ਘੱਟੋ-ਘੱਟ ਉਜਰਤ ‘ਚ 15 ਫੀਸਦੀ ਦਾ ਨਿਗੂਣਾ ਵਾਧਾ ਕੋਝਾ ਮਜ਼ਾਕ : ਬਰਾੜ, ਧਾਲੀਵਾਲ

0
5

ਪਟਿਆਲਾ : ਪੰਜਾਬ ਏਟਕ ਦੇ ਪ੍ਰਧਾਨ ਬੰਤ ਸਿੰਘ ਬਰਾੜ ਅਤੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਨੇ ਮਜ਼ਦੂਰ ਦਿਹਾੜੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਧਾਨ ਸਭਾ ਵਿੱਚ ਘੱਟੋ-ਘੱਟ ਉਜਰਤਾਂ ਵਿੱਚ 15 ਫੀਸਦੀ ਦਾ ਨਿਗੂਣਾ ਵਾਧਾ (ਭਾਵ ਕਿ 1700 ਰੁਪਏ ਪ੍ਰਤੀ ਮਹੀਨੇ) ਕਰਨ ਨੂੰ ਮਜ਼ਦੂਰਾਂ ਨਾਲ ਧੋਖਾ ਅਤੇ ਕੋਝਾ ਮਜ਼ਾਕ ਕਰਾਰ ਦਿੰਦਿਆਂ ਇਸਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਐਲਾਨ ਕੀਤਾ ਹੈ ਕਿ ਪੰਜਾਬ ਏਟਕ ਅਤੇ ਪ ਸ ਸ ਫ 1680, 22-ਬੀ ਵੱਲੋਂ 5 ਮਈ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਿਆਂ, ਤਹਿਸੀਲਾਂ ਅਤੇ ਸਨਅਤੀ ਕੇਂਦਰਾਂ ‘ਤੇ ਪੰਜਾਬ ਸਰਕਾਰ ਦੇ ਪੁਤਲੇ ਸਾੜੇ ਜਾਣਗੇ ਤੇ ਰੋਸ ਮੁਜ਼ਾਹਰੇ/ਰੈਲੀਆਂ ਕੀਤੀਆਂ ਜਾਣਗੀਆਂ। ਇਹ ਸਿਲਸਿਲਾ ਲਗਾਤਾਰ 18 ਮਈ ਤੱਕ ਜਾਰੀ ਰੱਖਿਆ ਜਾਵੇਗਾ। 19 ਮਈ ਨੂੰ ਹਜ਼ਾਰਾਂ ਦੀ ਗਿਣਤੀ ਵਿੱਚ ਪੰਜਾਬ ਦੇ ਮੁਲਾਜ਼ਮਾਂ ਤੇ ਮਜ਼ਦੂਰਾਂ ਵੱਲੋਂ ਲੇਬਰ ਭਵਨ ਮੁਹਾਲੀ ਦੇ ਸਾਹਮਣੇ ਵਿਸ਼ਾਲ ਰੋਸ ਰੈਲੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਇਹ ਵੀ ਉਮੀਦ ਸੀ ਕਿ ਉਹ ਆਪਣੀ ਡਿਗਦੀ ਸਾਖ ਨੂੰ ਬਚਾਉਣ ਲਈ ਅਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ-ਮਜ਼ਦੂਰਾਂ ਦੇ ਮਨਾਂ ਵਿੱਚ ਜੋ ਸਰਕਾਰ ਦੇ ਵਿਰੁੱਧ ਵਾਜਬ ਕਾਨੂੰਨੀ ਅਤੇ ਹੱਕੀ ਮੰਗਾਂ ਨੂੰ ਲੈ ਕੇ ਗੁੱਸੇ ਦੀ ਲਹਿਰ ਹੈ ਉਸ ਦੇ ਮੱਦੇਨਜ਼ਰ 18 ਫੀਸਦੀ ਡੀ ਏ ਦਾ ਐਲਾਨ ਕਰੇਗੀ, ਕੱਚੇ ਕਾਮੇ ਪੱਕੇ ਕਰਨ ਦਾ ਐਲਾਨ ਕਰੇਗੀ, ਪੁਰਾਣੀ ਪੈਨਸ਼ਨ ਬਹਾਲ ਕਰੇਗੀ, ਪੇ ਕਮਿਸ਼ਨ ਅਤੇ ਡੀ ਏ ਦੇ ਬਕਾਏ ਵੀ ਦੇਵੇਗੀ, ਪਰ ਸਭ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਗਿਆ। ਆਗੂਆਂ ਨੇ ਮਜ਼ਦੂਰਾਂ ਤੇ ਮੁਲਾਜ਼ਮਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਿਕਾਗੋ ਦੇ ਸ਼ਹੀਦਾਂ ਦੇ ਸਿਰਜੇ ਹੋਏ ਇਤਿਹਾਸ ਤੋਂ ਪ੍ਰੇਰਨਾ ਲੈਂਦੇ ਹੋਏ ਐਕਸ਼ਨ ਲਈ ਡਟ ਜਾਣ।