ਮੋਦੀ ਸਰਕਾਰ ਕਮਿਊਨਿਸਟਾਂ ਨੂੰ ਖਤਮ ਨਹੀਂ ਕਰ ਸਕਦੀ : ਬੰਤ ਬਰਾੜ

0
3

ਤਰਨ ਤਾਰਨ : ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਸੁਖਚੈਨ ਸਿੰਘ ਝਬਾਲ ਤੇ ਕਿਰਨਜੀਤ ਕੌਰ ਵਲਟੋਹਾ ਦੀ ਪ੍ਰਧਾਨਗੀ ਹੇਠ ਮਹਾਨ ਦੇਸ਼ ਭਗਤ ਅਰਜਨ ਸਿੰਘ ਗੜਗੱਜ ਭਵਨ ਤਰਨ ਤਾਰਨ ਵਿਖੇ ਸਰਗਰਮ ਪਾਰਟੀ ਮੈਂਬਰਾਂ ਦਾ ਪੰਜਾਬ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਕੇਂਦਰ ਸਰਕਾਰ ਦੀਆਂ ਲੋਕ-ਵਿਰੋਧੀ ਨੀਤੀਆਂ ਬਾਬਤ ਮਾਰਕਸਵਾਦੀ ਨਜ਼ਰੀਏ ਤੋਂ ਸਿਧਾਂਤਕ ਕੈਂਪ ਲਾਇਆ ਗਿਆ। ਕੈਂਪ ਦਾ ਉਦਘਾਟਨ ਕਰਦਿਆਂ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਹਰਭਜਨ ਸਿੰਘ ਤਰਨ ਤਾਰਨ ਨੇ ਕਿਹਾ ਕਿ ਜਿਨ੍ਹਾਂ ਬਾਬੇ ਨਾਨਕ ਨੂੰ ਪੜ੍ਹਿਆ ਅਤੇ ਉਨ੍ਹਾਂ ਦੀ ਸਿੱਖਿਆ ‘ਤੇ ਅਮਲ ਕੀਤਾ ਹੈ, ਉਹ ਹੀ ਅਸਲੀ ਸਿੱਖ ਹੋ ਸਕਦੇ ਹਨ। ਇਸੇ ਤਰ੍ਹਾਂ ਜਿਨ੍ਹਾਂ ਨੇ ਮਾਰਕਸ, ਏਂਗਲਜ਼ ਅਤੇ ਲੈਨਿਨ ਨੂੰ ਪੜ੍ਹਿਆ ਤੇ ਉਸ ‘ਤੇ ਅਮਲ ਕੀਤਾ ਹੈ, ਅਸਲੀ ਕਮਿਊਨਿਸਟ ਵੀ ਉਹ ਹੀ ਹੋ ਸਕਦੇ ਹਨ। ਮਾਰਕਸਵਾਦ ਗਿਆਨ ਹੈ। ਗਿਆਨ ਅਥਾਹ ਅਤੇ ਅਮੁੱਕ ਹੁੰਦਾ ਹੈ, ਜੋ ਕਦੀ ਵੀ ਪੂਰਾ ਨਹੀਂ ਲਿਆ ਜਾ ਸਕਦਾ। ਗਿਆਨ ਰੁਕਦਾ ਨਹੀਂ, ਗਿਆਨ ਅਗਾਂਹ ਤੋਂ ਅਗਾਂਹ, ਨਵੇਂ ਤੋਂ ਨਵਾਂ ਆਉਂਦਾ ਹੀ ਰਹਿੰਦਾ ਹੈ। ਇਸੇ ਲਈ ਮਾਰਕਸਵਾਦ ਲਕੀਰ ਦਾ ਫਕੀਰ ਨਹੀਂ ਹੋ ਸਕਦਾ, ਇਸ ਵਿੱਚ ਵੀ ਨਵਾਂ ਲੋਕ-ਪੱਖੀ ਗਿਆਨ ਜੁੜ ਸਕਦਾ ਹੈ। ਉਨ੍ਹਾ ਕਿਹਾ ਕਿ ਸਾਡੀਆਂ ਸਰਕਾਰਾਂ ਦੀਆਂ ਲੋਕ-ਵਿਰੋਧੀ ਨੀਤੀਆਂ ਤੇ ਉਨ੍ਹਾਂ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਦਾ ਸਦੀਵੀ ਹੱਲ ਆਪਣੀ ਭਾਵ ਕਮਿਊਨਿਸਟ ਸਰਕਾਰ ਕਾਇਮ ਕਰਕੇ ਹੀ ਕੱਢਿਆ ਜਾ ਸਕਦਾ ਹੈ। ਇਸ ਲਈ ਪਾਰਟੀ ਮੈਂਬਰ ਜੇ ਗਿਆਨ ਦੇ ਪੱਖ ਤੋਂ ਮਜ਼ਬੂਤ ਹੋਣਗੇ ਤਾਂ ਜਲਦੀ ਤੇ ਮਜ਼ਬੂਤੀ ਨਾਲ ਲੋਕਾਂ ਨੂੰ ਪਾਰਟੀ ਨਾਲ ਜੋੜਣਗੇ।
ਮਜ਼ਬੂਤ ਪਾਰਟੀ ਹੀ ਇਨਕਲਾਬ ਕਰ ਸਕਦੀ ਜਾਂ ਚੋਣਾਂ ਰਾਹੀਂ ਸਰਕਾਰ ਬਣਾ ਸਕਦੀ ਹੈ।ਪੰਜਾਬ ਦੇ ਕਮਿਊਨਿਸਟ ਅਧਿਆਪਕ ਤੇ ਪਾਰਟੀ ਦੇ ਸੀਨੀਅਰ ਆਗੂ ਬੰਤ ਸਿੰਘ ਬਰਾੜ ਨੇ ਕਿਹਾ ਕਿ ਹਰਭਜਨ ਸਿੰਘ ਨੇ ਠੀਕ ਹੀ ਕਿਹਾ ਕਿ ਮਾਰਕਸਵਾਦ ਰੱਟਿਆ ਹੋਇਆ ਮੂਲ ਮੰਤਰ ਨਹੀਂ ਹੈ, ਇਸ ਵਿੱਚ ਹੋਰ ਚੰਗਾ ਗੁਣਕਾਰੀ ਭਾਵ ਲੋਕ-ਪੱਖੀ ਵਾਧਾ ਕੀਤਾ ਜਾ ਸਕਦਾ ਹੈ। ਉਨ੍ਹਾ ਉਦਾਹਰਣ ਦਿੱਤੀ ਕਿ ਕਮਿਊਨਿਸਟ ਮਜ਼ਦੂਰਾਂ ਦਾ 1871 ਪੈਰਿਸ ਅਤੇ 1905 ਰੂਸ ਦਾ ਇਨਕਲਾਬ ਫੇਲ੍ਹ ਹੋਇਆ। ਲੈਨਿਨ ਨੇ ਦੋਵੇਂ ਇਨਕਲਾਬ ਫੇਲ੍ਹ ਹੋਣ ਦੇ ਕਾਰਨਾਂ ਨੂੰ ਡੂੰਘਾਈ ਨਾਲ ਘੋਖਿਆ। ਲੈਨਿਨ ਇਸ ਸਿੱਟੇ ‘ਤੇ ਪਹੁੰਚਿਆ ਕਿ ਇਹ ਇਨਕਲਾਬ ਫੇਲ੍ਹ ਹੋਣ ਦੇ ਕਾਰਨ ਕਿਸਾਨੀ ਨੂੰ ਨਾਲ ਨਾ ਲੈਣਾ ਹੈ। ਉਹ ਇਥੋਂ ਤੱਕ ਪਹੁੰਚੇ ਕਿ ਜੇ ਕਿਸਾਨ ਇਨਕਲਾਬ ਵਿੱਚ ਨਾਲ ਲਏ ਜਾਣਗੇ ਤਾਂ ਫੌਜ ਵੀ ਇਨਕਲਾਬ ਵਿੱਚ ਮਜ਼ਦੂਰਾਂ ਦਾ ਸਾਥ ਦੇਵੇਗੀ, ਕਿਉਂਕਿ ਫੌਜ ਵਿੱਚ ਜਿਆਦਾਤਰ ਸਿਪਾਹੀ ਕਿਸਾਨਾਂ ਦੇ ਪੁੱਤ ਹਨ। ਇਸ ਲਈ ਲੈਨਿਨ ਨੇ ਮਾਰਕਸ ਦੇ ਇਨਕਲਾਬੀ ਸਿਧਾਂਤ ਵਿੱਚ ਮਜ਼ਦੂਰਾਂ ਦੇ ਨਾਲ ਕਿਸਾਨਾਂ ਨੂੰ ਵੀ ਜੋੜਿਆ। ਰੂਸ ਦੀ 1917 ਦੀ ਕਰਾਂਤੀ ਮਜ਼ਦੂਰਾਂ ਤੇ ਕਿਸਾਨਾਂ ਨੇ ਕਾਮਯਾਬ ਕੀਤੀ ਸੀ। ਲੈਨਿਨ ਦੀ ਸੋਚ ਨੂੰ ਫਲ ਮਿਲ ਗਿਆ ਕਿ ਰੂਸ ਦੀ ਕਰਾਂਤੀ ਵਿੱਚ ਫੌਜ ਵੀ ਮਜ਼ਦੂਰਾਂ-ਕਿਸਾਨਾਂ ਦੇ ਨਾਲ ਵੱਡੇ ਪੱਧਰ ‘ਤੇ ਆ ਗਈ ਤੇ ਰੂਸ ਦਾ ਇਨਕਲਾਬ ਕਾਮਯਾਬ ਹੋ ਗਿਆ। ਬਰਾੜ ਨੇ ਕਿਹਾ ਕਿ ਈਰਾਨ-ਅਮਰੀਕਾ ਦੀ ਜੰਗ ਵਿੱਚ ਈਰਾਨ ਇਸ ਵੇਲੇ ਸਾਰੀ ਦੁਨੀਆ ਦਾ ਹੀਰੋ ਹੈ। ਈਰਾਨੀ ਕੌਮ ਹੀ ਐਸੀ ਹੈ ਕਿ ਮਰਦੇ ਦਮ ਤੱਕ ਵੈਰੀ ਤੋਂ ਹਾਰ ਨਹੀਂ ਮੰਨਦੀ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਸ ਵੇਲੇ ਪੂਰੀ ਦੁਨੀਆ ‘ਚ ਤੋਹੇ-ਤੋਹੇ ਹੋ ਰਹੀ ਹੈ। ਉਨ੍ਹਾ ਕਿਹਾ ਕਿ ਕਮਿਊਨਿਸਟਾਂ ਨੂੰ ਆਰ ਐੱਸ ਐੱਸ ਹਮਾਇਤ ਪ੍ਰਾਪਤ ਮੋਦੀ ਸਰਕਾਰ ਹਿੰਦੁਸਤਾਨ ‘ਚੋਂ ਖਤਮ ਨਹੀਂ ਕਰ ਸਕਦੀ। ਕਮਿਊਨਿਸਟ ਚੋਣਾਂ ਵਿੱਚ ਹਾਰੇ ਹਨ, ਮਰੇ ਨਹੀਂ। ਚੋਣ ਸਿਸਟਮ ਵਿੱਚ ਹਾਰ-ਜਿੱਤ ਹੁੰਦੀ ਰਹਿੰਦੀ ਹੈ। ਉਨ੍ਹਾ ਕਿਹਾ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਪਿੰਡ-ਪਿੰਡ ਪਾਰਟੀ ਬਰਾਂਚਾਂ ਕਾਇਮ ਕਰਕੇ ਉਨ੍ਹਾਂ ਕਮਿਊਨਿਸਟਾਂ ਨੂੰ ਗਿਆਨ ਦੇਣਾ ਹੋਵੇਗਾ। ਇਸ ਮੌਕੇ ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਸਕੱਤਰ ਦਵਿੰਦਰ ਸੋਹਲ ਨੇ ਐਲਾਨ ਕੀਤਾ ਕਿ 29 ਮਈ ਨੂੰ ਤਰਨ ਤਾਰਨ ਵਿਖੇ ਜ਼ਿਲ੍ਹਾ ਪੱਧਰ ਦੀ ਵਿਸ਼ਾਲ ਰੈਲੀ ਤੇ ਸ਼ਹਿਰ ਵਿੱਚ ਮਾਰਚ ਕੀਤਾ ਜਾਵੇਗਾ। ਇਸ ਲਈ ਸਾਰੇ ਸਾਥੀ ਤਿਆਰੀ ਵਿੱਚ ਜੁੱਟ ਜਾਣ। ਇਸ ਮੌਕੇ ਰੋਜ਼ਾਨਾ ‘ਨਵਾਂ ਜ਼ਮਾਨਾ’ ਨੂੰ ਚਲਾਉਣ ਵਾਲੀ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਪਿਰਥੀਪਾਲ ਸਿੰਘ ਮਾੜੀਮੇਘਾ, ਪੰਜਾਬ ਇਸਤਰੀ ਸਭਾ ਦੀ ਸੂਬਾ ਪ੍ਰਧਾਨ ਰਜਿੰਦਰਪਾਲ ਕੌਰ, ਪੰਜਾਬ ਖੇਤ ਮਜ਼ਦੂਰ ਸਭਾ ਦੀ ਸੂਬਾਈ ਜਨਰਲ ਸਕੱਤਰ ਦੇਵੀ ਕੁਮਾਰੀ, ਸੀ ਪੀ ਆਈ ਤਰਨ ਤਾਰਨ ਜ਼ਿਲ੍ਹੇ ਦੇ ਮੀਤ ਸਕੱਤਰ ਬਲਕਾਰ ਸਿੰਘ ਵਲਟੋਹਾ ਤੇ ਗੁਰਦਿਆਲ ਸਿੰਘ ਖਡੂਰ ਸਾਹਿਬ, ਸੀਨੀਅਰ ਕਮਿਊਨਿਸਟ ਆਗੂ ਤਾਰਾ ਸਿੰਘ ਖਹਿਰਾ ਅਤੇ ਸੀ ਪੀ ਆਈ ਦੇ ਸੂਬਾ ਕੌਂਸਲ ਮੈਂਬਰ ਗੁਰਪ੍ਰੀਤ ਸਿੰਘ ਗੰਡੀਵਿੰਡ ਨੇ ਵੀ ਸੰਬੋਧਨ ਕੀਤਾ।