ਮਈ ਦਿਵਸ ‘ਤੇ ਸਰਕਾਰ-ਕਾਰਪੋਰੇਟ ਜੁੰਡੀ ਖਿਲਾਫ ਲੜਾਈ ਪ੍ਰਚੰਡ ਕਰਨ ਦਾ ਪ੍ਰਣ

0
4

ਚੰਡੀਗੜ੍ਹ : ਮਈ ਦਿਵਸ ‘ਤੇ ਏਟਕ ਚੰਡੀਗੜ੍ਹ ਵੱਲੋਂ ਏਟਕ ਨਾਲ ਸੰਬੰਧਤ ਯੂਨੀਅਨਾਂ ਦੇ ਰਹਿਨੁਮਾ ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਰੋਡਵੇਜ਼ ਵਰਕਸ਼ਾਪ ਦੇ ਗੇਟ ਉਤੇ ਵਿਸ਼ਾਲ ਰੈਲੀ ਕੀਤੀ ਗਈ। ਸਭ ਤੋਂ ਪਹਿਲਾਂ ਏਟਕ ਪੰਜਾਬ ਦੇ ਪ੍ਰਧਾਨ ਸਾਥੀ ਬੰਤ ਸਿੰਘ ਬਰਾੜ, ਗੁਰਮੀਤ ਸਿੰਘ ਅਤੇ ਦੇਵੀ ਦਿਆਲ ਸ਼ਰਮਾ ਨੇ ਕਿਰਤੀਆਂ ਦਾ ਲਾਲ ਝੰਡਾ ਲਹਿਰਾਇਆ।ਕਿਰਤੀਆਂ ਨੇ‘ਮਈ ਦਿਵਸ ਦੇ ਸ਼ਹੀਦਾਂ ਨੂੰ ਲਾਲ ਸਲਾਮ, ‘ਇਨਕਲਾਬ ਜ਼ਿੰਦਾਬਾਦ,‘ਕਿਰਤੀ-ਕਾਮੇ ਜ਼ਿੰਦਾਬਾਦ’ਦੇ ਅਕਾਸ਼ ਗੁਜ਼ਾਊ ਨਾਅਰੇ ਲਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।ਸਰਬਸਾਥੀ ਗੁਰਮੀਤ ਸਿੰਘ, ਲਖਵਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਦੇਵੀ ਦਿਆਲ ਸ਼ਰਮਾ, ਸਾਥੀ ਰਾਜ ਕੁਮਾਰ ਅਤੇ ਕਰਮ ਸਿੰਘ ਵਕੀਲ ਨੇ ਮਈ ਦਿਵਸ ਦੀ ਮਹੱਤਤਾ, ਸੰਘਰਸ਼ਮਈ ਇਤਿਹਾਸ ਅਤੇ ਮੌਜੂਦਾ ਸਮੇਂ ਵਿਚ ਕਿਰਤੀਆਂ ਨੂੰ ਦਰਪੇਸ਼ ਚੁਣੋਤੀਆਂ ਦਾ ਵਿਸਥਾਰ ਪੂਰਵਕ ਜ਼ਿਕਰ ਕੀਤਾ। ਬੁਲਾਰਿਆਂ ਨੇ ਮੁਨਾਫ਼ਾਖੋਰ ਕਾਰਪੋਰੇਟਰਾਂ ਤੇ ਮਜ਼ਦੂਰ ਵਿਰੋਧੀ ਸਨਅਤਕਾਰਾਂ ਦੇ ਮਨਸੂਬਿਆਂ ਤੋਂ ਸੁਚੇਤ ਰਹਿ ਕੇ, ਕਿਰਤੀਆਂ ਦੇ ਹੱਕਾਂ ਦੀ ਰਾਖੀ ਲਈ ਲਗਾਤਾਰ ਅਤੇ ਸਾਰਥਕ ਸੰਘਰਸ਼ ਜਾਰੀ ਰੱਖਣ ਦਾ ਸੰਦੇਸ਼ ਦਿੱਤਾ।
ਸਾਥੀ ਬਰਾੜ ਨੇ ਕਿਹਾ ਕਿ ਮਈ ਦਿਵਸ ਮੌਕੇ ਹਰ ਧਰਮ, ਹਰ ਜਾਤ-ਬਰਾਦਰੀ ਅਤੇ ਦੁਨੀਆ ਦੇ ਸਭ ਗੋਰੇ-ਕਾਲੇ ਲੋਕ ਮਈ ਦਿਹਾੜੇ ਦੀ ਮਹੱਤਤਾ ਸਮਝਦੇ ਹੋਏ, ਹਰ ਸਾਲ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਨ। ਉਨ੍ਹਾ ਕਿਹਾ ਕਿ ਕਿਰਤੀਆਂ ਨੂੰ ਆਪਣੇ ਹੱਕਾਂ ਪ੍ਰਤੀ ਹਮੇਸ਼ਾ ਜਾਗਰੂਕ ਰਹਿਣਾ ਚਾਹੀਦਾ ਹੈ ਅਤੇ ਲੋੜ ਪੈਣ ਉਤੇ ਸੰਘਰਸ਼ ਕਰਨ ਤੋਂ ਗ਼ੁਰੇਜ਼ ਨਹੀਂ ਕਰਨਾ ਚਾਹੀਦਾ। ਸਨਅਤਕਾਰ ਅਤੇ ਕਾਰਪੋਰੇਟ ਅਦਾਰੇ ਅਪਣੇ ਹਿੱਤ ਅੱਗੇ ਰੱਖ ਕੇ ਕਿਰਤੀਆਂ ਦਾ ਸ਼ੋਸਣ ਕਰਦੇ ਹਨ। ਕਿਰਤੀਆਂ ਉਤੇ ਅਤਿਆਚਾਰ ਕਰਦੇ ਹਨ ਅਤੇ ਅਨੇਕਾਂ ਸੰਘਰਸ਼ ਕਰਕੇ ਪ੍ਰਾਪਤ ਕੀਤੇ ਹੱਕ ਜਿਵੇਂ ਕਿ 8 ਘੰਟੇ ਦੀ ਡਿਊਟੀ, ਬੋਨਸ, ਵਰਦੀ, ਓਵਰਟਾਇਮ, ਯੂਨੀਅਨ ਬਣਾਉਣ ਦਾ ਹੱਕ, ਸਾਫ-ਸੁਥਰਾ ਅਤੇ ਸੁਰਖਿਅਤ ਕੰਮ ਥਾਂ ਦੇਣਾ ਆਦਿ ਬਦਲਦੇ ਜਾ ਰਹੇ ਹਨ। ਮੋਦੀ ਸਰਕਾਰ ਨੇ ਨਵੇਂ ਕਿਰਤ ਕੋਡ ਬਣਾਕੇ ਦੋ ਦਰਜਨ ਤੋਂ ਵੱਧ ਕਿਰਤੀ ਹਿਤੈਸ਼ੀ ਕਾਨੂੰਨ ਰੱਦ ਕਰ ਦਿੱਤੇ ਹਨ। ਅਫਸੋਸ ਕਿ ਖੇਤੀ ਕਾਨੂੰਨ ਅਤੇ ਕਿਰਤ ਕੋਡ ਬਣਾਉਣ ਤੋਂ ਪਹਿਲਾਂ ਸੰਬੰਧਤ ਧਿਰਾਂ ਨਾਲ ਉੱਚਿਤ ਸਮਾਂ ਦੇ ਕੇ ਵਿਚਾਰ-ਵਟਾਂਦਰਾ ਵੀ ਨਹੀਂ ਕੀਤਾ ਗਿਆ ਅਤੇ ਨਾ ਹੀ ਰਾਏ ਲਈ ਗਈ।ਅਸਲ ਵਿਚ ਕਿਰਤੀ ਦੋਖੀ ਮੋਦੀ ਸਰਕਾਰ ਤਾਂ ਲੋਕ ਹਿੱਤਾਂ ਦੀ ਥਾਂ ਕਾਰਪੋਰੇਟਰਾਂ ਦੇ ਹਿੱਤ ਪੂਰਦੀ ਹੈ ਅਤੇ ਕਿਰਤੀਆਂ ਤੋਂ ਸੰਘਰਸ਼ ਕਰਨ ਦਾ ਹੱਕ ਵੀ ਖੋਹ ਰਹੀ ਹੈ। ਉਨ੍ਹਾ ਕਿਹਾ ਕਿ ਸਦੀਵੀ ਸੱਚ ਹੈ ਕਿ ਦੂਨੀਆਂ ਭਰ ਦੇ ਕਾਮਿਆਂ ਨੂੰ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਕਰਨਾ ਪੈਣਾ ਹੈ।ਸਾਥੀ ਗੁਰਮੀਤ ਸਿੰਘ ਨੇ ਹਾਜ਼ਰ ਸਾਥੀਆਂ ਦਾ ਭਰਵੀਂ ਹਾਜ਼ਰੀ ਲਵਾਉਣ ਲਈ ਧੰਨਵਾਦ ਕੀਤਾ। ਮੀਟਿੰਗ ਦੌਰਾਨ ਪ੍ਰੀਤਮ ਸਿੰਘ ਹੁੰਦਲ, ਮਹਿੰਦਰਪਾਲ ਸਿੰਘ, ਗੁਰਦਿਆਲ ਸਿੰਘ, ਪ੍ਰਹਿਲਾਦ ਸਿੰਘ, ਕੇਹਰ ਸਿੰਘ, ਗੁਰਚਰਨ ਸਿੰਘ, ਵਿਜੇ ਕੁਮਾਰ, ਜਸਵੰਤ ਸਿੰਘ, ਗਿਆਨ ਸਿੰਘ, ਕੀਰਤ ਸਿੰਘ, ਕੁਲਦੀਪ ਸਿੰਘ, ਸਤਿਆਵੀਰ, ਗੁਰਸਿਮਰਨ ਸਿੰਘ ਅਤੇ ਕਿਰਪਾਲ ਸਿੰਘ ਸਮੇਤ ਸ਼ਹਿਰ ਦੀਆਂ 50-55 ਦੇ ਨੇੜੇ ਯੂਨੀਅਨਾਂ ਦੇ ਰਹਿਨੁਮਾ ਅਹੁਦੇਦਾਰ ਸਾਥੀ ਸ਼ਾਮਲ ਹੋਏ।
ਜਲੰਧਰ (ਗਿਆਨ ਸੈਦਪੁਰੀ, ਰਾਜੇਸ਼ ਥਾਪਾ) : ਇਤਿਹਾਸਕ ਮਈ ਦਿਵਸ ਮਜ਼ਦੂਰ ਵਰਗ ਵਾਸਤੇ ਸਵੈਮਾਣ ਦਾ ਪ੍ਰਤੀਕ ਹੈ। ਇਹ ਦਿਨ ਮਜ਼ਦੂਰਾਂ ਵੱਲੋਂ ਆਪਣੇ ਹੱਕਾਂ ਲਈ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਲੜਦਿਆਂ ਸਫੈਦ ਰੰਗ ਦੇ ਝੰਡੇ ਨੂੰ ਸੂਹੇ ਫਰੇਰੇ ਵਿੱਚ ਬਦਲ ਦੇਣ ਦੀ ਇਤਿਹਾਸਕਤਾ ਦੇ ਅਹਿਸਾਸ ਨੂੰ ਮਨਾਂ ਦਾ ਹਿੱਸਾ ਬਣਾ ਕੇ ਅੱਗੇ ਵਧਣ ਲਈ ਵੀ ਪ੍ਰੇਰਨਾ ਦਾ ਸਰੋਤ ਹੈ। ਮਈ ਦਿਵਸ ਸਮੁੱਚੇ ਮਜ਼ਦੂਰ ਵਰਗ ਦੀ ਇੱਕਜੁਟਤਾ ਲਈ ਵੀ ਉਤਸ਼ਾਹਤ ਕਰਦਾ ਹੈ। ਉਕਤ ਤੱਤਸਾਰ ਹੈ, ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਸ਼ੁੱਕਰਵਾਰ ਨੂੰ ਪਾਰਟੀ ਦਫ਼ਤਰ ਵਿੱਚ ਮਨਾਏ ਗਏ ਮਜ਼ਦੂਰ ਦਿਵਸ ਮੌਕੇ ਵੱਖ-ਵੱਖ ਆਗੂਆਂ ਵੱਲੋਂ ਕੀਤੀਆਂ ਤਕਰੀਰਾਂ ਦਾ। ਇਸ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ ਨੇ ਨਿਭਾਈ। ਹਾਜ਼ਰ ਸਾਥੀਆਂ ਨੇ ਇਸ ਮੌਕੇ ਅਕਾਸ਼ ਗੁੰਜਾਊ ਨਾਅਰੇ ਲਾਏ। ਇਸ ਮੌਕੇ ਚੰਦ ਫਤਿਹਪੁਰੀ ਨੇ ਮਜ਼ਦੂਰ ਜਥੇਬੰਦੀਆਂ ਨੂੰ ਮਈ ਦਿਵਸ ਦੀ ਵਧਾਈ ਦਿੱਤੀ। ਉਨ੍ਹਾ ਕਿਹਾ ਕਿ ਅਗਲੇ ਮਈ ਦਿਵਸ ਤੋਂ ਪਹਿਲਾਂ-ਪਹਿਲਾਂ ਜ਼ਿਲ੍ਹਾ ਟਰੇਡ ਯੂਨੀਅਨ ਕੌਂਸਲ ਨੂੰ ਜਥੇਬੰਦ ਕਰਕੇ ਇਸ ਦੇ ਘੇਰੇ ਨੂੰ ਵਿਸ਼ਾਲ ਕੀਤਾ ਜਾਵੇ। ਇਸ ਵਿਸ਼ਾਲਤਾ ਵਿੱਚ ਰੋਡਵੇਜ਼, ਬੈਂਕਾਂ, ਐੱਮ ਈ ਐੱਸ, ਆਂਗਨਵਾੜੀ ਵਰਕਰਜ਼, ਖੇਤ ਮਜ਼ਦੂਰ ਸਭਾ, ਭੱਠਾ ਮਜ਼ਦੂਰ ਯੂਨੀਅਨ, ਸਪੋਰਟਸ ਲੇਬਰ ਯੂਨੀਅਨ ਆਦਿ ਸ਼ਾਮਲ ਹੋਣ। ਇਨ੍ਹਾਂ ਸਭ ਜਥੇਬੰਦੀਆਂ ਨੂੰ ਇੱਕ ਲੜੀ ਵਿੱਚ ਪਰੋ ਕੇ ਮਈ ਦਿਵਸ ਸਾਂਝੇ ਤੌਰ ‘ਤੇ ਮਨਾਇਆ ਜਾਣਾ ਚਾਹੀਦਾ ਹੈ। ਇਸ ਨਾਲ ਏਕੇ ਵਾਲੀ ਭਾਵਨਾ ਨੂੰ ਮਜ਼ਬੂਤੀ ਮਿਲੇਗੀ।
ਸੀ ਪੀ ਆਈ ਜ਼ਿਲ੍ਹਾ ਜਲੰਧਰ ਵੱਲੋਂ ਇਤਿਹਾਸਕ ਮਈ ਦਿਵਸ ‘ਤੇ ਕਰਵਾਏ ਗਏ ਸਮਾਗਮ ਦੀ ਪ੍ਰਧਾਨਗੀ ਕਾਮਰੇਡ ਰਾਜੇਸ਼ ਥਾਪਾ, ਕਾ. ਹਰਜਿੰਦਰ ਸਿੰਘ ਮੌਜੀ ਅਤੇ ਕਾਮਰੇਡ ਸੰਤੋਸ਼ ਬਰਾੜ ਨੇ ਕੀਤੀ। ਇਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਵਿਰਾਸਤ ਨੂੰ ਯਾਦ ਕੀਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੱਕ ਮਈ 1886 ਨੂੰ ਸ਼ਿਕਾਗੋ ਦੀਆਂ ਸੜਕਾਂ ‘ਤੇ ਜੋ ਖ਼ੂਨ ਵਹਾਇਆ ਗਿਆ, ਉਸੇ ਸਦਕਾ ਅੱਜ ਦੁਨੀਆ ਭਰ ਦੇ ਮਜ਼ਦੂਰਾਂ ਨੂੰ ਅੱਠ ਘੰਟੇ ਕੰਮ ਦਾ ਅਧਿਕਾਰ ਮਿਲਿਆ ਹੈ। ਅਫਸੋਸ ਹੈ ਕਿ ਮੌਜੂਦਾ ਮੋਦੀ ਸਰਕਾਰ ਇਸ ਅਧਿਕਾਰ ਨੂੰ ਖੋਹਣ ਦੇ ਯਤਨ ਕਰ ਰਹੀ ਹੈ।
ਸਮਾਗਮ ਨੂੰ ਸੰਬੋਧਨ ਕਰਨ ਵਾਲੇ ਆਗੂਆਂ ਵਿੱਚ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਕਾਮਰੇਡ ਹਰਜਿੰਦਰ ਸਿੰਘ ਮੌਜੀ, ਕਾਮਰੇਡ ਸੰਤੋਸ਼ ਬਰਾੜ, ਕਾਮਰੇਡ ਰਾਜੇਸ਼ ਥਾਪਾ, ਕਾਮਰੇਡ ਵੀਰ ਕੁਮਾਰ, ਕਰਤਾਰ ਚੰਦ, ਸਿਕੰਦਰ ਸੰਧੂ, ਪਰਵਿੰਦਰ ਫਲਪੋਤਾ, ਸੁਨੀਲ ਕੁਮਾਰ ਆਦਿ ਸ਼ਾਮਲ ਹਨ।
ਕਾਮਰੇਡ ਰਸ਼ਪਾਲ ਕੈਲੇ ਨੇ ਸਭ ਦਾ ਧੰਨਵਾਦ ਕੀਤਾ। ਗਿਆਨ ਸੈਦਪੁਰੀ ਨੇ ਸਟੇਜ ਸਕੱਤਰ ਦੇ ਫ਼ਰਜ਼ ਨਿਭਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਮਰੇਡ ਪਰਮਜੀਤ ਸਮਰਾਵਾਂ, ਮਹਿੰਦਰ ਸਿੰਘ ਸਮਰਾਵਾਂ ਇਸ ਮੌਕੇ ਕਾਮਰੇਡ ਸਵਰਨ ਭੋਏਪੁਰੀ, ਗੁਰਜੀਤ ਸਿੰਘ ਫਤਹਿ ਪੁਰ ਭੰਗਵਾਂ, ਸੁਖਦੇਵ ਸਿੰਘ ਭੋਏਪੁਰੀ, ਸੁਖਦੇਵ ਸਿੰਘ ਧੰਜੂ ਹਾਜ਼ਰ ਸਨ।
ਗੋਬਿੰਦਗੜ੍ਹ : ਭਾਰਤੀ ਕਮਿਊਨਿਸਟ ਪਾਰਟੀ ਦੀ ਸੂਬਾ ਸਕੱਤਰੇਤ ਮੈਂਬਰ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੀ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਨੇ ਇੱਥੇ ਪਾਰਟੀ ਦਫਤਰ ਵਿੱਚ ਮਨਾਏ ਗਏ ਮਈ ਦਿਵਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਜਿਸ ਝੰਡੇ ਦੀ ਬੁਲੰਦੀ ਲਈ ਯਤਨਸ਼ੀਲ ਹਾਂ, ਇਹ ਮਜ਼ਦੂਰਾਂ ਦੇ ਖੂਨ ਨਾਲ ਲਾਲ ਹੋਇਆ ਸੀ। ਅੱਜ ਦਾ ਦਿਨ ਜਿੱਥੇ ਸਾਡੇ ਸਵੈਮਾਣ ਦਾ ਪ੍ਰਤੀਕ ਹੈ, ਉਥੇ ਇਹ ਪ੍ਰਣ ਕਰਨ ਲਈ ਵੀ ਪ੍ਰੇਰਨਾ ਦਿੰਦਾ ਹੈ ਕਿ ਮਜ਼ਦੂਰ ਵਰਗ ਦੀ ਬਿਹਤਰੀ ਲਈ ਅਸੀਂ ਸੰਘਰਸ਼ ਨੂੰ ਪ੍ਰਚੰਡ ਕਰੀਏ।
ਕਾਮਰੇਡ ਸਰਹਾਲੀ ਕਲਾਂ ਨੇ ਕਿਹਾ ਕਿ 1886 ਵਿੱਚ ਜਿਹੜੀਆਂ ਮੰਗਾਂ ਲਈ ਲੜਦੇ ਮਜ਼ਦੂਰ ਸ਼ਹੀਦ ਹੋਏ ਸਨ, ਉਨ੍ਹਾਂ ਵਿਚ ਇਹ ਵੀ ਸ਼ਾਮਲ ਸੀ ਕਿ ਦਿਹਾੜੀ 8 ਘੰਟੇ ਕੀਤੀ ਜਾਵੇ ਅਤੇ ਕੰਮ ਦੀਆਂ ਹਾਲਤਾਂ ਬਿਹਤਰ ਕੀਤੀਆਂ ਜਾਣ। ਅੱਜ ਵੀ ਹਾਲਾਤ ਉਨ੍ਹਾ ਸਮਿਆਂ ਵਰਗੇ ਹੀ ਨਜ਼ਰ ਆ ਰਹੇ ਹਨ। 29 ਲੇਬਰ ਕਾਨੂੰਨ ਰੱਦ ਕਰਕੇ 4 ਲੇਬਰ ਕੋਡ ਬਣਾ ਦਿੱਤੇ ਗਏ ਹਨ। ਦਿਹਾੜੀ 12 ਘੰਟੇ ਕਰ ਦਿੱਤੀ ਗਈ ਹੈ। ਇਹ ਸਭ ਮਜ਼ਦੂਰਾਂ ਦਾ ਸ਼ੋਸ਼ਣ ਕਰਨ ਅਤੇ ਮਜ਼ਦੂਰ ਜਥੇਬੰਦੀਆਂ ਦੀ ਤਾਕਤ ਨੂੰ ਕਮਜ਼ੋਰ ਕਰਨ ਦੀਆਂ ਸਰਕਾਰੀ ਚਾਲਾਂ ਹਨ। ਇਨ੍ਹਾਂ ਚਾਲਾਂ ਨੂੰ ਨਾਕਾਮ ਕਰਨ ਲਈ ਵੱਡੇ ਸੰਘਰਸ਼ਾਂ ਦੀ ਲੋੜ ਹੈ। ਅੱਜ ਅਸੀਂ ਇਹ ਗੱਲ ਵੀ ਪੱਲੇ ਬੰਨ੍ਹਣੀ ਹੈ ਕਿ ਮਜ਼ਦੂਰਾਂ ਦਾ ਏਕਾ ਹੀ ਉਨ੍ਹਾਂ ਦੀ ਭਲਾਈ ਦਾ ਜ਼ਾਮਨ ਹੈ।
ਇਸ ਤੋਂ ਪਹਿਲਾਂ ਲਾਲ ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਦੀਪ ਸਿੰਘ ਜਲਵੈੜੀ ਗਹਿਲਾਂ ਨੇ ਨਿਭਾਈ। ਪਾਰਟੀ ਦੀ ਜ਼ਿਲ੍ਹਾ ਸਕੱਤਰ ਕਾਮਰੇਡ ਸਿਮਰਤ ਕੌਰ ਝਾਮਪੁਰ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਵੀ ਨਰਿੰਦਰ ਮੋਦੀ ਹਕੂਮਤ ਵਾਂਗ ਵਿਦੇਸ਼ੀ ਪੂੰਜੀ ਨੂੰ ਹੀ ਸੂਬੇ ਦੇ ਵਿਕਾਸ ਦਾ ਮੰਤਵ ਦੱਸ ਕੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਨ ਰਾਹੀਂ ਜਨਤਕ ਖੇਤਰ ਦੀਆਂ ਜਾਇਦਾਦਾਂ ਵੇਚਣ ਅਤੇ ਪੱਕੇ ਰੁਜ਼ਗਾਰ ਦੀ ਥਾਂ ਠੇਕਾ ਭਰਤੀ ਵਰਗੀਆਂ ਨੀਤੀਆਂ ਲਾਗੂ ਕਰ ਰਹੀ ਹੈ। ਉਨ੍ਹਾ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਮਜ਼ਦੂਰ ਤੇ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਬੱਝਵੇਂ ਸੰਘਰਸ਼ਾਂ, ਮਜ਼ਦੂਰਾਂ, ਕਿਸਾਨਾਂ ਦੀ ਏਕਤਾ ਨੂੰ ਸਮੇਂ ਦੀ ਲੋੜ ਦੱਸਿਆ।ਹੋਰਨਾਂ ਤੋਂ ਇਲਾਵਾ ਕਾਮਰੇਡ ਮਨਜੀਤ ਸਿੰਘ ਸੈਦਪੁਰਾ, ਕਾਮਰੇਡ ਹਰਦੇਵ ਸਿੰਘ ਬਡਲਾ, ਸੁਰਿੰਦਰ ਸਿੰਘ ਬੱਸੀ ਪਠਾਣਾ, ਕਾਮਰੇਡ ਹਰਬੰਸ ਮਡੇਰ, ਕਾਮਰੇਡ ਕੁਲਵੰਤ ਸਿੰਘ ਮਹਿਤੋ, ਕਾਮਰੇਡ ਬਲਵਿੰਦਰ ਸਿੰਘ ਝਾਮਪੁਰ, ਇਸਲਾਮ ਬਾਵਾ, ਹਰਵਿੰਦਰ ਸਿੰਘ ਅਮਲੋਹ, ਮੰਗਤ ਰਾਮ, ਅਰਵਿੰਦਰ ਕੌਰ, ਗੁਰਜੀਤ ਕੌਰ, ਪਰਵਿੰਦਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਅੰਮ੍ਰਿਤਸਰ : ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ਸ਼ਹਿਰੀ ਅਤੇ ਟੈਕਸਟਾਈਲ ਏਕਤਾ ਮਜ਼ਦੂਰ ਯੂਨੀਅਨ ( ਏਟਕ) ਵੱਲੋਂ ਕਾਮਰੇਡ ਸਤਪਾਲ ਡਾਂਗ ਯਾਦਗਾਰੀ ਭਵਨ ਛੇਹਾਰਟਾ ਵਿਖੇ ਸਮਾਗਮ ਕੀਤਾ ਗਿਆ। ਮਜ਼ਦੂਰ ਆਗੂ ਸੁੱਖਵੰਤ ਸਿੰਘ ਛੇਹਾਰਟਾ ਨੇ ਝੰਡਾ ਲਹਿਰਾਇਆ। ਵੱਡੀ ਗਿਣਤੀ ਵਿੱਚ ਮਜ਼ਦੂਰਾਂ, ਮੁਲਾਜ਼ਮਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਨੂੰ ਸੰਬੋਧਨ ਕਰਦਿਆਂ ਉੱਘੇ ਟਰੇਡ ਯੂਨੀਅਨ ਆਗੂ ਅਮਰਜੀਤ ਸਿੰਘ ਆਸਲ, ਦਸਵਿੰਦਰ ਕੌਰ, ਕੁੱਲਵੰਤ ਬਾਵਾ, ਵਿਜੇ ਕਪੂਰ, ਲਖਬੀਰ ਸਿੰਘ ਨਿਜ਼ਾਮਪੁਰ ਨੇ ਮਿਹਨਤਕਸ਼ ਜਮਾਤ ਵੱਲੋਂ ਲੜ ਕੇ ਹਾਸਲ ਕੀਤੇ ਗਏ ਹੱਕਾਂ ਉੱਪਰ ਹੋ ਰਹੇ ਹਮਲਿਆਂ ਅਤੇ ਕਿਰਤ ਦੀ ਲੁੱਟ ਬਾਰੇ ਚਰਚਾ ਕੀਤੀ।ਕਾਰਪੋਰੇਟ ਜਗਤ ਵੱਲੋਂ ਸਰਕਾਰਾਂ ਨਾਲ ਮਿਲ ਕੇ ਮਜ਼ਦੂਰਾਂ ਦੀ ਕੀਤੀ ਜਾ ਰਹੀ ਲੁੱਟ ਅਤੇ ਮਿਹਨਤਕਸ਼ ਜਮਾਤ ‘ਤੇ ਕੀਤੇ ਜਾ ਰਹੇ ਹਮਲਿਆਂ ਵਿਰੁੱਧ ਮਜ਼ਦੂਰਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ।ਏਕੇ ਤੇ ਸੰਘਰਸ਼ ਨਾਲ ਹੀ ਮਜ਼ਦੂਰ ਵਿਰੋਧੀ ਨੀਤੀਆਂ ਦਾ ਮੂੰਹ ਮੋੜਿਆ ਜਾ ਸਕਦਾ ਹੈ। ਇਸ ਸਮੇਂ ਸਾਥੀ ਬ੍ਰਹੱਮਦੇਵ ਸ਼ਰਮਾ, ਰਜੇਸ਼ ਸ਼ਰਮਾ, ਸ਼ਮਸੇਰ ਨਾਥ, ਬਲਦੇਵ ਸਿੰਘ ਵੇਰਕਾ, ਰਜੇਸ਼ ਯਾਦਵ, ਮੋਹਣ ਲਾਲ, ਰਾਕੇਸ਼ ਹਾਂਡਾ, ਗਿਆਨੀ ਗੁਰਦੀਪ ਸਿੰਘ, ਮੰਗਲ ਸਿੰਘ ਖਜਾਲਾ, ਜੋਗਿੰਦਰ ਸਿੰਘ, ਇਕਬਾਲ ਸਿੰਘ ਬਿਜਲੀ ਪੈਨਸ਼ਨਰ ਯੂਨੀਅਨ ਪੀ ਐਸ ਈ ਬੀ ਏਟਕ ਆਦਿ ਹਾਜ਼ਰ ਸਨ।
ਭਾਰਤੀ ਕਮਿਊਨਿਸਟ ਪਾਰਟੀ ਅੰਮ੍ਰਿਤਸਰ ( ਦਿਹਾਤੀ ) ਦੇ ਨਵੇਂ ਦਫਤਰ ਬਾਬਾ ਸੋਹਣ ਸਿੰਘ ਭਕਨਾ ਭਵਨ ( ਨੇੜੇ ਐਨਮ ਸਿਨੇਮਾ) ਵਿਖੇ ਲਾਲ ਝੰਡਾ ਸਾਥੀ ਕਰਨੈਲ ਸਿੰਘ ਨਵਾਂ ਪਿੰਡ ਨੇ ਲਹਿਰਾਇਆ। ਕਮਿਊਨਿਸਟ ਵਰਕਰਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਲੱਖਬੀਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਫੁੱਟ ਰਹੇ ਮਜ਼ਦੂਰ ਅੰਦੋਲਨਾਂ ਨੂੰ ਸਰਕਾਰ ਵੱਲੋਂ ਜਬਰ ਰਾਹੀਂ ਰੋਕਿਆ ਜਾ ਰਿਹਾ ਹੈ ਅਤੇ ਮਜ਼ਦੂਰ ਆਗੂਆਂ ਨੂੰ ਝੂਠੇ ਮਕੁੱਦਮਿਆਂ ਤਹਿਤ ਜੇਲ੍ਹਾਂ ਅੰਦਰ ਬੰਦ ਕੀਤਾ ਜਾ ਰਿਹਾ ਹੈ। ਇਸ ਲਈ ਅੱਜ ਦੇ ਦਿਨ ਸ਼ਹੀਦ ਹੋਏ ਮਜ਼ਦੂਰਾਂ ਨੂੰ ਸੱਚੀ ਸ਼ਰਧਾਜਲੀ ਇਹੋ ਹੋਵੇਗੀ ਕਿ ਕਿਰਤ ਦੀ ਰਾਖੀ ਕਰਨ ਲਈ ਮੈਦਾਨ ਵਿੱਚ ਨਿੱਤਰਿਆ ਜਾਵੇ। ਇਸ ਮੌਕੇ ਵਿਸੇਸ਼ ਤੌਰ ‘ਤੇ ਕਿਸਾਨ ਅੰਦੋਲਨ ਅੰਦਰ ਟਿੱਕਰੀ ਬਾਰਡਰ ‘ਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋਂ ਸਾਲ ਭਰ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਜੁਝਾਰੂ ਆਗੂ ਗੁਰਪ੍ਰੀਤ ਸਿੰਘ ਨੱਢਾ ਮੁਕਤਸਰ, ਮੰਗਲ ਸਿੰਘ ਖਜਾਲਾ, ਗੁਰਮੁਖ ਸਿੰਘ ਸ਼ੇਰਗਿੱਲ, ਪਲਵਿੰਦਰ ਸਿੰਘ ਬੱਲ, ਦਿਲਦਾਰ ਮਸੀਹ, ਅਮਰਜੀਤ ਸਿੰਘ, ਪਰਮਜੀਤ ਸਿੰਘ ਨਿਜ਼ਾਮਪੁਰ, ਜੋਗਿੰਦਰ ਸਿੰਘ ਗੋਪਾਲਪੁਰ, ਬਰਜਿੰਦਰ ਸਿੰਘ ਜੋਸਨ, ਰਾਜਵਿੰਦਰ ਅਲੀ ਬੰਡਾਲਾ, ਸੋਹਣ ਸਿੰਘ ਮੀਰਾਂਕੋਟ ਆਦਿ ਵੀ ਹਾਜ਼ਰ ਸਨ।
ਲੁਧਿਆਣਾ (ਰੈਕਟਰ ਕਥੂਰੀਆ) : ਪੰਜਾਬ ਬ੍ਰੀਵਰੀਜ਼ ਲਿਮਟਿਡ ਦੇ ਗੇਟ ‘ਤੇ ਕਾਮਰੇਡ ਰਮੇਸ਼ ਰਤਨ ਅਤੇ ਯੂਨੀਅਨ ਦੇ ਪ੍ਰਧਾਨ ਸੁਖਬੰਤ ਸਿੰਘ ਵਲੋਂ ਝੰਡਾ ਲਹਿਰਾਇਆ ਗਿਆ। ਪੰਜਾਬ ਸਫਾਈ ਲੇਬਰ ਯੂਨੀਅਨ ਅਤੇ ਡਿਸਪੋਜ਼ਲ ਵਰਕਰ ਦੇ ਦਫਤਰ ਵਿਖੇ ਕਾਮਰੇਡ ਗੁਲਜ਼ਾਰ ਗੋਰੀਆ, ਵਿਜੈ ਕੁਮਾਰ, ਮਹੀਪਾਲ ਸਿੰਘ ਤੇ ਰਮੇਸ਼ ਰਤਨ ਨੇ ਏਟਕ ਦੇ ਝੰਡੇ ਲਹਿਰਾਏ।
ਇਸ ਮੌਕੇ ਕਾਮਰੇਡ ਗੋਰੀਆ ਅਤੇ ਰਮੇਸ਼ ਰਤਨ ਨੇ ਵਿਜੈ ਕੁਮਾਰ ਅਤੇ ਮਹੀਪਾਲ ਨੂੰ ਦੋ ਦਿਨ ਪਹਿਲਾਂ ਸਫਾਈ ਦਾ ਪ੍ਰਬੰਧ ਪ੍ਰਾਈਵੇਟ ਕਰਨ ਵਿਰੁੱਧ ਕਾਮਯਾਬ ਸੰਘਰਸ਼ ਲੜਨ ਅਤੇ ਜਿੱਤਣ ਲਈ ਮੁਬਾਰਕਬਾਦ ਦਿੱਤੀ।ਲੀਡਰਸ਼ਿਪ ਨੇ ਇਸ ਮੌਕੇ ਆਪਣੀ ਯੁਨੀਅਨ ਦੀ ਜਥੇਬੰਦਕ ਚੋਣ ਵੀ ਕੀਤੀ।
ਨਿਹਾਲ ਸਿੰਘ ਵਾਲਾ (ਲਵਲੀ ਮਾਛੀਕੇ) : ਕੌਮਾਂਤਰੀ ਕਿਰਤ ਦਿਹਾੜਾ ਭਾਰਤੀ ਕਮਿਊਨਿਸਟ ਪਾਰਟੀ ਨਿਹਾਲ ਸਿੰਘ ਵਾਲਾ ਵੱਲੋਂ ਪਾਰਟੀ ਦਫਤਰ ‘ਤੇ ਝੰਡਾ ਲਹਿਰਾਕੇ ਮਨਾਇਆ ਗਿਆ।ਝੰਡਾ ਲਹਿਰਾਉਣ ਦੀ ਰਸਮ ਕਾਮਰੇਡ ਗੁਰਦੇਵ ਸਿੰਘ ਕਿਰਤੀ, ਸੂਬੇਦਾਰ ਜੋਗਿੰਦਰ ਸਿੰਘ ਤਖਤੂਪੁਰਾ ਵੱਲੋਂ ਕੀਤੀ ਗਈ।ਉਪਰੰਤ ਇਕੱਠ ਨੂੰ ਸੰਬੋਧਨ ਕਰਦਿਆਂ ਕਾਮਰੇਡ ਮਹਿੰਦਰ ਸਿੰਘ ਧੂੜਕੋਟ ਨੇ ਕਿਹਾ ਕਿ 1886 ਵਿੱਚ ਸ਼ਿਕਾਗੋ ਦੇ ਸ਼ਹੀਦਾਂ ਵੱਲੋਂ ਲੜ ਕੇ ਜਿੱਤੀ ਲੜਾਈ ਤੋਂ ਬਾਅਦ ਅੱਜ ਅਸੀਂ 8 ਘੰਟੇ ਕੰਮ ਦਾ ਸੁੱਖ ਲੈ ਰਹੇ ਹਾਂ।ਪਰ ਅੱਜ ਜਿੰਨੀ ਵੱਡੀ ਬੇਰੁਜ਼ਗਾਰੀ ਹੋ ਰਹੀ ਹੈ ਸਾਨੂੰ ਇਸ ਦਿਨ ਤੋਂ ਸਿੱਖਿਆ ਲੈਂਦਿਆਂ ਹੁਣ ਹਰ ਹੱਥ ਨੂੰ ਕੰਮ ਦੇਣ ਲਈ ਕਾਨੂੰਨੀ ਸਮਾਂ ਘੱਟ ਤੋਂ ਘੱਟ ਕਰਨ ਦੀ ਲੜਾਈ ਵਿੱਚ ਕੁੱਦਣਾ ਚਾਹੀਦਾ ਹੈ। ਕੰਟਰੋਲ ਕਮਿਸ਼ਨ ਪੰਜਾਬ ਦੇ ਮੈਂਬਰ ਕਾਮਰੇਡ ਜਗਜੀਤ ਸਿੰਘ, ਪਾਰਟੀ ਦੇ ਜਿਲ੍ਹਾ ਸੈਕਟਰੀ ਕੁਲਦੀਪ ਭੋਲਾ ਨੇ ਕਿਹਾ ਕਿ ਭਾਰਤੀ ਕਮਿਊਨਿਸਟ ਪਾਰਟੀ ਅੱਜ ਇਸ ਦਿਨ ਦੀ ਲੜਾਈ ਲੜ ਕੇ ਜਿੱਤਣ ਵਾਲੇ ਲੋਕਾਂ ਨੂੰ ਸਲਾਮ ਪੇਸ਼ ਕਰਦੀ ਹੈ।ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਆਧੁਨਿਕ ਸਾਧਨ ਵੀ ਵੱਡੀ ਪੱਧਰ ‘ਤੇ ਨਹੀਂ ਸਨ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਮਜ਼ਦੂਰਾਂ ਨੇ ਕਾਨੂੰਨੀ ਕੰਮ ਦਿਹਾੜੀ ਸਮਾਂ ਘੱਟ ਕਰਨ ਦੀ ਲੜਾਈ ਲੜੀ ਤੇ 8 ਘੰਟੇ ਦਾ ਕਾਨੂੰਨੀ ਹੱਕ ਪ੍ਰਾਪਤ ਕੀਤਾ ।ਪਰ ਅੱਜ ਜਦੋਂ ਸਮਾਂ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਤੱਕ ਚੱਲਿਆ ਗਿਆ ਹੈ ਤਾਂ ਹਰ ਹੱਥ ਨੂੰ ਕੰਮ ਦੇਣ ਲਈ ਕਾਨੂੰਨੀ ਕੰਮ ਦਿਹਾੜੀ ਸਮੇਂ ਦਾ ਉਦੋਂ ਤੱਕ ਘੱਟ ਤੋਂ ਘੱਟ ਕਰਨਾ ਜਦੋਂ ਤੱਕ ਹਰ ਇੱਕ ਹੱਥ ਨੂੰ ਕੰਮ ਨਹੀਂ ਦਿੱਤਾ ਜਾਂਦਾ, ਬਹੁਤ ਜ਼ਰੂਰੀ ਹੈ ।ਪਰ ਅੱਜ ਸਾਡੀਆਂ ਸਰਕਾਰਾਂ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਨ ਲਈ ਸਮੇਂ ਨੂੰ ਪੁੱਠਾ ਗੇੜ ਦੇ ਕੇ ਕੰਮ ਦਿਹਾੜੀ ਸਮਾਂ 12 ਘੰਟੇ ਕਰਨ ਵੱਲ ਵੱਧ ਰਹੀਆਂ ਹੈ। ਕੰਮ ਦਿਹਾੜੀ ਸਮੇਂ ਦਾ ਵਧਣਾ ਹੋਰ ਵੀ ਬੇਰੁਜ਼ਗਾਰੀ ਪੈਦਾ ਕਰੇਗਾ।ਭਾਰਤੀ ਕਮਿਊਨਿਸਟ ਪਾਰਟੀ ਦੀ ਹੋਰ ਵਧੇਰੇ ਜ਼ਿੰਮੇਵਾਰੀ ਬਣਦੀ ਹੈ ਕਿ ਲੋਕਾਂ ਨੂੰ ਸੰਗਠਤ ਕਰਕੇ ਕਾਨੂੰਨੀ ਕੰਮ ਦਿਹਾੜੀ ਸਮੇਂ ਨੂੰ ਘੱਟ ਕਰਨ ਦੀ ਲੜਾਈ ਲੜੀ ਜਾਵੇ ।ਹਰ ਹੱਥ ਨੂੰ ਕੰਮ ਦੇਣ ਲਈ ਕਾਨੂੰਨੀ ਕੰਮ ਦਿਹਾੜੀ ਸਮਾਂ ਘਟਾਉਣ ਦੀ ਲੜਾਈ ਸ਼ਿਕਾਗੋ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ । ਇਸ ਮੌਕੇ ਗੁਰਦਿੱਤ ਦੀਨਾ, ਇਕਬਾਲ ਤਖਾਣਵੱਧ, ਸਤਵੰਤ ਖੋਟੇ, ਸੁਖਦੇਵ ਭੋਲਾ, ਸਿਕੰਦਰ ਮਧੇਕੇ, ਨਵਜੋਤ ਬਿਲਾਸਪੁਰ, ਬੂਟਾ ਰਾਊਕੇ, ਹਰਭਜਨ ਬਿਲਾਸਪੁਰ, ਕੇਵਲ ਰਾਊਕੇ ਤੇ ਮੁਕੰਦ ਕੁੱਸਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ।
ਭਿੱਖੀਵਿੰਡ : ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਏਟਕ ਅਤੇ ਪੰਜਾਬ ਇਸਤਰੀ ਸਭਾ ਵੱਲੋਂ ਮਜ਼ਦੂਰ ਦਿਹਾੜੇ ‘ਤੇ ਖਾਲੜਾ, ਮਾੜੀ ਕੰਬੋਕੀ, ਅਲਗੋਂ ਖੁਰਦ ਅਤੇ ਅਲਗੋਂ ਕਲਾਂ ਵਿਖੇ ਮਜ਼ਦੂਰਾਂ ਦੀਆਂ ਮੀਟਿੰਗਾਂ ਕੀਤੀਆਂ ਗਈਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀ ਪੀ ਆਈ ਦੇ ਸੂਬਾ ਸਕੱਤਰੇਤ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਪੰਜਾਬ ਦੀ ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਕੌਰ ਸੰਧੂ ਤੇ ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਕਿਹਾ ਕਿ ਮਜ਼ਦੂਰਾਂ ਨੇ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿੱਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਦੀ ਮੰਗ ਲਈ ਅੰਦੋਲਨ ਆਰੰਭਿਆ ਅਤੇ ਪੁਲਸ ਨੇ ਮਜ਼ਦੂਰਾਂ ਦੇ ਇਕੱਠ ‘ਤੇ ਆਪ ਹੀ ਗੋਲੀ ਚਲਾ ਕੇ ਕੇਸ ਮਜ਼ਦੂਰ ਆਗੂਆਂ ‘ਤੇ ਬਣਾ ਦਿੱਤਾ। ਇਸ ਕੇਸ ਵਿੱਚ ਸੱਤ ਮਜ਼ਦੂਰਾਂ ਨੂੰ ਫਾਂਸੀ ‘ਤੇ ਇੱਕ ਨੂੰ 15 ਸਾਲ ਕੈਦ ਦੀ ਸਜ਼ਾ ਦਿੱਤੀ ਗਈ। ਇੱਕ ਪਾਸੇ ਮਜ਼ਦੂਰਾਂ ‘ਤੇ ਕੇਸ ਚੱਲਦਾ ਰਿਹਾ, ਦੂਜੇ ਪਾਸੇ ਮਜ਼ਦੂਰਾਂ ਨੇ ਸੰਘਰਸ਼ ਤਿੱਖਾ ਕਰ ਦਿੱਤਾ। ਅਖੀਰ ਅਮਰੀਕਾ ਸਰਕਾਰ ਨੂੰ ਮਜ਼ਦੂਰ ਸੰਘਰਸ਼ ਅੱਗੇ ਝੁਕਣਾ ਪਿਆ ਤੇ ਕਾਨੂੰਨ ਦੁਆਰਾ ਕੰਮ ਦਿਹਾੜੀ ਸਮਾਂ ਅੱਠ ਘੰਟੇ ਕਰ ਦਿੱਤਾ ਗਿਆ। ਇਨ੍ਹਾਂ ਮਜ਼ਦੂਰ ਆਗੂਆਂ ਦੀ ਕੁਰਬਾਨੀ ਦੀ ਬਦੌਲਤ ਸਾਰੀ ਦੁਨੀਆ ਵਿੱਚ ਕੰਮ ਦਿਹਾੜੀ ਸਮਾਂ ਅੱਠ ਘੰਟੇ ਹੋਇਆ ਸੀ। ਆਗੂਆਂ ਨੇ ਕਿਹਾ ਕਿ ਹਿੰਦੁਸਤਾਨ ਦੀ ਮੌਜੂਦਾ ਹਕੂਮਤ ਅਧੀਨ ਅਜਿਹੇ ਪ੍ਰਾਈਵੇਟ ਅਦਾਰੇ ਹਨ, ਜੋ ਕਿਰਤੀਆਂ ਕੋਲੋਂ 14-14 ਘੰਟੇ ਕੰਮ ਲੈ ਰਹੇ ਹਨ। ਨਰੇਗਾ ਕੰਮ ਦੀ ਦਿਹਾੜੀ ਸ਼ੁਰੂਆਤ ਵਿੱਚ 7 ਘੰਟੇ ਸੀ, ਪਰ ਇਸ ਸਮੇਂ 9 ਘੰਟੇ ਹੈ। ਹੁਣ ਤੇ ਨਰੇਗਾ ਕਾਨੂੰਨ ਹੀ ਕੇਂਦਰ ਸਰਕਾਰ ਨੇ ਬਦਲ ਦਿੱਤਾ ਹੈ। ਪਹਿਲੇ ਕਾਨੂੰਨ ਮੁਤਾਬਕ ਕੰਮ ਦੀ ਗਾਰੰਟੀ ਸੀ ਤੇ ਇਸ ਕਾਨੂੰਨ ਵਿੱਚ ਕੰਮ ਦੀ ਗਾਰੰਟੀ ਨਹੀਂ ਹੈ। ਪਹਿਲਾਂ ਕੰਮ ਦੀ ਪਹਿਚਾਣ ਸੂਬਾ ਸਰਕਾਰਾਂ ਕਰਦੀਆਂ ਸਨ, ਹੁਣ ਕੇਂਦਰ ਸਰਕਾਰ ਸੂਬੇ ਕੋਲੋਂ ਅਧਿਕਾਰ ਖੋਹ ਆਪ ਲੈ ਲਏ ਹਨ। ਨਵੇਂ ਕਾਨੂੰਨ ਤਹਿਤ ਕੰਮ ਦਿੱਤਾ ਹੀ ਨਹੀਂ ਜਾ ਰਿਹਾ। ਆਗੂਆਂ ਦੀ ਮੰਗ ਹੈ ਕਿ ਨਰੇਗਾ ਕੰਮ ਫੌਰੀ ਤੌਰ ‘ਤੇ ਚਾਲੂ ਕੀਤਾ ਜਾਵੇ। ਮੀਟਿੰਗਾਂ ਵਿੱਚ ਕਾਮਰੇਡ ਕਾਬਲ ਸਿੰਘ ਖਾਲੜਾ, ਗਿਆਨ ਕੌਰ ਮਾੜੀ ਕੰਬੋਕੀ, ਮਨਜੀਤ ਕੌਰ ਤੇ ਬਲਵਿੰਦਰ ਕੌਰ ਅਲਗੋਂ ਅਤੇ ਪ੍ਰਤਾਪ ਸਿੰਘ ਭਿੱਖੀਵਿੰਡ ਨੇ ਵੀ ਵਿਚਾਰ ਰੱਖੇ। ਪਿੰਡਾਂ ਵਿੱਚ ਮੀਟਿੰਗਾਂ ਤੋਂ ਮਰਹੂਮ ਕਾਮਰੇਡ ਪਵਨ ਕੁਮਾਰ ਮਲਹੋਤਰਾ ਦੇ ਘਰ ਇਸਤਰੀ ਸਭਾ ਦੀ ਆਗੂ ਸਰੋਜ ਰਾਣੀ ਅਤੇ ਚੇਲਾ ਮੋੜ ਤੇ ਕਾਮਰੇਡ ਸੁਖਦੇਵ ਸਿੰਘ ਕਾਲੇ ਦੀ ਵਰਕਸ਼ਾਪ ‘ਤੇ ਕਮਿਊਨਿਸਟ ਪਾਰਟੀ ਦੇ ਝੰਡੇ ਲਹਿਰਾਏ ਗਏ।