ਨਵੀਂ ਦਿੱਲੀ : ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਚੰਡੀਗੜ੍ਹ ਸਥਿਤ ਟਿਕਾਣਿਆਂ ‘ਤੇ ਈ ਡੀ ਦੇ ਚੱਲ ਰਹੇ ਛਾਪਿਆਂ ਦਰਮਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਮੁਗਲ ਸਮਰਾਟ ਔਰੰਗਜ਼ੇਬ ਨਾਲ ਕੀਤੀ ਅਤੇ ਕਿਹਾ ਕਿ ਪੰਜਾਬ ਉਨ੍ਹਾ ਦੇ ਜ਼ੁਲਮਾਂ ਵਿਰੁੱਧ ਲੜੇਗਾ। ਕੇਜਰੀਵਾਲ ਨੇ ‘ਐੱਕਸ’ ‘ਤੇ ਇੱਕ ਪੋਸਟ ਵਿੱਚ ਕਿਹਾ ਕਿ ਪੰਜਾਬ ਗੁਰੂਆਂ ਦੀ ਧਰਤੀ ਹੈ। ਕਈ ਸੌ ਸਾਲ ਪਹਿਲਾਂ ਔਰੰਗਜ਼ੇਬ ਨੇ ਜੁਰਮ ਅਤੇ ਜ਼ੁਲਮ ਰਾਹੀਂ ਦੇਸ਼ ਦੇ ਕਈ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਸੀ। ਮੋਦੀ ਜੀ ਨੇ ਵੀ ਧੋਖੇ ਨਾਲ ਦੇਸ਼ ਦੇ ਕਈ ਹਿੱਸਿਆਂ ‘ਤੇ ਕਬਜ਼ਾ ਕਰ ਲਿਆ ਹੈ। ਉਸ ਤੋਂ ਬਾਅਦ ਔਰੰਗਜ਼ੇਬ ਪੰਜਾਬ ਆਇਆ। ਮੋਦੀ ਜੀ ਹੁਣ ਪੰਜਾਬ ਵੀ ਆ ਗਏ ਹਨ। ਔਰੰਗਜ਼ੇਬ ਨੇ ਗੁਰੂਆਂ ‘ਤੇ ਬਹੁਤ ਜ਼ੁਲਮ ਕੀਤੇ ਸਨ। ਮੋਦੀ ਜੀ ਵੀ ਪੰਜਾਬੀਆਂ ‘ਤੇ ਅੱਤਿਆਚਾਰ ਕਰ ਰਹੇ ਹਨ, ਪਰ ਗੁਰੂਆਂ ਨੇ ਕੁਰਬਾਨੀਆਂ ਰਾਹੀਂ ਔਰੰਗਜ਼ੇਬ ਦਾ ਟਾਕਰਾ ਕੀਤਾ ਅਤੇ ਲੋਕਾਂ ਨੂੰ ਬਚਾਇਆ। ਅੱਜ ਗੁਰੂਆਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਪੰਜਾਬ ਮੋਦੀ ਜੀ ਦੇ ਅੱਤਿਆਚਾਰਾਂ ਦਾ ਟਾਕਰਾ ਕਰੇਗਾ ਅਤੇ ਪੂਰੇ ਦੇਸ਼ ਨੂੰ ਉਨ੍ਹਾ ਦੇ ਜ਼ੁਲਮਾਂ ਤੋਂ ਬਚਾਏਗਾ। ਕੇਜਰੀਵਾਲ ਨੇ ਕਿਹਾ ਕਿ ਕੁਝ ਸਾਲ ਪਹਿਲਾਂ ਮੋਦੀ ਜੀ ਨੇ ਪੰਜਾਬ ਦੇ ਕਿਸਾਨਾਂ ਨੂੰ ਚੁਣੌਤੀ ਦਿੱਤੀ ਸੀ ਅਤੇ ਉਨ੍ਹਾਂ ਨੂੰ ਕਿਸਾਨਾਂ ਅੱਗੇ ਝੁਕਣਾ ਪਿਆ ਸੀ। ਛਾਪਿਆਂ ਬਾਰੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਮੋਦੀ ਜੀ ਨੇ ਪੂਰੇ ਪੰਜਾਬ ਨੂੰ ਚੁਣੌਤੀ ਦਿੱਤੀ ਹੈ। ਬੰਗਾਲ ਚੋਣਾਂ ਖਤਮ ਹੁੰਦੇ ਹੀ ਮੋਦੀ ਨੇ ਪੰਜਾਬ ਵਿੱਚ ਰੋਜ਼ਾਨਾ ਈ ਡੀ ਦੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾ ਕਿਹਾ ਕਿ ਪਿਛਲੇ ਕੁਝ ਸਾਲਾਂ ਵਿੱਚ ਮੋਦੀ ਨੇ ਪੰਜਾਬ ਨੂੰ ਭਾਰੀ ਸੱਟ ਮਾਰੀ ਹੈ। ‘ਆਪ’ ਮੁਖੀ ਨੇ ਕਿਹਾ ਕਿ ਅਸ਼ੋਕ ਮਿੱਤਲ ਦੇ ਘਰ ਛਾਪਾ ਮਾਰਿਆ ਗਿਆ ਅਤੇ ਅਗਲੇ ਹੀ ਦਿਨ ਉਨ੍ਹਾ ਨੂੰ ਭਾਜਪਾ ਵਿੱਚ ਸ਼ਾਮਲ ਕਰ ਲਿਆ ਗਿਆ।
ਕੇਜਰੀਵਾਲ ਨੇ ਕਿਹਾ ਕਿ ਈ ਡੀ ਦੇ ਛਾਪੇ ਦਾ ਮਕਸਦ ਚੋਰੀ ਦੇ ਪੈਸੇ ਦਾ ਪਤਾ ਲਗਾਉਣਾ ਨਹੀਂ ਸੀ, ਇਹ ਸਿਰਫ਼ ਅਸ਼ੋਕ ਮਿੱਤਲ ਨੂੰ ਤੋੜਨਾ ਅਤੇ ਉਨ੍ਹਾ ਨੂੰ ਭਾਜਪਾ ਵਿੱਚ ਸ਼ਾਮਲ ਕਰਨਾ ਸੀ। ਕੁਝ ਦਿਨ ਪਹਿਲਾਂ ਸੰਜੀਵ ਅਰੋੜਾ ਦੇ ਘਰ ਵੀ ਛਾਪਾ ਮਾਰਿਆ ਗਿਆ ਸੀ। ਜਦੋਂ ਉਹ ਭਾਜਪਾ ਵਿੱਚ ਸ਼ਾਮਲ ਨਹੀਂ ਹੋਏ ਤਾਂ ਉਨ੍ਹਾ ਦੇ ਟਿਕਾਣਿਆਂ ‘ਤੇ ਫਿਰ ਤੋਂ ਛਾਪਾ ਮਾਰਿਆ ਗਿਆ।





