਪਟਿਆਲਾ, ਨਾਭਾ ਅਤੇ ਜਲੰਧਰ ਵਿੱਚ ਦਸਤਕ ਦਿੱਤੀ। ਜਾਂਚ ਦਾ ਮੁੱਖ ਮਕਸਦ ਭੁੱਲਰ ਵੱਲੋਂ ਕਥਿਤ ਤੌਰ ‘ਤੇ ਇਕੱਠੀ ਕੀਤੀ ਗਈ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਰਾਹੀਂ ਕਮਾਏ ਗਏ ਪੈਸੇ ਦੀ ਤਲਾਸ਼ ਕਰਨਾ ਹੈ।
ਦੱਸਿਆ ਜਾ ਰਿਹਾ ਹੈ ਕਿ ਛਾਪੇਮਾਰੀ ਦੌਰਾਨ ਕਈ ਅਹਿਮ ਦਸਤਾਵੇਜ਼ ਅਤੇ ਡਿਜੀਟਲ ਸਬੂਤ ਕਬਜ਼ੇ ਵਿੱਚ ਲਏ ਗਏ ਹਨ। ਇਹ ਮਾਮਲਾ ਸੀ ਬੀ ਆਈ ਵੱਲੋਂ ਭੁੱਲਰ ਵਿਰੁੱਧ ਦਰਜ ਕੀਤੀ ਗਈ ਇੱਕ ਐੱਫ ਆਈ ਆਰ ‘ਤੇ ਅਧਾਰਤ ਹੈ। ਭੁੱਲਰ ‘ਤੇ ਇਲਜ਼ਾਮ ਹਨ ਕਿ ਉਸ ਨੇ ਰੋਪੜ ਰੇਂਜ ਦੇ ਡੀ ਆਈ ਜੀ ਵਜੋਂ ਤਾਇਨਾਤੀ ਦੌਰਾਨ ਇੱਕ ਸਕ੍ਰੈਪ ਡੀਲਰ ਤੋਂ ਇੱਕ ਅਪਰਾਧਕ ਮਾਮਲਾ ਸੁਲਝਾਉਣ ਦੇ ਬਦਲੇ ਵਿਚੋਲੇ ਰਾਹੀਂ ਮੋਟੀ ਰਿਸ਼ਵਤ ਮੰਗੀ ਸੀ। ਇਸੇ ਮਾਮਲੇ ਵਿੱਚ ਸੀ ਬੀ ਆਈ ਨੇ ਅਕਤੂਬਰ 2025 ਵਿੱਚ ਭੁੱਲਰ ਨੂੰ ਗ੍ਰਿਫਤਾਰ ਵੀ ਕੀਤਾ ਸੀ। ਈ ਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਕਾਰਵਾਈ ਦਾ ਉਦੇਸ਼ ਅਪਰਾਧ ਦੀ ਕਮਾਈ ਦਾ ਪਤਾ ਲਗਾਉਣਾ ਅਤੇ ਇਹ ਸਪੱਸ਼ਟ ਕਰਨਾ ਹੈ ਕਿ ਰਿਸ਼ਵਤ ਦਾ ਪੈਸਾ ਕਿੱਥੇ ਅਤੇ ਕਿਸ ਤਰੀਕੇ ਨਾਲ ਨਿਵੇਸ਼ ਕੀਤਾ ਗਿਆ ਸੀ। ਜਾਂਚ ਏਜੰਸੀ ਨੂੰ ਸ਼ੱਕ ਹੈ ਕਿ ਕਈ ਜਾਇਦਾਦਾਂ ਭੁੱਲਰ ਦੇ ਅਸਲ ਨਾਂਅ ਦੀ ਬਜਾਏ ਹੋਰਨਾਂ ਦੇ ਨਾਂਅ ‘ਤੇ ਖਰੀਦੀਆਂ ਗਈਆਂ ਹਨ, ਜਿਨ੍ਹਾਂ ਦੀ ਪਛਾਣ ਲਈ ਅਗਲੇਰੀ ਪੁੱਛਗਿੱਛ ਜਾਰੀ ਹੈ।




