31.4 C
Jalandhar
Sunday, November 3, 2024
spot_img

ਤਨਖਾਹਾਂ ਤੇ ਪੈਨਸ਼ਨਾਂ ਲਈ ਪੀ ਆਰ ਟੀ ਸੀ ਕਾਮਿਆਂ ਵੱਲੋਂ ਜ਼ਬਰਦਸਤ ਰੋਸ ਮਾਰਚ, ਪਟਿਆਲਾ ਅੱਡਾ 2 ਘੰਟੇ ਬੰਦ ਰਿਹਾ

ਪਟਿਆਲਾ : ਸ਼ੁੱਕਰਵਾਰ ਇੱਥੇ ਪੀ.ਆਰ.ਟੀ.ਸੀ. ਦੇ ਵਰਕਰਾਂ ਨੇ ਇੱਕ ਹਜ਼ਾਰ ਤੋਂ ਵੱਧ ਦੀ ਗਿਣਤੀ ਵਿੱਚ ਬਸ ਸਟੈਂਡ ਪਟਿਆਲਾ ਦੇ ਗੇਟ ‘ਤੇ ਇਕੱਠੇ ਹੋ ਕੇ ਤਨਖਾਹ ਅਤੇ ਪੈਨਸ਼ਨ ਨਾ ਮਿਲਣ ਦੇ ਵਿਰੋਧ ਵਿੱਚ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਅਤੇ ਉਪਰੰਤ ਬਜ਼ਾਰਾਂ ਵਿੱਚੋਂ ਦੀ ਝੰਡੇ, ਬੈਨਰ ਅਤੇ ਮੰਗਾਂ ਦੀਆਂ ਤਖਤੀਆਂ ਲੈ ਕੇ ਪੰਜਾਬ ਸਰਕਾਰ ਦੇ ਵਿਰੋਧ ਵਿੱਚ ਰੋਸ ਮਾਰਚ ਵੀ ਕੀਤਾ | ਦੋ ਘੰਟੇ ਤੱਕ ਬੱਸ ਸਟੈਂਡ ਮੁਕੰਮਲ ਤੌਰ ‘ਤੇ ਬੰਦ ਰਿਹਾ | ਅੱਜ ਦੇ ਇਸ ਰੋਸ ਮੁਜ਼ਾਹਰੇ ਅਤੇ ਰੋਸ ਮਾਰਚ ਦੀ ਅਗਵਾਈ ਸਰਵਸ੍ਰੀ ਨਿਰਮਲ ਸਿੰਘ ਧਾਲੀਵਾਲ ਕਨਵੀਨਰ ਅਤੇ ਮੈਂਬਰਾਨ ਬਲਦੇਵ ਰਾਜ ਬੱਤਾ, ਹਰਜੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮੁਹੰਮਦ ਖਲੀਲ ਕਰ ਰਹੇ ਸਨ | ਮੁਜ਼ਾਹਰਾਕਾਰੀ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਐਕਸ਼ਨ ਕਮੇਟੀ ਦੇ ਆਗੂਆਂ ਨੇ ਕਿਹਾ ਕਿ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਕਦੇ ਵੀ ਤਨਖਾਹ ਅਤੇ ਪੈਨਸ਼ਨ ਸਮੇਂ ਸਿਰ ਨਹੀਂ ਮਿਲੀ, ਜਦ ਕਿ ਪੰਜਾਬ ਸਰਕਾਰ ਤੋਂ ਮੁਫਤ ਸਫਰ ਸਹੂਲਤਾਂ ਬਦਲੇ ਪੀ.ਆਰ.ਟੀ.ਸੀ. ਨੇ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਲੈਣੀ ਹੈ, ਪਰ ਇਸ ਸਰਕਾਰ ਦਾ ਮੁਲਾਜ਼ਮ-ਮਜ਼ਦੂਰ ਵਿਰੋਧੀ ਰਵੱਈਆ ਪੀ.ਆਰ.ਟੀ.ਸੀ. ਦੇ ਵਰਕਰਾਂ ਦੀਆਂ ਮੁਸੀਬਤਾਂ ਵਿੱਚ ਵਾਧਾ ਕਰ ਰਿਹਾ ਹੈ | ਸਰਕਾਰ ਦੀ ਬੇਲਗਾਮ ਉੱਚ ਅਫਸਰਸ਼ਾਹੀ ਮਨਮਰਜ਼ੀ ਨਾਲ ਜਾਂ ਸਰਕਾਰ ਦੇ ਇਸ਼ਾਰੇ ‘ਤੇ ਬੇਲੋੜੇ ਇਤਰਾਜ਼ ਲਾ-ਲਾ ਕੇ ਪੀ.ਆਰ.ਟੀ.ਸੀ. ਦਾ ਬਣਦਾ ਪੈਸਾ ਜਾਰੀ ਨਹੀਂ ਹੋਣ ਦਿੰਦੀ | ਵਿਸ਼ੇਸ਼ ਕਰਕੇ ਸਮਾਜ ਭਲਾਈ ਵਿਭਾਗ ਦੇ ਸਕੱਤਰ ਸ੍ਰੀ ਸੁਮੇਰ ਗੁਰਜਰ ਵੱਲੋਂ ਤਰ੍ਹਾਂ-ਤਰ੍ਹਾਂ ਦੇ ਅੜਿੱਕੇ ਲਾਏ ਜਾਂਦੇ ਹਨ | ਮੁੱਖ ਮੰਤਰੀ ਜਾਣ-ਬੁੱਝ ਕੇ ਮੁਲਾਜ਼ਮ ਮਸਲਿਆਂ ਨੂੰ ਨਜ਼ਰ-ਅੰਦਾਜ਼ ਕਰਦੇ ਆ ਰਹੇ ਹਨ | ਟਰਾਂਸਪੋਰਟ ਮੰਤਰੀ ਆਪਣੀ ਬਣਦੀ ਭੂਮਿਕਾ ਨਿਭਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਏ ਹਨ, ਸਗੋਂ ਉਹਨਾਂ ਦੇ ਸਮੇਂ ਵਿੱਚ ਟਰਾਂਸਪੋਰਟ ਮਾਫੀਆ ਮੁੜ ਤੋਂ ਜ਼ੋਰ ਫੜ ਗਿਆ ਹੈ | ਟਰਾਂਸਪੋਰਟ ਵਿਭਾਗ ਵਿੱਚ ਹੱਦੋਂ ਵੱਧ ਬੇਨਿਯਮੀਆਂ ਹੋ ਰਹੀਆਂ ਹਨ, ਜਿਸ ਕਾਰਨ ਸਰਕਾਰੀ ਟਰਾਂਸਪੋਰਟ ਦਾ ਨੁਕਸਾਨ ਹੋ ਰਿਹਾ ਹੈ ਅਤੇ ਪ੍ਰਾਈਵੇਟ ਮਾਫੀਏ ਦੀ ਟਾਈਮ ਟੇਬਲਾਂ ਵਿੱਚ ਪੂਰੀ ਤਰ੍ਹਾਂ ਮਰਜ਼ੀ ਚੱਲ ਰਹੀ ਹੈ | ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ 16 ਸਤੰਬਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਦਫਤਰ ਦੇ ਬਾਹਰ ਵੱਡੀ ਕਨਵੈਨਸ਼ਨ ਅਤੇ ਮੁਜ਼ਾਹਰਾ ਕਰਕੇ ਪੰਜਾਬ ਸਰਕਾਰ ਨੂੰ 13 ਸੂਤਰੀ ਮੰਗ ਪੱਤਰ ਦਿੱਤਾ ਗਿਆ ਸੀ, ਪਰ ਨਾ ਮੁੱਖ ਮੰਤਰੀ ਅਤੇ ਨਾ ਹੀ ਸੰਬੰਧਤ ਵਿਭਾਗਾਂ ਦੇ ਕਿਸੇ ਮੰਤਰੀ ਵੱਲੋਂ ਕੋਈ ਗੱਲਬਾਤ ਕੀਤੀ ਗਈ, ਨਾ ਹੀ ਕਿਸੇ ਮਸਲੇ ਦਾ ਕੋਈ ਹੱਲ ਕੱਢਿਆ ਗਿਆ | ਮੁੱਖ ਮੰਗਾਂ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਵਾਅਦਿਆਂ ਅਨੁਸਾਰ ਕੱਚੇ ਕਾਮਿਆਂ ਨੂੰ ਪੱਕੇ ਕਰੇ, ਤਨਖਾਹ, ਪੈਨਸ਼ਨ ਹਰ ਪਹਿਲੀ ਤਾਰੀਖ ਨੂੰ ਮਿਲਣੀ ਯਕੀਨੀ ਬਣਾਏ, ਮੁਫਤ ਸਫਰ ਦੇ 300 ਕਰੋੜ ਰੁਪਏ ਦੇਵੇ, 1992 ਦੀ ਪੈਨਸ਼ਨ ਤੋਂ ਵਾਂਝੇ ਬਜ਼ੁਰਗਾਂ, ਕਰਮਚਾਰੀਆਂ ‘ਤੇ ਪੈਨਸ਼ਨ ਲਾਗੂ ਕਰਨਾ, 500 ਨਵੀਆਂ ਬੱਸਾਂ ਪਾਉਣਾ, ਸਿੱਧੇ ਕੰਟਰੈਕਟ ਵਿੱਚ ਲਿਆਂਦੇ ਵਰਕਰਾਂ ਨੂੰ ਰੈਗੂਲਰ ਕਰਨਾ, ਮੈਡੀਕਲ ਅਤੇ ਸੇਵਾ-ਮੁਕਤੀ ਬਕਾਏ ਦਾ ਭੁਗਤਾਨ ਕਰਨਾ, ਰਿਜ਼ਰਵੇਸ਼ਨ ਪਾਲਸੀ ਇੰਨ-ਬਿੰਨ ਲਾਗੂ ਕਰਨਾ ਆਦਿ | ਹੁਣ 3 ਅਕਤੂਬਰ ਤੋਂ 10 ਅਕਤੂਬਰ ਤੱਕ ਹਰ ਰੋਜ਼ ਬੱਸ ਸਟੈਂਡ ਪਟਿਆਲਾ ਦੇ ਗੇਟ ਉਪਰ ਸਵੇਰ ਤੋਂ ਸ਼ਾਮ ਤੱਕ ਨਾਅਰੇਬਾਜ਼ੀ ਅਤੇ ਸਰਕਾਰ ਦੇ ਕਿਰਦਾਰ ਦਾ ਵਿਰੋਧ ਕੀਤਾ ਜਾਇਆ ਕਰੇਗਾ | ਜਿਨ੍ਹਾਂ ਹੋਰ ਆਗੂਆਂ ਨੇ ਰੋਸ ਮੁਜ਼ਾਹਰੇ ਨੂੰ ਸੰਬੋਧਨ ਕੀਤਾ, ਉਹਨਾਂ ਵਿੱਚ ਕਰਮਚੰਦ ਗਾਂਧੀ, ਬਹਾਦਰ ਸਿੰਘ, ਸੁੱਚਾ ਸਿੰਘ, ਰਕੇਸ਼ ਕੁਮਾਰ ਅਤੇ ਉੱਤਮ ਸਿੰਘ ਬਾਗੜੀ ਆਦਿ ਸ਼ਾਮਲ ਸਨ |

Related Articles

LEAVE A REPLY

Please enter your comment!
Please enter your name here

Latest Articles