ਬਿਜਲੀ ਕਾਮਿਆਂ ਦੀ ਏਟਕ ਜਥੇਬੰਦੀ ਦੇ ਬਾਨੀ ਪ੍ਰਧਾਨ ਐੱਚ ਐੱਸ ਪ੍ਰਮਾਰ ਦੇ ਜਨਮ ਦਿਨ ‘ਤੇ ਸਮਾਗਮ

0
11

ਲੁਧਿਆਣਾ : ਬਿਜਲੀ ਕਾਮਿਆਂ ਦੀ ਸਿਰਮੌਰ ਜਥੇਬੰਦੀ ਪੀ ਐੱਸ ਈ ਬੀ ਇੰਪਲਾਈਜ਼ ਫੈਡਰੇਸ਼ਨ ਏਟਕ ਪੰਜਾਬ ਨੇ ਜਥੇਬੰਦੀ ਦੇ ਬਾਨੀ ਪ੍ਰਧਾਨ ਕਾ. ਐੱਚ ਐੱਸ ਪ੍ਰਮਾਰ ਦੀ ਨਿੱਘੀ ਯਾਦ ਵਿੱਚ ਉਹਨਾਂ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਸਥਾਨਕ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿੱਚ ਆਯੋਜਿਤ ਕੀਤਾ, ਜਿਸ ਵਿੱਚ ਸੂਬਾ ਭਰ ਤੋਂ ਜਥੇਬੰਦੀ ਦੇ ਆਗੂਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਇਸ ਸਮਾਗਮ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਐੱਫ ਈ ਦੇ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਕਰਦਿਆਂ ਕਾ. ਐੱਚ ਐੱਸ ਪ੍ਰਮਾਰ ਦੇ ਸੰਘਰਸ਼ਮਈ ਜੀਵਨ ਅਤੇ ਉੱਚੇ-ਸੁੱਚੇ ਕਿਰਦਾਰ ‘ਤੇ ਝਾਤ ਪਾਈ। ਸਮਾਗਮ ਵਿੱਚ ਜਥੇਬੰਦੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਕੇਸ਼ ਸੈਣੀ, ਐੱਫ ਈ ਆਗੂ ਸੁਰਿੰਦਰਪਾਲ ਲਹੌਰੀਆ, ਰਛਪਾਲ ਸਿੰਘ ਪਾਲੀ, ਦਰਸ਼ਨ ਲਾਲ ਮੋਗਾ ਸਮੇਤ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਪੰਜਾਬ (ਸੰਬੰਧਤ ਏਟਕ) ਦੇ ਵਰਕਿੰਗ ਜਨਰਲ ਸਕੱਤਰ ਨਰਿੰਦਰ ਬੱਲ, ਮੀਤ ਪ੍ਰਧਾਨ ਕੇਵਲ ਸਿੰਘ ਬਨਵੈਤ, ਖਜ਼ਾਨਚੀ ਸੁਖਜੰਟ ਸਿੰਘ, ਸੂਬਾ ਆਗੂ ਐੱਸ ਪੀ ਸਿੰਘ, ਤਾਰਾ ਸਿੰਘ ਖਹਿਰਾ, ਮਨਜੀਤ ਸਿੰਘ ਮਨਸੂਰਾਂ ਨੇ ਕਾ. ਐੱਚ ਐੱਸ ਪ੍ਰਮਾਰ ਅਤੇ ਕਾ. ਗੁਰਨਾਮ ਸਿੰਘ ਗਿੱਲ ਨਾਲ ਜੁੜੀਆਂ ਯਾਦਾਂ ਨੂੰ ਹਾਜ਼ਰੀਨ ਨਾਲ ਸਾਂਝਾ ਕੀਤਾ। ਸਮਾਗਮ ਦੇ ਮੁੱਖ ਬੁਲਾਰੇ ਪੰਜਾਬ ਏਟਕ ਦੇ ਜਨਰਲ ਸਕੱਤਰ ਕਾ. ਨਿਰਮਲ ਸਿੰਘ ਧਾਲੀਵਾਲ ਨੇ ਵਿਛੋੜਾ ਦੇ ਚੁੱਕੇ ਆਗੂਆਂ ਨੂੰ ਯਾਦ ਕਰਨ ਲਈ ਜਥੇਬੰਦੀ ਦੇ ਸ਼ਾਨਦਾਰ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਕਾ. ਧਾਲੀਵਾਲ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ-ਮਜ਼ਦੂਰ ਵਿਰੋਧੀ ਨੀਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾ ਕੇ 19 ਮਈ ਨੂੰ ਪੰਜਾਬ ਏਟਕ ਦੇ ਸੱਦੇ ‘ਤੇ ਲੇਬਰ ਕਮਿਸ਼ਨਰ ਦਫਤਰ ਮੁਹਾਲੀ ਵਿਖੇ ਕਾਮਿਆਂ ਦੀਆਂ ਘੱਟੋ-ਘੱਟ ਉਜਰਤਾਂ ਵਿੱਚ ਵਾਧੇ ਸਮੇਤ ਹੋਰ ਮੰਗਾਂ ਲਈ ਦਿੱਤੇ ਜਾ ਰਹੇ ਰੋਸ ਧਰਨੇ ਵਿੱਚ ਵਹੀਰਾਂ ਘੱਤ ਕੇ ਪਹੁੰਚਣ ਦਾ ਸੱਦਾ ਦਿੱਤਾ। ਇਸ ਸਮਾਗਮ ਮੌਕੇ ਫੈਡਰੇਸ਼ਨ ਏਟਕ ਜਥੇਬੰਦੀ ਨੇ ਆਪਣੇ ਆਗੂਆਂ ਕਾ. ਐੱਚ ਐੱਸ ਪ੍ਰਮਾਰ ਅਤੇ ਕਾ. ਗੁਰਨਾਮ ਸਿੰਘ ਗਿੱਲ ਦਾ ਸਨਮਾਨ ਬਹਾਲ ਰੱਖਦਿਆਂ ਹਰੇਕ ਸਾਲ ਦੀ ਤਰ੍ਹਾਂ ਕਾ. ਐੱਚ ਐੱਸ ਪ੍ਰਮਾਰ ਦੀ ਧੀ ਨਰਿੰਦਰ ਕੌਰ ਅਤੇ ਕਾ. ਗੁਰਨਾਮ ਸਿੰਘ ਗਿੱਲ ਦੀ ਧਰਮ ਪਤਨੀ ਨਰਿੰਦਰ ਕੌਰ ਗਿੱਲ ਨੂੰ ਦੋਸ਼ਾਲੇ ਭੇਟ ਕਰਕੇ ਸਨਮਾਨਤ ਕੀਤਾ। ਸਮਾਗਮ ਵਿੱਚ ਸੂਬਾ ਖਜ਼ਾਨਚੀ ਦਵਿੰਦਰ ਸਿੰਘ, ਸੂਬਾ ਆਗੂਆਂ ਕੁਲਵਿੰਦਰ ਸਿੰਘ ਬਾਗੜੀਆ, ਸਾਹਿਬ ਸਿੰਘ ਧਾਲੀਵਾਲ, ਮੋਹਨ ਸਿੰਘ ਗਿੱਲ, ਗੁਰਪ੍ਰੀਤ ਸਿੰਘ ਮਹਿਦੂਦਾਂ, ਮਨਿੰਦਰ ਸਿੰਘ ਮੁਕਤਸਰ, ਅਰੁਣ ਕੁਮਾਰ, ਅਸ਼ਵਨੀ ਕੁਮਾਰ ਆਦਿ ਨੇ ਹਿੱਸਾ ਲਿਆ। ਸਮਾਗਮ ਦੀ ਕਾਮਯਾਬੀ ਲਈ ਕਾ. ਪ੍ਰਮਾਰ ਦੇ ਪਯਰਵਾਰ ਅਤੇ ਪਾਵਰਕਾਮ ਐਂਡ ਟ੍ਰਾਂਸਕੋ ਪੈਨਸ਼ਨਰ ਯੂਨੀਅਨ ਏਟਕ ਦਿਹਾਤੀ ਸਰਕਲ ਲੁਧਿਆਣਾ ਦੇ ਸਾਥੀਆਂ ਨੇ ਸੂਬਾ ਆਗੂ ਐੱਸ ਪੀ ਸਿੰਘ ਦੀ ਅਗਵਾਈ ਹੇਠ ਦਿਲ ਖੋਲ੍ਹ ਕੇ ਆਰਥਿਕ ਸਹਾਇਤਾ ਦਿੱਤੀ। ਸਟੇਜ ਦਾ ਸੰਚਾਲਨ ਸੂਬਾ ਜਨਰਲ ਸਕੱਤਰ ਹਰਵਿੰਦਰ ਸਿੰਘ ਅਕਾਲਗੜ੍ਹ ਨੇ ਕੀਤਾ। ਸੂਬਾ ਭਰ ਤੋਂ ਸਮਾਗਮ ਵਿੱਚ ਹਿੱਸਾ ਲੈਣ ਪਹੁੰਚੇ ਆਗੂਆਂ ਦਾ ਸੂਬਾ ਪ੍ਰਧਾਨ ਮਨਜੀਤ ਸਿੰਘ ਬਾਸਰਕੇ ਨੇ ਧੰਨਵਾਦ ਕੀਤਾ।