ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਹਿਕਾਰੀ ਖੇਤਰ ਨੂੰ ਮਜ਼ਬੂਤ ਕਰਨ ਅਤੇ ਇਸ ਦੇ ਪਸਾਰ ਦੇ ਵਿਜ਼ਨ ਤਹਿਤ, ਪੰਜਾਬ ਸਿਵਲ ਸਕੱਤਰੇਤ-1 ਵਿਖੇ ਬੁੱਧਵਾਰ ਮਿਲਕਫੈੱਡ ਦੀ ਪਹਿਲੀ ਅੱਤ-ਆਧੁਨਿਕ ਵੈਂਡਿੰਗ ਮਸ਼ੀਨ ਸਥਾਪਤ ਕੀਤੀ ਗਈ। ਇਸ ਦਾ ਉਦਘਾਟਨ ਪੰਜਾਬ ਦੇ ਮੁੱਖ ਸਕੱਤਰ ਕੇ ਏ ਪੀ ਸਿਨਹਾ ਨੇ ਕੀਤਾ। ਇਹ ਮਸ਼ੀਨਾਂ ਟੈਟਰਾਪੈਕ ਫਲੇਵਰਡ ਮਿਲਕ, ਲੱਸੀ, ਫਲਾਂ ਦੇ ਜੂਸ, ਮਿਨਰਲ ਵਾਟਰ ਅਤੇ ਆਈਸ ਕਰੀਮ ਵਰਗੇ ਉਤਪਾਦਾਂ ਨੂੰ ਗਾਹਕਾਂ ਲਈ ਵਧੇਰੇ ਸੁਵਿਧਾਜਨਕ ਤਰੀਕੇ ਨਾਲ ਉਪਲੱਬਧ ਕਰਵਾਉਣਗੀਆਂ। ਇਸ ਮੌਕੇ ਵੇਰਕਾ ਦੇ ਮਸ਼ਹੂਰ ਮੈਸਕਟ ‘ਵੀਰਾ’ ਦੀ ਸਾਥਣ ‘ਗੁੱਡੀ’ ਨੂੰ ਵੀ ਉਪਭੋਗਤਾਵਾਂ ਦੇ ਰੂ-ਬਰੂ ਕੀਤਾ ਗਿਆ। ਬ੍ਰਾਂਡ ਵੇਰਕਾ ਵੱਲੋਂ ‘ਗੁੱਡੀ’ ਨੂੰ ਲਾਂਚ ਕਰਨਾ ਲਿੰਗ ਸਮਾਨਤਾ ਨੂੰ ਉਤਸ਼ਾਹਤ ਕਰਨ ਵੱਲ ਇੱਕ ਸਾਰਥਕ ਕਦਮ ਮੰਨਿਆ ਜਾ ਰਿਹਾ ਹੈ। ਮਿਲਕਫੈੱਡ ਪੰਜਾਬ ਦੇ ਮੈਨੇਜਿੰਗ ਡਾਇਰੈਕਟਰ ਰਾਹੁਲ ਗੁਪਤਾ ਨੇ ਦੱਸਿਆ ਕਿ ਵਿੱਤੀ ਸਾਲ 2025-26 ਦੌਰਾਨ ਮਿਲਕਫੈੱਡ ਦਾ ਕਾਰੋਬਾਰ ਲੱਗਭੱਗ 7,250 ਕਰੋੜ ਰੁਪਏ ਤੱਕ ਪਹੁੰਚਣ ਦਾ ਅਨੁਮਾਨ ਹੈ, ਜੋ ਕਿ ਪਿਛਲੇ ਸਾਲ ਦੇ 6,395 ਕਰੋੜ ਰੁਪਏ ਦੇ ਮੁਕਾਬਲੇ 13 ਫੀਸਦੀ ਦਾ ਸ਼ਾਨਦਾਰ ਵਾਧਾ ਹੈ।





