12ਵੀਂ ‘ਚ ਤਿੰਨ ਖਿਡਾਰਨਾਂ ਦੇ 500/500

0
2

ਚੰਡੀਗੜ੍ਹ (ਗੁਰਜੀਤ ਬਿੱਲਾ) ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੁੱਧਵਾਰ ਨੂੰ ਬਾਰ੍ਹਵੀਂ ਜਮਾਤ ਦੇ ਸਾਲਾਨਾ ਨਤੀਜਿਆਂ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਇਸ ਸਾਲ ਮੈਰਿਟ ਸੂਚੀ ਵਿੱਚ ਕੁੜੀਆਂ ਨੇ ਮੁੜ ਆਪਣਾ ਦਬਦਬਾ ਬਣਾਇਆ ਹੈ। ਸੂਬੇ ਦੇ ਪਹਿਲੇ ਤਿੰਨੋਂ ਸਥਾਨਾਂ ‘ਤੇ ਰਹਿਣ ਵਾਲੀਆਂ ਵਿਦਿਆਰਥਣਾਂ ਨੇ 500 ਵਿੱਚੋਂ 500 ਅੰਕ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਪਹਿਲਾ ਸਥਾਨ ਸੁਪਨੀਤ ਕੌਰ ਗੁਰੂ ਕੁਲ ਅਕੈਡਮੀ ਪਬਲਿਕ ਸੀਨੀ. ਸੈਕੰ. ਸਕੂਲ, ਉੱਭਾ ਨੇ ਪ੍ਰਾਪਤ ਕੀਤਾ ਹੈ। ਇਹ ਹੋਣਹਾਰ ਵਿਦਿਆਰਥਣ ਸ਼ੂਟਿੰਗ ਦੀ ਖਿਡਾਰਨ ਹੈ ਅਤੇ ਰਾਸ਼ਟਰੀ (ਨੈਸ਼ਨਲ) ਪੱਧਰ ‘ਤੇ ਮੈਡਲ ਜਿੱਤ ਚੁੱਕੀ ਹੈ। ਸੁਹਾਨੀ ਚੌਹਾਨ ਨੇ ਦੂਜਾ ਸਥਾਨ ਹਾਸਲ ਕੀਤਾ ਹੈ। ਸੁਹਾਨੀ ਬੇਸਬਾਲ ਦੀ ਖਿਡਾਰਨ ਹੈ। ਦਿਵਾਂਸ਼ੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਦਿਵਾਂਸੀ ਸੌਫਟਬਾਲ ਦੀ ਖਿਡਾਰਨ ਹੈ । ਨਤੀਜਿਆਂ ਤੋਂ ਬਾਅਦ ਜਿੱਥੇ ਮਾਨਸਾ ਦੇ ਪਿੰਡ ਉੱਭਾ ਵਿੱਚ ਸੁਪਨੀਤ ਕੌਰ ਦੀ ਪ੍ਰਾਪਤੀ ਦੇ ਜਸ਼ਨ ਮਨਾਏ ਜਾ ਰਹੇ ਹਨ, ਉੱਥੇ ਹੀ ਲੁਧਿਆਣਾ ਦੇ ਦੋ ਸਕੂਲਾਂ ਨੇ ਸੂਬੇ ਦੀ ਮੈਰਿਟ ਵਿੱਚ ਦੂਜਾ ਤੇ ਤੀਜਾ ਸਥਾਨ ਹਾਸਲ ਕਰਕੇ ਸਨਅਤੀ ਸ਼ਹਿਰ ਦਾ ਨਾਂਅ ਸਿੱਖਿਆ ਦੇ ਖੇਤਰ ਵਿੱਚ ਉੱਚਾ ਕੀਤਾ ਹੈ।
ਕੁੱਲ 2,65,417 ਵਿਦਿਆਰਥੀਆਂ ਨੇ 12ਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਦਿੱਤੀ, ਜਿਨ੍ਹਾਂ ਵਿੱਚੋਂ 2,42,755 ਪਾਸ ਹੋਏ। ਇਸ ਹਿਸਾਬ ਨਾਲ ਪਾਸ ਪ੍ਰਤੀਸ਼ਤਤਾ 91.46 ਫ਼ੀਸਦ ਰਹੀ। ਕਾਮਰਸ ਸਟ੍ਰੀਮ ਵਿੱਚ ਸਭ ਤੋਂ ਵੱਧ ਪਾਸ ਦਰ 98.78 ਫ਼ੀਸਦ ਦਰਜ ਕੀਤੀ ਗਈ ਹੈ, ਜਿਸ ਤਹਿਤ 34,496 ਵਿਦਿਆਰਥੀਆਂ ਵਿੱਚੋਂ 34,074 ਵਿਦਿਆਰਥੀ ਪਾਸ ਹੋਏ। ਸਾਇੰਸ ਸਟ੍ਰੀਮ ਵਿੱਚ 98.47 ਫ਼ੀਸਦ ਪਾਸ ਪ੍ਰਤੀਸ਼ਤਤਾ ਰਹੀ, 56,456 ਵਿੱਚੋਂ 55,593 ਵਿਦਿਆਰਥੀ ਪਾਸ ਹੋਏ। ਹਿਊਮੈਨਿਟੀਜ਼ ਸਟ੍ਰੀਮ ਦੇ 1,65,457 ਵਿਦਿਆਰਥੀਆਂ ਵਿੱਚੋਂ 1,45,179 ਪਾਸ ਹੋਏ, ਜਿਸ ਨਾਲ 87.74 ਫ਼ੀਸਦ ਦਰ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਵੋਕੇਸ਼ਨਲ ਸਟ੍ਰੀਮ ਵਿੱਚ 87.80 ਫ਼ੀਸਦ ਪਾਸ ਪ੍ਰਤੀਸ਼ਤਤਾ ਦਰਜ ਕੀਤੀ, ਜਿਸ ਵਿੱਚ 9,008 ਵਿਦਿਆਰਥੀਆਂ ਵਿੱਚੋਂ 7,909 ਨੇ ਪ੍ਰੀਖਿਆ ਪਾਸ ਕੀਤੀ। ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ “ਇਹ ਨਤੀਜਾ ਸਾਡੇ ਵਿਦਿਆਰਥੀਆਂ ਦੀ ਅਣਥੱਕ ਮਿਹਨਤ, ਸਾਡੇ ਅਧਿਆਪਕਾਂ ਦੇ ਸਮਰਪਣ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਬੇਮਿਸਾਲ ਸੁਧਾਰਾਂ ਨੂੰ ਉਜਾਗਰ ਕਰਦਾ ਹੈ।” ਅੱਵਲ ਰਹੀਆਂ ਤਿੰਨੋਂ ਵਿਦਿਆਰਥਣਾਂ ਦੀ ਸ਼ਾਨਦਾਰ ਉਪਲੱਬਧੀ ਲਈ ਸ਼ਲਾਘਾ ਕਰਦਿਆਂ ਬੈਂਸ ਨੇ ਸਾਰੇ ਸਫਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾ ਕਿਹਾ ਕਿ ਵੱਖ-ਵੱਖ ਸਟ੍ਰੀਮਾਂ ਵਿੱਚ ਵਿਦਿਆਰਥੀਆਂ ਵੱਲੋਂ ਪੂਰੇ ਅੰਕ ਪ੍ਰਾਪਤ ਕੀਤੇ ਗਏ ਹਨ, ਜੋ ਕਿ ਸ਼ਲਾਘਾਯੋਗ ਹੈ। ਉਨ੍ਹਾ ਨੇ ਬਿਹਤਰ ਨਤੀਜਿਆਂ ਦਾ ਸਿਹਰਾ ਡਿਜੀਟਲ ਕਲਾਸਰੂਮਾਂ, ਅਧਿਆਪਕ ਸਿਖਲਾਈ ਅਤੇ ਸਮੇਂ ਸਿਰ ਸਿਲੇਬਸ ਪੂਰਾ ਕਰਨ ਲਈ ਸੂਬਾ ਸਰਕਾਰ ਦੀ ਤਰਜੀਹ ਨੂੰ ਦਿੱਤਾ।