ਝੋਨੇ ਦਾ ਭਾਅ 72 ਰੁਪਏ ਵਧਾਇਆ

0
2

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਆਰਥਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਬੁੱਧਵਾਰ 2026-27 ਦੇ ਮਾਰਕੀਟਿੰਗ ਸੀਜ਼ਨ ਲਈ 14 ਸਾਉਣੀ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ (ਐੱਮ ਐੱਸ ਪੀ) ਵਿੱਚ ਵਾਧੇ ਨੂੰ ਮਨਜ਼ੂਰੀ ਦਿੱਤੀ।
ਸੂਰਜਮੁਖੀ ਦੇ ਬੀਜ ਲਈ ਐੱਮ ਐੱਸ ਪੀ ਵਿੱਚ ਸਭ ਤੋਂ ਵੱਧ 622 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ, ਇਸ ਤੋਂ ਬਾਅਦ ਕਪਾਹ ਵਿੱਚ 557 ਰੁਪਏ, ਨਾਈਜਰ ਸੀਡ ‘ਚ 515 ਰੁਪਏ ਅਤੇ ਤਿਲਾਂ ‘ਚ 500 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ ਹੈ।
ਮੁੱਖ ਅਨਾਜਾਂ ਵਿੱਚੋਂ ਆਮ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ 72 ਰੁਪਏ ਵਧਾ ਕੇ 2441 ਰੁਪਏ, ਜਦਕਿ ਗ੍ਰੇਡ ਏ ਝੋਨੇ ਦਾ ਮੁੱਲ 2461 ਰੁਪਏ ਕੀਤਾ ਗਿਆ ਹੈ। ਮੱਕੀ ਦਾ ਭਾਅ 2410 ਰੁਪਏ, ਜਦੋਂ ਕਿ ਬਾਜਰੇ ਦਾ 2900 ਰੁਪਏ ਅਤੇ ਰਾਗੀ ਦਾ 5205 ਰੁਪਏ ਕੀਤਾ ਗਿਆ ਹੈ। ਅਰਹਰ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾ ਕੇ 8450 ਰੁਪਏ, ਮੂੰਗ ਦਾ 8780 ਰੁਪਏ ਅਤੇ ਮਾਂਹ ਦਾ 8200 ਰੁਪਏ ਪ੍ਰਤੀ ਕੁਇੰਟਲ ਕੀਤਾ ਗਿਆ ਹੈ। ਤੇਲ ਬੀਜ ਸ਼੍ਰੇਣੀ ਵਿੱਚ ਸੂਰਜਮੁਖੀ ਦੇ ਬੀਜ ਦਾ ਘੱਟੋ-ਘੱਟ ਸਮਰਥਨ ਮੁੱਲ 8343 ਰੁਪਏ, ਸੋਇਆਬੀਨ ਦਾ 5708 ਰੁਪਏ, ਤਿਲ ਦਾ 10346 ਰੁਪਏ, ਮੂੰਗਫਲੀ ਦਾ 7517 ਰੁਪਏ ਅਤੇ ਨਾਈਜਰ ਸੀਡ ਦਾ 10052 ਰੁਪਏ ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
ਦਰਮਿਆਨੇ ਸਟੈਪਲ ਵਾਲੀ ਕਪਾਹ ਦਾ ਘੱਟੋ-ਘੱਟ ਸਮਰਥਨ ਮੁੱਲ 8267 ਅਤੇ ਲੰਮੇ ਸਟੈਪਲ ਵਾਲੀ ਕਪਾਹ ਦਾ ਮੁੱਲ 8667 ਪ੍ਰਤੀ ਕੁਇੰਟਲ ਨਿਰਧਾਰਤ ਕੀਤਾ ਗਿਆ ਹੈ।
ਅਧਿਕਾਰਤ ਅਨੁਮਾਨਾਂ ਅਨੁਸਾਰ ਕਿਸਾਨਾਂ ਨੂੰ ਮੂੰਗੀ ਵਿੱਚ ਉਤਪਾਦਨ ਲਾਗਤ ਤੋਂ ਵੱਧ 61 ਪ੍ਰਤੀਸ਼ਤ ਦਾ ਸਭ ਤੋਂ ਵੱਧ ਮਾਰਜਨ ਮਿਲਣ ਦੀ ਉਮੀਦ ਹੈ, ਉਸ ਤੋਂ ਬਾਅਦ ਬਾਜਰਾ ਤੇ ਮੱਕੀ ਤੋਂ 56 ਪ੍ਰਤੀਸ਼ਤ ਅਤੇ ਅਰਹਰ ਤੋਂ 54 ਪ੍ਰਤੀਸ਼ਤ ਦਾ ਫਾਇਦਾ ਮਿਲੇਗਾ। ਬਾਕੀ ਫਸਲਾਂ ਲਈ ਲਾਗਤ ਤੋਂ ਵੱਧ ਮਾਰਜਨ ਲਗਭਗ 50 ਪ੍ਰਤੀਸ਼ਤ ਹੋਣ ਦਾ ਅਨੁਮਾਨ ਹੈ।