ਮੋਗਾ (ਇਕਬਾਲ ਸਿੰਘ ਖਹਿਰਾ)
ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿਖੇ ਸਿਧਾਂਤਕ ਪੰਦਰਵਾੜੇ ਤਹਿਤ ਕਾਰਲ ਮਾਰਕਸ ਦਾ 209ਵਾਂ ਜਨਮ ਦਿਨ ਇੱਕ ਸਿਧਾਂਤਕ ਸੈਮੀਨਾਰ ਕਰਕੇ ਮਨਾਇਆ ਗਿਆ। ਇਸ ਸਿਧਾਂਤਕ ਸੈਮੀਨਾਰ ਨੂੰ ਸੰਬੋਧਨ ਕਰਨ ਲਈ ਕਾਮਰੇਡ ਜਗਰੂਪ ਤੇ ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਮਾਰਕਸਵਾਦੀ ਚਿੰਤਕ ਅਤੇ ਅਧਿਆਪਕ ਕਾਮਰੇਡ ਜਗਰੂਪ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਰਕਸਵਾਦ ਅੱਜ ਦੇ ਪ੍ਰਬੰਧ ਵਿੱਚ ਸਦਾ ਰਾਹ-ਦਸੇਰਾ ਹੈ। ਮਾਰਕਸਵਾਦ ਦੀ ਸ਼ਕਤੀਮਾਨਤਾ ਤੇ ਸਮਰੱਥਾ ਤੋਂ ਭੈ ਖਾਂਦੀ ਸਰਮਾਏਦਾਰੀ ਜਦੋਂ ਜਾਣਬੁੱਝ ਕੇ ਇਸ ਨੂੰ ‘ਨਿਰਾਰਥਕ’ ਪ੍ਰਚਾਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਕਰ ਰਹੀ ਹੁੰਦੀ ਹੈ, ਉਦੋਂ ਗਿਆਨ ‘ਚ ਊਣੇ ‘ਬੁੱਧੀਜੀਵੀ’ ਇਸ ਪ੍ਰਚਾਰ ਨੂੰ ਸੱਚ ਮੰਨ ਵਿਗਿਆਨਕ ਸਿਧਾਂਤ ਤੋਂ ਕੰਨੀ ਕਤਰਾ ਲੈਂਦੇ ਹਨ। ਉਹਨਾ ਕਿਹਾ ਕਿ ਅੱਜ ਸਾਨੂੰ ਮਾਰਕਸਵਾਦ ਨੂੰ ਵੱਧ ਤੋਂ ਵੱਧ ਪੜ੍ਹ¥ ਤੇ ਉਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ, ਕਿਉਂਕਿ ਮਾਰਕਸਵਾਦ ਸਾਨੂੰ ਦੱਸਦਾ ਹੈ ਕਿ ਇਸ ਪ੍ਰਬੰਧ ਨੂੰ ਬਦਲਿਆ ਕਿਵੇਂ ਜਾ ਸਕਦਾ ਹੈ। ਅੱਜ ਏ ਆਈ ਦੇ ਯੁੱਗ ਵਿੱਚ ਮਨੁੱਖਤਾ ਲਈ ਏਨਾ ਕੁਝ ਪੈਦਾ ਹੋ ਰਿਹਾ ਹੈ ਕਿ ਇਥੇ ਮਾਰਕਸ ਦੇ ਦਰਸਾਏ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਕਰਕੇ ਸਭ ਮਨੁੱਖਾਂ ਦੀਆਂ ਸਮਾਜਕ ਲੋੜਾਂ ਪੂਰੀਆਂ ਕੀਤੀਆਂ ਜਾ ਸਕਦੀਆਂ ਅਤੇ ਜਵਾਨੀ ਨੂੰ ਮਾਰਕਸ ਦੇ ਸਿਧਾਂਤਾਂ ਅਨੁਸਾਰ ਰੁਜ਼ਗਾਰ ਵਿੱਚ ਲਿਜਾ ਕੇ ਸਮਾਜ ਨੂੰ ਤਰੱਕੀ ਦੀਆਂ ਬੁਲੰਦੀਆਂ ਉਤੇ ਲਿਜਾਇਆ ਜਾ ਸਕਦਾ ਹੈ।
ਪ੍ਰੋਫੈਸਰ ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਅੱਜ ਦਾ ਸਰਮਾਏਦਾਰੀ ਪ੍ਰਬੰਧ ਸਾਰੇ ਲੋਕਾਂ ਲਈ ਵਿਨਾਸ਼ਕਾਰੀ ਹੈ। ਇਸ ਪ੍ਰਬੰਧ ਤੋਂ ਛੁਟਕਾਰਾ ਪਾਉਣ ਦਾ ਇੱਕੋ-ਇੱਕ ਰਾਹ ਹੈ ਕਿ ਅਸੀਂ ਮਾਰਕਸਵਾਦ ਦਾ ਡੂੰਘਾ ਅਧਿਐਨ ਕਰੀਏ। ਉਨ੍ਹਾ ਕਿਹਾ ਕਿ ਲੇਖਕਾਂ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਲੋਕਾਂ ਨੂੰ ਦਿਸ਼ਾ ਦੇਣ ਲਈ ਅੱਜ ਵਧੇਰੇ ਭੂਮਿਕਾ ਨਿਭਾਉਣ ਦੀ ਲੋੜ ਹੈ। ਅੱਜ ਹਾਕਮ ਜਮਾਤੀ ਪਾਰਟੀਆਂ ਲੋਕਾਂ ਖਾਸ ਕਰਕੇ ਜਵਾਨ ਪੀੜ੍ਹੀ ਦੇ ਦਿਮਾਗਾਂ ਨੂੰ ਖੁੰਢਾ ਕਰਨ ਲਈ ਆਪਣੇ ਸਭ ਸਾਧਨ ਵਰਤ ਰਹੀਆਂ ਹਨ।
ਸੈਮੀਨਾਰ ਵਿੱਚ ਆਲ ਇੰਡੀਆ ਯੂਥ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਰੌਸ਼ਨ ਕੁਮਾਰ ਸਿਨਹਾ ਤੇ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੇ ਕੌਮ ਸਕੱਤਰ ਦਿਨੇਸ਼ ਸ੍ਰੀ ਰੰਗਰਾਜਣ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ। ਉਨ੍ਹਾ ਬੋਲਦਿਆਂ ਕਿਹਾ ਕਿ ਅੱਜ ਸਿੱਖਿਆ ਦਾ ਹੋ ਰਿਹਾ ਨਿੱਜੀਕਰਨ ਸਾਨੂੰ ਅਸਲੀ ਸਿੱਖਿਆ ਤੋਂ ਵਾਂਝਾ ਕਰ ਰਿਹਾ ਹੈ। ਉਨ੍ਹਾ ਕਿਹਾ ਕਿ ਅੱਜ ਡਿਗਰੀਆਂ ਪ੍ਰਾਪਤ ਨੌਜਵਾਨ ਦੇਸ਼ ਵਿੱਚ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਿਹਾ ਹੈ। ਅੱਜ ਵਾਪਰ ਰਹੀਆਂ ਘਟਨਾਵਾਂ ਤੇ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੀ ਹੱਲ ਹੋ ਸਕਦਾ ਹੈ। ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਵਿਗਿਆਨਕ ਸਮਾਜਵਾਦ ਬਣਾਉਣ ਲਈ ਅੱਜ ਲੋੜ ਹੈ ਕਿ ਭਗਤ ਸਿੰਘ ਦੇ ਨਾਂਅ ‘ਤੇ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਬਣਾਇਆ ਜਾਵੇ, ਤਾਂ ਜੋ ਇਹਨਾਂ ਸਭ ਸਮੱਸਿਆਵਾਂ ਦਾ ਮਾਰਕਸਵਾਦੀ ਤਰੀਕੇ ਨਾਲ ਹੱਲ ਹੋ ਸਕੇ। ਉਹਨਾ ਕਿਹਾ ਕਿ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ‘ਜਿਹੜਾ ਜਵਾਨ ਹੈ, ਉਹ ਫਲਸਫੇ ਦਾ ਅਧਿਐਨ ਕਰਨ ਵਿੱਚ ਢਿਲ ਨਾ ਕਰੇ।’ ਸੋ ਸਾਨੂੰ ਦੇਸ਼ ਦੇ ਨੌਜਵਾਨਾਂ ਨੂੰ ਮਾਰਕਸਵਾਦ ਤੋਂ ਸੇਧ ਲੈ ਕੇ ਵੱਧ ਤੋਂ ਵੱਧ ਕੰਮ ਕਰਨ ਦੀ ਜ਼ਰੂਰਤ ਹੈ।ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਭੋਲਾ ਨੇ ਆਏ ਹੋਏ ਸਾਥੀਆਂ ਤੇ ਬੁਲਾਰਿਆਂ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਡਾ. ਇੰਦਰਵੀਰ ਗਿੱਲ ਨੇ ਬਾਖੂਬੀ ਨਿਭਾਈ। ਸਮਾਗਮ ਵਿੱਚ ਜਗਦੀਸ਼ ਚਾਹਲ, ਹੰਸਰਾਜ ਗੋਲਡਨ, ਹਰਲਾਭ ਮੁਕਤਸਰ, ਗੋਰਾ ਪਿਪਲੀ ਫਰੀਦਕੋਟ, ਬਲਕਾਰ ਦੁਧਾਲਾ ਅੰਮ੍ਰਿਤਸਰ, ਗੁਰਦਿਆਲ ਖਡੂਰ ਸਾਹਿਬ, ਬਲਕਾਰ ਵਲਟੋਹਾ, ਸੁਖਜਿੰਦਰ ਮਹੇਸਰੀ, ਜਗਜੀਤ ਧੂੜਕੋਟ, ਸਵਰਾਜ ਢੁੱਡੀਕੇ ਜਗਸੀਰ ਖੋਸਾ, ਸ਼ੇਰ ਸਿੰਘ ਦੌਲਤਪੁਰਾ, ਸਵਰਨ ਖੋਸਾ, ਚਰਨਜੀਤ ਛਾਂਗਾ ਰਾਏ, ਵਿਸ਼ਾਲ ਵਲਟੋਹਾ, ਸੁਖਵਿੰਦਰ ਮਲੋਟ, ਚਰਨਜੀਤ ਚਮੇਲੀ, ਸੁਬੇਗ ਝੰਗੜ ਭੈਣੀ, ਮਹਿੰਦਰ ਸਿੰਘ ਧੂਰਕੋਟ, ਸੁਖਦੇਵ ਸਿੰਘ ਭੋਲਾ, ਇਕਬਾਲ ਤਖਾਣਵੱਧ, ਗੁਰਦਿੱਤ ਦੀਨਾ, ਇੰਦਰਜੀਤ ਦੀਨਾ, ਜਗਵਿੰਦਰ ਕਾਕਾ, ਬੋਹੜ ਬੁੱਟਰ, ਸਰਬਜੀਤ ਖੋਸਾ ਤੇ ਸਵਰਾਜ ਖੋਸਾ ਆਦਿ ਨੇ ਹਿੱਸਾ ਲਿਆ।





