ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਸ਼ੀਕਾਂਤ ਦਾਸ ਨੇ ਮੁਦਰਾ ਨੀਤੀ ਕਮੇਟੀ ਦੀ ਤਿੰਨ ਦਿਨਾ ਮੀਟਿੰਗ ‘ਚ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਸ਼ੁੱਕਰਵਾਰ ਟੈਲੀਵਿਜ਼ਨ ‘ਤੇ ਪ੍ਰਸਾਰਤ ਬਿਆਨ ‘ਚ ਕਿਹਾ—ਕਮੇਟੀ ਨੇ ਰੈਪੋ ਦਰ 0.50 ਫੀਸਦ ਵਧਾ ਕੇ 5.90 ਫੀਸਦ ਕਰਨ ਦਾ ਫੈਸਲਾ ਲਿਆ ਹੈ |
ਇਸ ਦਰ ‘ਤੇ ਰਿਜ਼ਰਵ ਬੈਂਕ ਕਮਰਸ਼ੀਅਲ ਬੈਂਕਾਂ ਨੂੰ ਕਰਜ਼ਾ ਦਿੰਦੀ ਹੈ | ਸੁਭਾਵਕ ਹੈ ਕਿ ਉਹ ਬੈਂਕਾਂ ਹੁਣ ਲੋਕਾਂ ਤੋਂ ਵੱਧ ਵਿਆਜ ਵਸੂਲਣਗੀਆਂ, ਜਿਸ ਨਾਲ ਲੋਕਾਂ ਨੂੰ ਕਿਸ਼ਤਾਂ ਚੁਕਾਉਣ ਲਈ ਵੱਧ ਪੈਸੇ ਦੇਣੇ ਪੈਣਗੇ, ਯਾਨੀ ਕਿ ਹੋਮ ਲੋਨ ਤੋਂ ਲੈ ਕੇ ਆਟੋ ਤੇ ਪਰਸਨਲ ਲੋਨ ਸਭ ਮਹਿੰਗੇ ਹੋ ਜਾਣਗੇ | ਜੇ ਕਿਸੇ ਨੇ 7.55 ਫੀਸਦੀ ਦੀ ਦਰ ਨਾਲ 20 ਸਾਲ ਲਈ 30 ਲੱਖ ਰੁਪਏ ਦਾ ਹਾਊਸ ਲੋਨ ਲਿਆ ਹੈ ਤਾਂ ਉਸਦੀ ਕਿਸ਼ਤ 24260 ਰੁਪਏ ਹੋਵੇਗੀ ਤੇ 20 ਸਾਲ ਵਿਚ ਉਸਨੂੰ 28 ਲੱਖ 22 ਹਜ਼ਾਰ 304 ਰੁਪਏ ਦਾ ਵਿਆਜ ਭਰਨਾ ਪਵੇਗਾ ਤੇ 30 ਲੱਖ ਦੇ ਬਦਲੇ 58 ਲੱਖ 22 ਹਜ਼ਾਰ 304 ਰੁਪਏ ਦੇਣੇ ਪੈਣਗੇ | ਹੋਮ ਲੋਨ ਦੀਆਂ ਵਿਆਜ ਦਰਾਂ ਦੋ ਤਰ੍ਹਾਂ ਦੀਆਂ ਹੁੰਦੀਆਂ ਹਨ | ਪਹਿਲੀ ਫਿਕਸਡ ਤੇ ਦੂਜੀ ਫਲੈਕਸੀਬਲ | ਫਿਕਸਡ ਲੋਨ ਦੀ ਵਿਆਜ ਦਰ ਸ਼ੁਰੂ ਤੋਂ ਅਖੀਰ ਤਕ ਇੱਕੋ ਰਹਿੰਦੀ ਹੈ ਪਰ ਫਲੈਕਸੀਬਲ ਦੀ ਦਰ ਰੈਪੋ ਦਰ ਵਿਚ ਤਬਦੀਲੀ ਨਾਲ ਬਦਲਦੀ ਰਹਿੰਦੀ ਹੈ | ਇਸ ਤਰ੍ਹਾਂ ਫਲੈਕਸੀਬਲ ਲੋਨ ਵਾਲਿਆਂ ਦੀ ਕਿਸ਼ਤ ਵਧੇਗੀ | ਇਹ ਰੈਪੋ ਦਰ ਦਾ ਤਿੰਨ ਸਾਲ ਦਾ ਸਭ ਤੋਂ ਉੱਪਰਲਾ ਪੱਧਰ ਹੈ | ਪ੍ਰਚੂਨ ਮਹਿੰਗਾਈ ਨੂੰ ਕਾਬੂ ਹੇਠ ਲਿਆਉਣ ਅਤੇ ਵੱਖ-ਵੱਖ ਦੇਸ਼ਾਂ ਦੇ ਕੇਂਦਰੀ ਬੈਂਕਾਂ ਵੱਲੋਂ ਵਿਆਜ ਦਰ ‘ਚ ਭਾਰੀ ਵਾਧੇ ਨਾਲ ਪੈਦਾ ਹੋਣ ਵਾਲੇ ਦਬਾਅ ਤੋਂ ਨਿਪਟਣ ਲਈ ਕੇਂਦਰੀ ਬੈਂਕ ਨੇ ਇਹ ਕਦਮ ਉਠਾਇਆ ਹੈ | ਨਾਲ ਹੀ ਕੇਂਦਰੀ ਬੈਂਕ ਨੇ ਵਿੱਤੀ ਵਰ੍ਹੇ 2022-23 ਲਈ ਆਰਥਕ ਵਿਕਾਸ ਦਰ ਦੇ ਅਨੁਮਾਨ ਨੂੰ ਘਟਾ ਕੇ 7 ਫੀਸਦ ਕਰ ਦਿੱਤਾ ਹੈ | ਇਹ ਚੌਥੀ ਵਾਰ ਹੈ ਜਦੋਂ ਨੀਤੀਗਤ ਦਰ ‘ਚ ਵਾਧਾ ਕੀਤਾ ਗਿਆ ਹੈ | ਇਸ ਤੋਂ ਪਹਿਲਾਂ ਮਈ ‘ਚ 0.40 ਫੀਸਦ ਵਾਧੇ ਤੋਂ ਬਾਅਦ ਜੂਨ ਅਤੇ ਅਗਸਤ ‘ਚ 0.50-0.50 ਫੀਸਦ ਦਾ ਵਾਧਾ ਕੀਤਾ ਗਿਆ ਸੀ | ਕੁੱਲ ਮਿਲਾ ਕੇ ਮਈ ਤੋਂ ਹੁਣ ਤੱਕ ਆਰ ਬੀ ਆਈ ਰੈਪੋ ਦਰ ‘ਚ 1.90 ਫੀਸਦ ਦਾ ਵਾਧਾ ਕਰ ਚੁੱਕੀ ਹੈ | ਦਾਸ ਨੇ ਕਿਹਾ ਕਿ ਐੱਮ ਪੀ ਸੀ ਦੇ ਛੇ ਮੈਂਬਰਾਂ ‘ਚੋਂ ਪੰਜ ਨੇ ਨੀਤੀਗਤ ਦਰ ‘ਚ ਵਾਧੇ ਦਾ ਸਮਰਥਨ ਕੀਤਾ | ਆਰ ਬੀ ਆਈ ਨੇ ਵਿੱਤੀ ਵਰ੍ਹੇ 2022- 23 ਲਈ ਪ੍ਰਚੂਨ ਮਹਿੰਗਾਈ ਦਾ ਅਨੁਮਾਨ 6.7 ਫੀਸਦ ‘ਤੇ ਬਰਕਰਾਰ ਰੱਖਿਆ ਹੈ | ਦੂਜੀ ਤਿਮਾਹੀ ਵਿਚ ਇਸ ਦੇ 7.1 ਫੀਸਦ, ਤੀਜੀ ਤਿਮਾਹੀ ‘ਚ 6.5 ਫੀਸਦ ਅਤੇ ਚੌਥੀ ਤਿਮਾਹੀ ‘ਚ 5.8 ਫੀਸਦ ਰਹਿਣ ਦਾ ਅਨੁਮਾਨ ਹੈ |