ਸੰਗਰੂਰ/ਧੂਰੀ (ਪ੍ਰਵੀਨ ਸਿੰਘ/ਮੋਹਿਤ ਗਰਗ/ ਮਨੋਹਰ ਸੱਗੂ/ਬਿੰਨੀ ਗਰਗ)
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਭਾਜਪਾ ਕੋਲ ਈ ਡੀ, ਸੀ ਬੀ ਆਈ, ਇਨਕਮ ਟੈਕਸ, ਚੋਣ ਕਮਿਸ਼ਨ ਆਦਿ ਚਾਰ-ਪੰਜ ਅਜਿਹੇ ਹਥਿਆਰ ਹਨ, ਜਿਨ੍ਹਾਂ ਨੂੰ ਭਾਜਪਾ ਰਾਜਨੀਤੀ ਕਰਨ ਵਾਸਤੇ ਵਰਤ ਰਹੀ ਹੈ, ਪਰੰਤੂ ਇਹ ਹਥਿਆਰ ਪੰਜਾਬ ਵਿਚ ਨਹੀਂ ਚੱਲਣੇ। ਮਾਨ ਸ਼ਨੀਵਾਰ ਨੂੰ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਟਿਕਾਣਿਆਂ ਉਪਰ ਈ ਡੀ ਦੀ ਛਾਪੇਮਾਰੀ ਦੇ ਵਿਰੋਧ ‘ਚ ਬੁਲਾਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਭਾਜਪਾ ਈ ਡੀ ਦੀ ਛਾਪੇਮਾਰੀ ਕਰਵਾ ਕੇ ਧਮਕਾਉਂਦੀ ਹੈ ਕਿ ਭਾਜਪਾ ਜੁਆਇੰਨ ਕਰ ਲਓ, ਫਿਰ ਸਭ ਕੁਝ ਮਾਫ਼ ਹੈ। ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਦੇ ਕਾਰੋਬਾਰ ਉਪਰ ਦੋ ਦਿਨ ਛਾਪੇਮਾਰੀ ਚੱਲੀ ਅਤੇ ਤੀਜੇ ਦਿਨ ਅਸ਼ੋਕ ਮਿੱਤਲ ਭਾਜਪਾ ‘ਚ ਸ਼ਾਮਲ ਹੋ ਗਏ। ਕਮਾਲ ਦੀ ਗੱਲ ਕਿ ਨਾਲ ਸਨਮਾਨ ਵੀ ਦਿੰਦੇ ਹਨ। ਮਿੱਤਲ ਨੂੰ ਵਾਈ ਪਲੱਸ ਸਕਿਉੁਰਟੀ ਵੀ ਦੇ ਦਿੱਤੀ। ਮਾਨ ਨੇ ਕਿਹਾ ਕਿ ਉਹ ਮੋਦੀ ਅਤੇ ਸ਼ਾਹ ਨੂੰ ਦੱਸਣਾ ਚਾਹੁੰਦੇ ਹਨ ਕਿ ਇਹ ਪੰਜਾਬ ਹੈ, ਗਿੱਦੜ ਧਮਕੀਆਂ ਤੋਂ ਡਰਨ ਵਾਲਾ ਨਹੀਂ। ਉਨ੍ਹਾ ਕਿਹਾ ਕਿ ਮੋਦੀ ਨੂੰ ਇੱਕ ਵਾਰ ਤਿੰਨ ਕਾਲੇ ਖੇਤੀ ਕਾਨੂੰਨਾਂ ਮੌਕੇ ਪੰਜਾਬੀਆਂ ਅੱਗੇ ਝੁਕਣਾ ਪਿਆ ਸੀ ਅਤੇ ਮੁਆਫ਼ੀ ਵੀ ਮੰਗੀ ਸੀ। ਸ਼ਾਇਦ ਉਦੋਂ ਦਾ ਹੀ ਦਰਦ ਮਨ ਵਿਚ ਰੱਖੀ ਬੈਠੇ ਹਨ। ਉਹਨਾ ਕਿਹਾ ਕਿ ਪੱਛਮੀ ਬੰਗਾਲ ਵਿਚ ਪਿਛਲੇ ਕਈ ਦਿਨਾਂ ਤੋਂ ਅੱਗ ਲੱਗੀ ਹੋਈ ਹੈ। ਉਨ੍ਹਾ ਦੋਸ਼ ਲਾਇਆ ਕਿ ਦੋ ਫਿਰਕਿਆਂ ਨੂੰ ਲੜਾਉਣਾ ਇਨ੍ਹਾਂ ਦਾ ਕੰਮ ਕਰਨ ਦਾ ਤਰੀਕਾ ਹੈ, ਪਰੰਤੂ ਨਫਰਤ ਦੀ ਰਾਜਨੀਤੀ ਪੰਜਾਬ ਵਿਚ ਨਹੀਂ ਚੱਲਣੀ। ਜੇ ਕੋਈ ਪੰਜਾਬ ਵੱਲ ਮੈਲੀ ਅੱਖ ਨਾਲ ਵੇਖੇਗਾ ਤਾਂ ਪੰਜਾਬੀ ਅੱਖ ਕੱਢ ਲੈਂਦੇ ਹਨ। ਉਨ੍ਹਾ ਦੋਸ਼ ਲਾਇਆ ਕਿ ਇਹ ਈ ਡੀ ਦੇ ਛਾਪਿਆਂ ਨਾਲ ਚੋਣਾਂ ਦੀ ਤਿਆਰੀ ਕਰਦੇ ਹਨ। ਉਨ੍ਹਾ ਭਾਜਪਾ ਨੂੰ ‘ਭਾਰਤ ਜਲਾਓ ਪਾਰਟੀ’ ਕਰਾਰ ਦਿੰਦਿਆਂ ਚਿਤਾਵਨੀ ਦਿੱਤੀ ਕਿ ਅਜਿਹੀ ਖੇਡ ਪੰਜਾਬ ਨਾਲ ਨਾ ਖੇਡੋ, ਕਿਉਂਕਿ ਪੰਜਾਬੀ ਲੋਕਤੰਤਰ ਦਾ ਘਾਣ ਨਹੀਂ ਹੋਣ ਦੇਣਗੇ। ਇਸ ਮੌਕੇ ਮੀਡੀਆ ਸਲਾਹਕਾਰ ਬਲਤੇਜ ਸਿੰਘ ਪਨੂੰ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜੂਦ ਸਨ।





