ਕੈਬਨਿਟ ਮੰਤਰੀ ਸੰਜੀਵ ਅਰੋੜਾ ਈ ਡੀ ਵੱਲੋਂ ਗ੍ਰਿਫ਼ਤਾਰ

0
1

ਚੰਡੀਗੜ੍ਹ : ਪੰਜਾਬ ਦੇ ਬਿਜਲੀ, ਉਦਯੋਗ, ਨਿਵੇਸ਼ ਪ੍ਰੋਤਸਾਹਨ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸੰਜੀਵ ਅਰੋੜਾ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਦੇ ਅਧਿਕਾਰੀਆਂ ਨੇ ਚੰਡੀਗੜ੍ਹ ਦੇ ਸੈਕਟਰ 2 ਸਥਿਤ ਉਨ੍ਹਾ ਦੀ ਸਰਕਾਰੀ ਰਿਹਾਇਸ਼ ‘ਤੇ ਕਈ ਘੰਟੇ ਚੱਲੀ ਤਲਾਸ਼ੀ ਮੁਹਿੰਮ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਹੈ।
ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਅਰੋੜਾ ਦੇ ਹੱਕ ਵਿੱਚ ਟਵੀਟ ਕੀਤੇ ਹਨ । ਈ ਡੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਮਨੀ ਲਾਂਡਰਿੰਗ ਨਾਲ ਸੰਬੰਧਤ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਅਰੋੜਾ ਨੂੰ ਭਗਵੰਤ ਮਾਨ ਕੈਬਨਿਟ ਵਿੱਚ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਮੰਨਿਆ ਜਾਂਦਾ ਹੈ ਅਤੇ ਉਹ ‘ਆਪ’ ਸਰਕਾਰ ਅਤੇ ਰਾਜ ਦੇ ਉਦਯੋਗਪਤੀਆਂ ਵਿਚਕਾਰ ਸੰਬੰਧ ਬਣਾਉਣ ਲਈ ਅਗਵਾਈ ਕਰ ਰਹੇ ਸਨ। ਈ ਡੀ ਦੇ ਅਧਿਕਾਰੀ ਸਵੇਰੇ ਤੜਕਸਾਰ ਅਰੋੜਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚੇ ਸਨ। ਕਰੀਬ 20 ਅਧਿਕਾਰੀ ਅੱਠ ਗੱਡੀਆਂ ਵਿੱਚ ਆਏ। ‘ਆਪ’ ਆਗੂ ‘ਤੇ ਇਹ ਤੀਜੀ ਤਲਾਸ਼ੀ ਹੈ, ਜਦ ਕਿ ਇੱਕ ਤਲਾਸ਼ੀ ਮੁਹਿੰਮ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਪਹਿਲਾਂ ਚਲਾਈ ਗਈ ਸੀ। ਈ ਡੀ ਦੇ ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਦਿੱਲੀ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਪੰਜ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ, ਜਿਸ ਵਿੱਚ ਅਰੋੜਾ ਦੇ ਪਰਵਾਰ ਦੁਆਰਾ ਪ੍ਰਮੋਟ ਕੀਤੀ ਗਈ ਕੰਪਨੀ ਹੈਂਪਟਨ ਸਕਾਈ ਰਿਐਲਿਟੀ ਲਿਮਟਿਡ ਦੇ ਦਫਤਰ ਅਤੇ ਸੰਜੀਵ ਅਰੋੜਾ ਦਾ ਘਰ ਸ਼ਾਮਲ ਹੈ। ਇਕ ਅਧਿਕਾਰੀ ਨੇ ਕਿਹਾ ਕਿ ਈ ਡੀ ਨੇ ਸੰਜੀਵ ਅਰੋੜਾ ਵੱਲੋਂ ਆਪਣੀ ਕੰਪਨੀ ਰਾਹੀਂ 100 ਕਰੋੜ ਰੁਪਏ ਤੋਂ ਵੱਧ ਦੇ ਮੋਬਾਇਲ ਫੋਨਾਂ ਦੀਆਂ ਫਰਜ਼ੀ ਜੀ ਐੱਸ ਟੀ ਖਰੀਦਾਂ ਅਤੇ ਦੁਬਈ ਤੋਂ ਭਾਰਤ ਵਿੱਚ ਨਜਾਇਜ਼ ਫੰਡਾਂ ਨੂੰ ਵਾਪਸ ਲਿਆਉਣ (ਰਾਊਂਡ ਟ੍ਰਿਪਿੰਗ) ਲਈ ਕੀਤੇ ਗਏ ਵੱਡੇ ਪੱਧਰ ਦੇ ਮਨੀ ਲਾਂਡਰਿੰਗ ਦੇ ਮਾਮਲੇ ਦਾ ਪਤਾ ਲਗਾਇਆ ਹੈ। ਫਰਜ਼ੀ ਆਈ ਟੀ ਸੀ ਦਾ ਦਾਅਵਾ ਕਰਨ ਅਤੇ ਨਿਰਯਾਤ ਕ੍ਰੈਡਿਟ ‘ਤੇ ਜੀ ਐੱਸ ਟੀ ਰਿਫੰਡ ਅਤੇ ਡਿਊਟੀ ਡਰਾਅ ਬੈਕ ਪ੍ਰਾਪਤ ਕਰਨ ਲਈ ਦਿੱਲੀ ਦੀਆਂ ਗੈਰ-ਮੌਜੂਦ ਫਰਮਾਂ ਤੋਂ ਕਈ ਫਰਜ਼ੀ ਜੀ ਐਸ ਟੀ ਖਰੀਦ ਬਿੱਲ ਪ੍ਰਾਪਤ ਕੀਤੇ ਗਏ ਹਨ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਨੁਕਸਾਨ ਹੋਇਆ ਹੈ ਅਤੇ ਨਿੱਜੀ ਮੁਨਾਫਾ ਕਮਾਇਆ ਗਿਆ ਹੈ।
ਐਨਫੋਰਸਮੈਂਟ ਡਾਇਰੈਕਟੋਰੇਟ ਨੇ 157.12 ਕਰੋੜ ਰੁਪਏ ਦੇ ਫਰਜ਼ੀ ਨਿਰਯਾਤ ਨਾਲ ਸੰਬੰਧਤ ਕਥਿਤ ਵਿਦੇਸ਼ੀ ਮੁਦਰਾ ਉਲੰਘਣਾ ਦੇ ਮਾਮਲੇ ਵਿੱਚ ਮੈਸਰਜ਼ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਅਤੇ ਪੰਜਾਬ ਦੇ ਉਦਯੋਗ ਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਇਕਾਈਆਂ ਦੇ ਬੈਂਕ ਖਾਤਿਆਂ, ਡੀਮੈਟ ਹੋਲਡਿੰਗਜ਼ ਅਤੇ ਅਚੱਲ ਜਾਇਦਾਦਾਂ ਨੂੰ ਆਰਜ਼ੀ ਤੌਰ ‘ਤੇ ਜ਼ਬਤ ਕਰ ਲਿਆ। ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਦੇ ਕਈ ਬੈਂਕ ਖਾਤੇ, ਕਾਵਿਆ ਅਰੋੜਾ ਦੇ ਡੀਮੈਟ ਖਾਤੇ ਅਤੇ ਮਿਉਚੁਅਲ ਫੰਡ ਹੋਲਡਿੰਗਜ਼ ਤੋਂ ਇਲਾਵਾ ਲੁਧਿਆਣਾ, ਮੋਹਾਲੀ ਅਤੇ ਗੁਰੂਗ੍ਰਾਮ ਵਿੱਚ ਸਥਿਤ ਅਚੱਲ ਜਾਇਦਾਦਾਂ ਸ਼ਾਮਲ ਹਨ।