ਦੇਹਰਾਦੂਨ : ਕੇਦਾਰਨਾਥ ਧਾਮ ’ਚ ਪਿਛਲੇ 10 ਦਿਨਾਂ ’ਚ ਦੋ ਵਾਰ ਬਰਫ ਦੇ ਪਹਾੜ ਡਿੱਗੇ। ਕੇਦਾਰਨਾਥ ਧਾਮ ਦੇ ਕੋਲ ਚੋਰਾਬਾਰੀ ਗਲੇਸ਼ੀਅਰ ’ਤੇ ਸ਼ਨੀਵਾਰ ਸਵੇਰੇ ਬਰਫ਼ ਦਾ ਪਹਾੜ ਡਿੱਗਣ ਨਾਲ ਯਾਤਰੀਆਂ ਨੂੰ ਕੋਈ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਪ੍ਰਸ਼ਾਸ਼ਨ ਅਲਰਟ ਹੋ ਗਿਆ। ਪੁਲਸ ਪ੍ਰਸ਼ਾਸਨ ਵੱਲੋਂ ਸੰਵੇਦਨਸ਼ੀਲ ਇਲਾਕਿਆਂ ’ਚ ਵਾਧੂ ਪੁਲਸ ਤਾਇਨਾਤ ਕੀਤੀ ਗਈ ਹੈ। ਨਾਲ ਹੀ ਤੀਰਥ ਯਾਤਰੀਆਂ ਨੂੰ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਸਾਲ 2013 ’ਚ ਕੇਦਾਰ ਵੈਲੀ ’ਚ ਚੋਰਾਬਾਰੀ ਝੀਲ ਦੇ ਟੁੱਟਣ ਨਾਲ ਮੰਦਾਕਿਨੀ ਨਦੀ ’ਚ ਹੜ੍ਹ ਆ ਗਿਆ ਸੀ।
ਬਦਰੀਨਾਥ-ਕੇਦਾਰਨਾਥ ਮੰਦਰ ਕਮੇਟੀ ਦੇ ਪ੍ਰਧਾਨ ਅਜੇਂਦਰ ਅਜੈ ਨੇ ਦੱਸਿਆ ਕਿ ਕੇਦਾਰਨਾਥ ਧਾਮ ਕੋਲ ਬਰਫ ਦੇ ਪਹਾੜ ਖਿਸਕ ਗਏ, ਪਰ ਰਾਹਤ ਦੀ ਗੱਲ ਹੈ ਕਿ ਕਿਸੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ। ਦੱਸਿਆ ਜਾ ਰਿਹਾ ਹੈ ਕਿ ਕੇਦਾਰਨਾਥ ਧਾਮ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਹ ਮੰਦਰ ਤੋਂ 5 ਕਿਲੋਮੀਟਰ ਦੂਰ ਦੀ ਘਟਨਾ ਹੈ।
ਉਤਰਾਖੰਡ ’ਚ ਹਾਲੇ ਮਾਨਸੂਨ ਦੀ ਵਿਦਾਈ ਨਹੀਂ ਹੋਈ। 5 ਤੋਂ 9 ਅਕਤੂਬਰ ਤੱਕ ਮੀਂਹ ਦਾ ਅਨੁਮਾਨ ਮੌਸਮ ਵਿਭਾਗ ਨੇ ਲਾਇਆ ਹੈ। ਉਸ ਤੋਂ ਬਾਅਦ ਉਤਰਾਖੰਡ ਤੋਂ ਮਾਨਸੂਨ ਵਿਦਾ ਹੋਵੇਗਾ।