ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ, ਕ੍ਰਿਸ਼ਨ ਗਰਗ)
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼ੁੱਕਰਵਾਰ ਅਸੈਂਬਲੀ ਦੇ ਵਿਸ਼ੇਸ਼ ਸੈਸ਼ਨ ਦੌਰਾਨ ਆਪਣੀ ਸਰਕਾਰ ਦਾ ਬਹੁਮਤ ਸਾਬਤ ਕਰਨ ਲਈ ਭਰੋਸਗੀ ਮਤਾ ਪੇਸ਼ ਕੀਤਾ ਗਿਆ, ਜਿਸ ਦੇ ਹੱਕ ਵਿੱਚ ‘ਆਪ’ 88 ਵਿਧਾਇਕ ਭੁਗਤੇ, ਜਦਕਿ 4 ਵਿਧਾਇਕ ਗੈਰ-ਹਾਜ਼ਰ ਰਹੇ।ਜਦੋਂ ਮੁੱਖ ਮੰਤਰੀ ਨੇ ਮਤਾ ਪੇਸ਼ ਕੀਤਾ ਉਸ ਵੇਲੇ ਵਿਰੋਧੀ ਧਿਰ ਦੇ ਬੈਂਚ ਪੂਰੀ ਤਰ੍ਹਾਂ ਖਾਲੀ ਸਨ।ਕਾਂਗਰਸ ਸਣੇ ਹੋਰ ਵਿਰੋਧੀ ਦਲਾਂ ਨੇ ਸਦਨ ਦੀ ਕਾਰਵਾਈ ਦਾ ਬਾਈਕਾਟ ਕਰ ਦਿੱਤਾ ਸੀ। ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਮਾਨ ਨੇ ਵਿਰੋਧੀਆਂ ਨੂੰ ਕਰੜੇ ਹੱਥੀਂ ਲਿਆ।ਉਨ੍ਹਾ ਕਿਹਾ ਕਿ ਆਮ ਆਦਮੀ ਪਾਰਟੀ ਕੋਈ ਆਮ ਸਿਆਸੀ ਜਮਾਤ ਨਹੀਂ, ਸਗੋਂ ਕਰੋੜਾਂ ਲੋਕਾਂ ਦੀਆਂ ਉਮੀਦਾਂ ਦਾ ਪ੍ਰਤੀਕ ਹੈ।ਉਨ੍ਹਾ ਸਪੱਸ਼ਟ ਸ਼ਬਦਾਂ ਵਿੱਚ ਕਿਹਾ,“ਇਹ ਲੋਕਾਂ ਦੀ ਆਪਣੀ ਪਾਰਟੀ ਹੈ ਅਤੇ ਇਹ ਕਿਸੇ ਦੇ ਤੋੜਿਆਂ ਟੁੱਟਣ ਵਾਲੀ ਨਹੀਂ ਹੈ।
ਇਸ ਤੋਂ ਪਹਿਲਾਂ ਸਦਨ ਵਿੱਚ ਮਈ ਦਿਵਸ ‘ਤੇ ਮਜ਼ਦੂਰਾਂ ਦੀ ਘੱਟੋਘੱਟ ਉਜਰਤ ਵਧਾਉਣ ਦਾ ਮਤਾ ਵੀ ਪਾਸ ਕੀਤਾ ਗਿਆ। ਮਤੇ ‘ਤੇ ਲੰਬੀ ਤੇ ਗੰਭੀਰ ਬਹਿਸ ਤੋਂ ਬਾਅਦ ਮਜ਼ਦੂਰਾਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ 15 ਫੀਸਦੀ ਵਾਧੇ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦੇ ਦਿੱਤੀ ਗਈ।ਮਤਾ ਲੇਬਰ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਵੱਲੋਂ ਪੇਸ਼ ਕੀਤਾ ਗਿਆ ਸੀ, ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਰ ਲਗਾਉਂਦਿਆਂ ਵਾਧੇ ਦਾ ਰਸਮੀ ਐਲਾਨ ਕੀਤਾ। ਮੁੱਖ ਮੰਤਰੀ ਨੇ ਦੱਸਿਆ ਕਿ ਸੂਬੇ ਵਿੱਚ ਆਖਰੀ ਵਾਰ ਸਾਲ 2012 ਵਿੱਚ ਉਜਰਤਾਂ ਦੇ ‘ਬੇਸ ਰੇਟ’ ਦੀ ਰਿਵੀਜ਼ਨ ਕੀਤੀ ਗਈ ਸੀ। ਹਾਲਾਂਕਿ ਮਹਿੰਗਾਈ ਭੱਤਾ ਲਗਾਤਾਰ ਵਧ ਰਿਹਾ ਸੀ, ਪਰ ਮੂਲ ਉਜਰਤਾਂ ਵਿੱਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ।
ਬਹਿਸ ਦੌਰਾਨ ਅਪੋਜ਼ੀਸ਼ਨ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਕੀਤੀ ਸੀ ਕਿ ਮੌਜੂਦਾ ਮਹਿੰਗਾਈ ਨੂੰ ਦੇਖਦਿਆਂ ਮਜ਼ਦੂਰਾਂ ਦੀ ਘੱਟੋ-ਘੱਟ ਦਿਹਾੜੀ ਵਧਾ ਕੇ 650 ਰੁਪਏ ਕੀਤੀ ਜਾਣੀ ਚਾਹੀਦੀ ਹੈ।
ਮਜ਼ਦੂਰਾਂ ਦੇ ਹੱਕ ਵਿੱਚ ਪੇਸ਼ ਕੀਤੇ ਮਤੇ ‘ਤੇ ਬਹਿਸ ਦੌਰਾਨ ਮਾਨ ਨੇ ਅਚਾਨਕ ਗੁੱਸੇ ਵਿੱਚ ਆ ਕੇ ਅਪੋਜ਼ੀਸ਼ਨ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਇਸ ਬਿਆਨ ‘ਤੇ ਇਤਰਾਜ਼ ਜਤਾਇਆ ਕਿ ਪਿਛਲੇ ਚਾਰ ਸਾਲਾਂ ਵਿੱਚ ‘ਆਪ’ ਸਰਕਾਰ ਵੱਲੋਂ ਬੁਲਾਏ ਗਏ ਅੱਠ ਵਿਸ਼ੇਸ਼ ਸੈਸ਼ਨਾਂ ਨੇ ਬਹੁਤ ਘੱਟ ਹਾਸਲ ਕੀਤਾ ਹੈ ਅਤੇ ਮੈਂਬਰ ਲੋਕਾਂ ਨਾਲ ਜੁੜੇ ਸਵਾਲ ਨਹੀਂ ਪੁੱਛ ਸਕੇ। ਮਾਨ ਆਪਣੀ ਸੀਟ ਤੋਂ ਉਛਲ ਕੇ ਬਾਜਵਾ ਨੂੰ ਝਿੜਕਣ ਲੱਗੇ ਅਤੇ ਪੁੱਛਿਆ ਕਿ ਕੀ 13 ਅਪਰੈਲ ਨੂੰ ਹੋਇਆ ਪਿਛਲਾ ਵਿਸ਼ੇਸ਼ ਸੈਸ਼ਨ, ਜਿੱਥੇ ਬੇਅਦਬੀ ਰੋਕਣ ਦਾ ਕਾਨੂੰਨ ਪਾਸ ਕੀਤਾ ਗਿਆ ਸੀ, ਉਹ ਕਾਫੀ ਵੱਡਾ ਨਹੀਂ ਸੀ? ਉਨ੍ਹਾ ਕਿਹਾ, ਕੀ ਇਹ ਕਾਫੀ ਨਹੀਂ ਸੀ? ਜਾਂ ਸ਼ਾਇਦ ਇਸ ਲਈ ਕਿਉਂਕਿ ਤੁਸੀਂ (ਕਾਂਗਰਸ) ਕਦੇ ਵੀ ਬੇਅਦਬੀ ਵਿਰੋਧੀ ਕਾਨੂੰਨ ਨਹੀਂ ਲਿਆਉਣਾ ਚਾਹੁੰਦੇ ਸੀ ਅਤੇ ਇੱਥੋਂ ਤੱਕ ਕਿ ਇਸ ਬਿੱਲ ਦੇ ਬਣਨ ‘ਤੇ ਸ਼ੱਕ ਵੀ ਪੈਦਾ ਕੀਤਾ ਸੀ, ਤੁਹਾਨੂੰ ਲੱਗਿਆ ਕਿ ਸੈਸ਼ਨ ਨੇ ਬਹੁਤਾ ਕੁਝ ਹਾਸਲ ਨਹੀਂ ਕੀਤਾ।”
ਬਾਅਦ ਵਿੱਚ, ਜਦੋਂ ਗੁੱਸਾ ਸ਼ਾਂਤ ਹੋਇਆ, ਤਾਂ ਮਾਨ ਨੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਸਿਫਾਰਸ਼ ਕੀਤੀ ਕਿ ਉਹ ਕਾਂਗਰਸ ਲਈ ਬਹਿਸ ਦਾ ਸਮਾਂ ਅੱਠ ਮਿੰਟ ਤੋਂ ਵਧਾ ਕੇ 20 ਮਿੰਟ ਕਰ ਦੇਣ।ਸਪੀਕਰ ਨੇ ਚੁਟਕੀ ਲੈਂਦਿਆਂ ਕਿਹਾ, ਅੱਜ ਸਦਨ ਦੇ ਨੇਤਾ ਤੁਹਾਡੇ ‘ਤੇ ਮਿਹਰਬਾਨ ਹਨ।”ਪਰ ਸਦਨ ਵਿੱਚ ਉਦੋਂ ਹੰਗਾਮਾ ਹੋ ਗਿਆ ਜਦੋਂ ਮਾਨ ਨੇ ਸੁਖਪਾਲ ਸਿੰਘ ਖਹਿਰਾ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਉਹ ਮਜ਼ਦੂਰਾਂ ਦੇ ਯੋਗਦਾਨ ਬਾਰੇ ਚਰਚਾ ਵਿੱਚ ਹਿੱਸਾ ਲੈਣ ਦੀ ਬਜਾਏ ਆਪਣੇ ਫੋਨ ਨਾਲ ਛੇੜਛਾੜ ਕਰ ਰਹੇ ਹਨ। ਉਨ੍ਹਾ ਨੇ ਖਹਿਰਾ ਦੇ ਸਦਨ ਵਿੱਚ ਬੈਠਣ ਦੇ ਤਰੀਕੇ ‘ਤੇ ਵੀ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਸਦਨ ਦੇ ਮੈਂਬਰ ਨੂੰ ਸ਼ੋਭਾ ਨਹੀਂ ਦਿੰਦਾ।ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾਧਾਰੀ ਬੈਂਚਾਂ ਵੱਲੋਂ ਬਿਨਾਂ ਵਜ੍ਹਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾ ਕਿਹਾ, ”ਮੈਂ ਸਿਰਫ ਫੋਨ ‘ਤੇ ਬਿੱਲ ਪੜ੍ਹ ਰਿਹਾ ਸੀ।” ਬਾਅਦ ਵਿੱਚ ਜਦੋਂ ਮਾਨ ਕੁਝ ਸਮੇਂ ਲਈ ਸਦਨ ਤੋਂ ਬਾਹਰ ਜਾਣ ਲਈ ਉੱਠੇ, ਤਾਂ ਖਹਿਰਾ ਨੇ ਆਪਣੀ ਸੀਟ ਤੋਂ ਉੱਠ ਕੇ ਮਾਨ ਦੇ ਵਿਵਹਾਰ ‘ਤੇ ਟਿੱਪਣੀ ਕੀਤੀ। ਖਹਿਰਾ ਨੂੰ ਆਪਣੇ ਵੱਲ ਉਂਗਲ ਚੁੱਕਦਿਆਂ ਦੇਖ ਕੇ ਮਾਨ ਅੱਧ-ਵਿਚਾਲੇ ਹੀ ਰੁਕ ਗਏ, ਆਪਣੀ ਸੀਟ ‘ਤੇ ਵਾਪਸ ਆ ਗਏ ਅਤੇ ਖਹਿਰਾ ਨਾਲ ਤਿੱਖੀ ਬਹਿਸ ਵਿੱਚ ਉਲਝ ਗਏ। ਉਸ ਵੇਲੇ ਸਿਆਸੀ ਭੂਚਾਲ ਆ ਗਿਆ ਜਦੋਂ ਬਾਜਵਾ ਨੇ ਮੁੱਖ ਮੰਤਰੀ ਅਤੇ ਸਦਨ ਦੇ ਸਾਰੇ ਵਿਧਾਇਕਾਂ ਦੇ ਤੁਰੰਤ ਐਲਕੋ-ਮੀਟਰ (ਸ਼ਰਾਬ ਦੀ ਜਾਂਚ) ਅਤੇ ਡੋਪ ਟੈਸਟ ਕਰਵਾਉਣ ਦੀ ਮੰਗ ਰੱਖ ਦਿੱਤੀ। ਸਪੀਕਰ ਨੂੰ ਲਿਖੇ ਇੱਕ ਸਖਤ ਪੱਤਰ ਵਿੱਚ ਬਾਜਵਾ ਨੇ ਇਲਜ਼ਾਮ ਲਾਇਆ ਕਿ ਸਦਨ ਦੀ ਮਰਿਆਦਾ ਨੂੰ ਬਹਾਲ ਰੱਖਣ ਲਈ ਇਹ ਕਦਮ ਚੁੱਕਣਾ ਲਾਜ਼ਮੀ ਹੋ ਗਿਆ ਹੈ। ਬਾਜਵਾ ਨੇ ਪੱਤਰ ਵਿੱਚ ਮੁੱਖ ਮੰਤਰੀ ਵੱਲੋਂ ਸਦਨ ਵਿੱਚੋਂ ਚਲੇ ਜਾਣਾ ਕਈ ਸਵਾਲ ਖੜ੍ਹੇ ਕਰਦਾ ਹੈ। ਕਾਂਗਰਸ ਵਿਧਾਇਕ ਦਲ ਨੇ ਮੰਗ ਕੀਤੀ ਕਿ ਇੱਕ ਘੰਟੇ ਦੇ ਅੰਦਰ-ਅੰਦਰ ਮੁੱਖ ਮੰਤਰੀ ਤੋਂ ਸ਼ੁਰੂਆਤ ਕਰਦੇ ਹੋਏ ਸਾਰੇ ਮੈਂਬਰਾਂ ਦਾ ਐਲਕੋ-ਮੀਟਰ ਟੈਸਟ ਕੀਤਾ ਜਾਵੇ ਅਤੇ ਬਾਅਦ ਵਿੱਚ ਸਾਰਿਆਂ ਦਾ ਵਿਆਪਕ ਡੋਪ ਟੈਸਟ ਕਰਵਾਇਆ ਜਾਵੇ।ਇਹ ਟੈਸਟ ਕਿਸੇ ਹੋਰ ਹਸਪਤਾਲ ਦੀ ਬਜਾਏ ਪੀ ਜੀ ਆਈ ਚੰਡੀਗੜ੍ਹ ਦੀ ਨਿਰਪੱਖ ਮੈਡੀਕਲ ਟੀਮ ਵੱਲੋਂ ਕੀਤੇ ਜਾਣੇ ਚਾਹੀਦੇ ਹਨ। ਬਾਜਵਾ ਨੇ ਸਪੱਸ਼ਟ ਕੀਤਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦੇ ਖਿਲਾਫ ਨਹੀਂ, ਸਗੋਂ ਸਦਨ ਦੀ ਜਵਾਬਦੇਹੀ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਚੁੱਕਿਆ ਗਿਆ ਕਦਮ ਹੈ।ਹੰਗਾਮਾ ਉਸ ਵੇਲੇ ਸਿਖਰ ‘ਤੇ ਪਹੁੰਚ ਗਿਆ, ਜਦੋਂ ਸੱਤਾਧਾਰੀ ਧਿਰ ਅਤੇ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਦੇ ਆਸਣ ਦੇ ਬਿਲਕੁਲ ਸਾਹਮਣੇ ਇਕੱਠੇ ਹੋ ਗਏ। ਦੋਵਾਂ ਧਿਰਾਂ ਵਿਚਾਲੇ ਹੋਈ ਜ਼ੋਰਦਾਰ ਨਾਅਰੇਬਾਜ਼ੀ ਅਤੇ ਤਿੱਖੀ ਝੜਪ ਕਾਰਨ ਸਪੀਕਰ ਨੂੰ ਸਦਨ ਦੀ ਕਾਰਵਾਈ 10 ਮਿੰਟ ਲਈ ਮੁਲਤਵੀ ਕਰਨੀ ਪਈ। ਹੰਗਾਮੇ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਡੋਪ ਟੈਸਟ ਅਤੇ ਹੋਰ ਨਿੱਜੀ ਟਿੱਪਣੀਆਂ ਨੂੰ ਲੈ ਕੇ ਦੋਵਾਂ ਧਿਰਾਂ ਦੇ ਤੇਵਰ ਤਲਖ ਹੋ ਗਏ। ਦੇਖਦੇ ਹੀ ਦੇਖਦੇ ਕਾਂਗਰਸੀ ਵਿਧਾਇਕ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਦੇ ਸਾਹਮਣੇ ਪਹੁੰਚ ਗਏ, ਜਿਸ ਦੇ ਜਵਾਬ ਵਿੱਚ ‘ਆਪ’ ਦੇ ਵਿਧਾਇਕ ਵੀ ਆਪਣੀਆਂ ਸੀਟਾਂ ਛੱਡ ਕੇ ਵੈੱਲ ਵਿੱਚ ਉਤਰ ਆਏ।’ਡੋਪ ਟੈਸਟ’ ਦੀ ਮੰਗ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਰੱਦ ਕਰਦਿਆਂ ਸਪੱਸ਼ਟ ਕੀਤਾ ਕਿ ਸਦਨ ਦੀ ਕਾਰਵਾਈ ਨਿਯਮਾਂ ਅਨੁਸਾਰ ਚੱਲਦੀ ਹੈ ਅਤੇ ਅਜਿਹੀ ਕਿਸੇ ਮੰਗ ਲਈ ਕੋਈ ਸੰਵਿਧਾਨਕ ਥਾਂ ਨਹੀਂ ਹੈ। ਵਿਰੋਧੀ ਧਿਰ ਵੱਲੋਂ ਕੀਤੇ ਗਏ ਵਾਕਆਊਟ ਤੋਂ ਬਾਅਦ ਸਦਨ ਦੀ ਕਾਰਵਾਈ ਦੌਰਾਨ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਅਤੇ ਅਕਾਲੀ ਦਲ ‘ਤੇ ਜ਼ੋਰਦਾਰ ਹਮਲਾ ਬੋਲਿਆ। ਦਲਿਤ ਭਲਾਈ ਸਕੀਮਾਂ ਦਾ ਹਵਾਲਾ ਦਿੰਦਿਆਂ ਚੀਮਾ ਨੇ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆਂਦਾ ਅਤੇ ਦੋਸ਼ ਲਾਇਆ ਕਿ ਦਹਾਕਿਆਂ ਤੱਕ ਪੰਜਾਬ ‘ਤੇ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਦਲਿਤ ਅਤੇ ਪਛੜੇ ਵਰਗਾਂ ਦੀ ਭਲਾਈ ਲਈ ਸਿਰਫ ਕਾਗਜ਼ੀ ਦਾਅਵੇ ਕੀਤੇ।ਸੈਸ਼ਨ ਸ਼ੁਰੂ ਹੁੰਦੇ ਹੀ ਆਜ਼ਾਦੀ ਘੁਲਾਟੀਏ ਚਮਨ ਲਾਲ, ਵਿਸ਼ਵ ਪ੍ਰਸਿੱਧ ਫੋਟੋਗ੍ਰਾਫਰ ਰਘੂ ਰਾਏ, ਲੈਫਟੀਨੈਂਟ ਜਨਰਲ ਦੀਪੇਂਦਰ ਸਿੰਘ ਅਤੇ ਹਾਕੀ ਖਿਡਾਰੀ ਤੇ ਉਲੰਪੀਅਨ ਗੁਰਬਖਸ਼ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ।




