ਵਿਸ਼ੇਸ਼ ਸੁਧਾਈ ਦੌਰਾਨ ਪੰਜਾਬ ‘ਚ ਹੇਰਾਫੇਰੀ ਦੇ ਆਸਾਰ ਘੱਟ : ਭਗਵੰਤ ਮਾਨ

0
1

ਚੰਡੀਗੜ੍ਹ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਨੀਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੰਜਮ ਵਰਤਣ ਦੀ ਅਪੀਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਖ਼ੁਦ ਤਾਂ ਉਹ ਵਿਦੇਸ਼ ਘੁੰਮ ਰਹੇ ਹਨ ਅਤੇ ਬਾਕੀਆਂ ਨੂੰ ਤੇਲ ਬਚਾਉਣ ਦਾ ਹੋਕਾ ਦੇ ਰਹੇ ਹਨ। ਪ੍ਰਧਾਨ ਮੰਤਰੀ ਵੱਲੋਂ ਵੀ ਵੀ ਆਈ ਪੀਜ਼ ਨੂੰ ਕਾਫ਼ਲੇ ਘਟਾਉਣ ਬਾਰੇ ਦਿੱਤੀ ਨਸੀਹਤ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਬਾਕੀਆਂ ਨੂੰ ਨਸੀਹਤਾਂ ਦੇਣ ਤੋਂ ਪਹਿਲਾਂ ਖ਼ੁਦ ‘ਘਰ ਤੋਂ ਕੰਮ’ ਸ਼ੁਰੂ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਚੋਣਾਂ ਮਗਰੋਂ ਤੇਲ ਕੀਮਤਾਂ ‘ਚ ਕੀਤੇ ਵਾਧੇ ਤੋਂ ਸੱਚ ਸਾਹਮਣੇ ਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਦੂਸਰੇ ਕਿਸੇ ਵੀ ਮੁਲਕ ਨੇ ਜੰਗ ਦੇ ਅਸਰ ਵਜੋਂ ਕੋਈ ਪਾਬੰਦੀ ਨਹੀਂ ਲਾਈ, ਜਿਸ ਤਰ੍ਹਾਂ ਭਾਰਤ ‘ਚ ਪਾਬੰਦੀਆਂ ਆਇਦ ਕੀਤੀਆਂ ਗਈਆਂ ਹਨ।
ਮੁੱਖ ਮੰਤਰੀ ਨੇ ਫਿਨਲੈਂਡ ‘ਚ ਸਿਖਲਾਈ ਲਈ 72 ਅਧਿਆਪਕਾਂ ਦੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨ ਮਗਰੋਂ ਕਿਹਾ ਕਿ ਇਹ ਅਧਿਆਪਕ 29 ਮਈ ਤੱਕ ਫਿਨਲੈਂਡ ‘ਚ ਸਿਖਲਾਈ ਲੈਣਗੇ। ਵਿਦੇਸ਼ ਸਿਖਲਾਈ ਦੇ ਨਤੀਜੇ ਵੀ ਹੁਣ ਸਾਹਮਣੇ ਆਉਣ ਲੱਗੇ ਹਨ, ਜਿਸ ਦੀ ਮਿਸਾਲ ਨੀਤੀ ਆਯੋਗ ਵੱਲੋਂ ਹਾਲ ‘ਚ ਹੀ ਪੰਜਾਬ ਨੂੰ ਨੰਬਰ ਵਨ ਐਲਾਨੇ ਜਾਣਾ ਹੈ। ਭਾਰਤੀ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ‘ਤੇ ਮੁੱਖ ਮੰਤਰੀ ਤਸੱਲੀ ਜ਼ਾਹਰ ਕਰਦੇ ਨਜ਼ਰ ਆਏ। ਉਨ੍ਹਾ ਕਿਹਾ ਕਿ ਪੱਛਮੀ ਬੰਗਾਲ ਜਾਂ ਹਰਿਆਣਾ ਦੀ ਤਰ੍ਹਾਂ ਪੰਜਾਬ ‘ਚ ਵੋਟਰਾਂ ਦੀ ਵੱਡੀ ਕਾਂਟ-ਛਾਂਟ ਕੀਤੀ ਜਾਣੀ ਸੰਭਵ ਨਹੀਂ, ਕਿਉਂਕਿ ਲੋਕ ਇੱਕ-ਦੂਜੇ ਨਾਲ ਨੇੜਿਓਂ ਜੁੜੇ ਹੋਏ ਹਨ। ਪੰਜਾਬ ‘ਚ ਵਿਸ਼ੇਸ਼ ਸੁਧਾਈ ਦੌਰਾਨ ਹੇਰਾਫੇਰੀ ਦੇ ਬਹੁਤ ਘੱਟ ਆਸਾਰ ਹਨ। ਉਨ੍ਹਾਂ ਕਿਹਾ ਕਿ ਐੱਸ ਆਈ ਆਰ ਪੰਜਾਬ ‘ਚ ਇਮਾਨਦਾਰੀ ਨਾਲ ਹੋਵੇ। ਉਨ੍ਹਾ ਦੱਸਿਆ ਕਿ ‘ਆਪ’ ਵੱਲੋਂ ਸੁਧਾਈ ਦੌਰਾਨ ਵਲੰਟੀਅਰ ਤਾਇਨਾਤ ਰਹਿਣਗੇ ਅਤੇ ਚੋਣ ਕਮਿਸ਼ਨ ਨੂੰ ਵੀ ਸੁਧਾਈ ਪ੍ਰਕਿਰਿਆ ਦੌਰਾਨ ਸਭ ਦੀ ਤਸੱਲੀ ਕਰਾਉਣੀ ਚਾਹੀਦੀ ਹੈ।
ਮੁੱਖ ਮੰਤਰੀ ਨੇ ਨਿਗਮ ਤੇ ਕੌਂਸਲ ਚੋਣਾਂ ਵੱਡੇ ਬਹੁਮਤ ਨਾਲ ਜਿੱਤਣ ਦਾ ਦਾਅਵਾ ਕੀਤਾ। ਉਨ੍ਹਾ ਕਿਹਾ ਕਿ ਪਹਿਲਾਂ ਪੰਚਾਇਤ ਚੋਣਾਂ ‘ਚ ਲੋਕਾਂ ਨੇ ‘ਆਪ’ ਦੇ ਹੱਕ ‘ਚ ਫ਼ਤਵਾ ਦਿੱਤਾ ਹੈ ਅਤੇ ਹੁਣ ਸ਼ਹਿਰੀ ਲੋਕ ਵੀ ‘ਆਪ’ ਸਰਕਾਰ ਦੇ ਕੰਮਾਂ ‘ਤੇ ਮੋਹਰ ਲਾਉਣਗੇ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਨੂੰ ਐੱਨ ਓ ਸੀ ਨਾ ਮਿਲਣ ਦੇ ਸੁਆਲ ਦੇ ਜੁਆਬ ‘ਚ ਮੁੱਖ ਮੰਤਰੀ ਨੇ ਕਿਹਾ, ‘ਸ਼ਰੋਮਣੀ ਅਕਾਲੀ ਦਲ ਨੂੰ ਤਾਂ ਲੋਕ ਹੀ ਐੱਨ ਓ ਸੀ ਨਹੀਂ ਦੇ ਰਹੇ।’
ਮੁੱਖ ਮੰਤਰੀ ਨੇ ਹਰਿਆਣਾ ਨੂੰ ਪਾਣੀ ਦਿੱਤੇ ਜਾਣ ਦੇ ਬਾਰੇ ਟਿੱਪਣੀ ਕਰਦਿਆਂ ਕਿਹਾ ਕਿ ਨਿਰਧਾਰਿਤ ਸਮੇਂ ‘ਤੇ ਹਰਿਆਣਾ ਨੂੰ ਬਣਦਾ ਪਾਣੀ ਮਿਲੇਗਾ। ਉਨ੍ਹਾ ਇਹ ਵੀ ਪੁਸ਼ਟੀ ਕੀਤੀ ਕਿ ਅਕਾਲੀ ਨੇਤਾ ਸੁਰਜੀਤ ਸਿੰਘ ਰੱਖੜਾ ਬੇਅਦਬੀ ਖ਼ਿਲਾਫ਼ ਕਾਨੂੰਨ ਤੋਂ ਪ੍ਰਭਾਵਤ ਹੋ ਕੇ ‘ਆਪ’ ‘ਚ ਸ਼ਮੂਲੀਅਤ ਕਰ ਰਹੇ ਹਨ। ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਹਾਜ਼ਰ ਸਨ।