ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ੁੱਕਰਵਾਰ ਕਿਹਾ ਕਿ ਅਮਰੀਕਾ ਅਤੇ ਨਾਇਜੀਰੀਆ ਦੀਆਂ ਫੌਜਾਂ ਵੱਲੋਂ ਚਲਾਏ ਗਏ ਇੱਕ ਅਪਰੇਸ਼ਨ ਵਿੱਚ ਵਿਸ਼ਵ ਪੱਧਰ ‘ਤੇ ਆਈ ਐੱਸ ਆਈ ਐੱਸ ਦੇ ਦੂਜੇ ਨੰਬਰ ਦੇ ਕਮਾਂਡਰ ਅਬੂ ਬਿਲਾਲ ਅਲ ਮਿਨੂਕੀ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਟਰੰਪ ਨੇ ‘ਟਰੁੱਥ ਸੋਸ਼ਲ’ ‘ਤੇ ਇੱਕ ਪੋਸਟ ਵਿੱਚ ਕਿਹਾ, ‘ਅੱਜ ਰਾਤ, ਮੇਰੇ ਨਿਰਦੇਸ਼ਾਂ ‘ਤੇ ਬਹਾਦਰ ਅਮਰੀਕੀ ਫੌਜਾਂ ਅਤੇ ਨਾਇਜੀਰੀਆ ਦੇ ਹਥਿਆਰਬੰਦ ਬਲਾਂ ਨੇ ਦੁਨੀਆ ਦੇ ਸਭ ਤੋਂ ਸਰਗਰਮ ਅੱਤਵਾਦੀ ਨੂੰ ਯੁੱਧ ਦੇ ਮੈਦਾਨ ਤੋਂ ਖ਼ਤਮ ਕਰਨ ਲਈ ਇੱਕ ਬਾਰੀਕੀ ਨਾਲ ਯੋਜਨਾਬੱਧ ਅਤੇ ਬਹੁਤ ਹੀ ਗੁੰਝਲਦਾਰ ਮਿਸ਼ਨ ਨੂੰ ਬਿਨਾਂ ਕਿਸੇ ਨੁਕਸ ਦੇ ਅੰਜ਼ਾਮ ਦਿੱਤਾ। ਅਬੂ ਬਿਲਾਲ ਅਲ ਮਿਨੂਕੀ, ਜੋ ਕਿ ਵਿਸ਼ਵ ਪੱਧਰ ‘ਤੇ ਆਈ ਐੱਸ ਆਈ ਐੱਸ ਦਾ ਦੂਜੇ ਨੰਬਰ ਦਾ ਕਮਾਂਡਰ ਸੀ, ਸੋਚਦਾ ਸੀ ਕਿ ਉਹ ਅਫਰੀਕਾ ਵਿੱਚ ਲੁਕ ਸਕਦਾ ਹੈ, ਪਰ ਉਹ ਇਹ ਨਹੀਂ ਜਾਣਦਾ ਸੀ ਕਿ ਸਾਡੇ ਕੋਲ ਅਜਿਹੇ ਸਰੋਤ ਸਨ, ਜੋ ਸਾਨੂੰ ਉਸ ਦੀ ਹਰ ਗਤੀਵਿਧੀ ਬਾਰੇ ਸੂਚਿਤ ਰੱਖਦੇ ਸਨ।’ ਉਨ੍ਹਾ ਇਸ ਅਪਰੇਸ਼ਨ ਵਿੱਚ ਹਿੱਸੇਦਾਰੀ ਲਈ ਨਾਇਜੀਰੀਆ ਦੀ ਸਰਕਾਰ ਦਾ ਵੀ ਧੰਨਵਾਦ ਕੀਤਾ।



