ਸਿੱਖਾਂ ਦੀ ਘਟ ਰਹੀ ਆਬਾਦੀ ਨੂੰ ਰੋਕਣ ਲਈ ਮੁੱਖ ਮੰਤਰੀ ਨੂੰ ਪੱਤਰ

0
11

ਅੰਮ੍ਰਿਤਸਰ : ਪੰਜਾਬ ਵਿੱਚ ਘਟ ਰਹੀ ਸਿੱਖ ਆਬਾਦੀ ਦੇ ਮੱਦੇਨਜ਼ਰ, ਸਿੱਖ ਜਨਸੰਖਿਆ ਨੂੰ ਵਧਾਉਣ ਲਈ ਸਰਕਾਰੀ ਪ੍ਰੋਤਸਾਹਨ ਦੇਣ ਦੀ ਮੰਗ ਉੱਭਰੀ ਹੈ। ਇਸ ਸੰਬੰਧ ਵਿੱਚ ਐਤਵਾਰ ਨੂੰ ਭਾਜਪਾ ਆਗੂ ਅਤੇ ਸਾਬਕਾ ਆਈ ਏ ਐੱਸ ਅਧਿਕਾਰੀ ਡਾ. ਜਗਮੋਹਨ ਸਿੰਘ ਰਾਜੂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿੱਚ ਭਾਜਪਾ ਆਗੂ ਨੇ ਮੁੱਖ ਮੰਤਰੀ ਨੂੰ ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਹਾਲ ਹੀ ਵਿੱਚ ਆਬਾਦੀ ਵਧਾਉਣ ਲਈ ਐਲਾਨੇ ਗਏ ਇੱਕ ਮਾਡਲ ਦਾ ਹਵਾਲਾ ਦਿੱਤਾ ਹੈ, ਜਿਸ ਵਿੱਚ ਤੀਜੇ ਬੱਚੇ ਦੇ ਜਨਮ ‘ਤੇ 30 ਹਜ਼ਾਰ ਰੁਪਏ ਅਤੇ ਚੌਥੇ ਬੱਚੇ ਲਈ 40 ਹਜ਼ਾਰ ਰੁਪਏ ਸਰਕਾਰ ਵੱਲੋਂ ਬਤੌਰ ਪ੍ਰੋਤਸਾਹਨ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਨੇ ਮੁੱਖ ਮੰਤਰੀ ਨੂੰ ਪੰਜਾਬ ਵਿੱਚ ਸਿੱਖਾਂ ਦੀ ਘਟ ਰਹੀ ਆਬਾਦੀ ਦਾ ਹਵਾਲਾ ਦਿੰਦਿਆਂ, ਇਸੇ ਤਰ੍ਹਾਂ ਦਾ ਮਾਡਲ ਪੰਜਾਬ ਵਿੱਚ ਵੀ ਲਾਗੂ ਕਰਨ ਦਾ ਸੁਝਾਅ ਦਿੱਤਾ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਭਾਰਤ ਵਿੱਚ ਸੰਵਿਧਾਨਕ ਤੌਰ ‘ਤੇ ਮਾਨਤਾ ਪ੍ਰਾਪਤ ਘੱਟ ਗਿਣਤੀ ਕੌਮ ਹੈ। ਐੱਨ ਐੱਫ ਐੱਚ ਐੱਸ ਦੇ ਅੰਕੜਿਆਂ ਅਨੁਸਾਰ, ਸਿੱਖਾਂ ਦੀ ਜਨਮ ਦਰ ਦੇਸ਼ ਦੇ ਮੁੱਖ ਭਾਈਚਾਰਿਆਂ ਵਿੱਚੋਂ ਸਭ ਤੋਂ ਘੱਟ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕੁੱਲ ਆਬਾਦੀ ਵਿੱਚ ਸਿੱਖਾਂ ਦਾ ਹਿੱਸਾ ਸਾਲ 1991 ਵਿੱਚ 62.95 ਫੀਸਦੀ ਸੀ, ਜੋ ਘਟ ਕੇ ਸਾਲ 2011 ਦੀ ਮਰਦਮਸ਼ੁਮਾਰੀ ਵਿੱਚ 57.69 ਫੀਸਦੀ ਰਹਿ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਅੰਕੜੇ ਇਸ ਗੱਲ ਦਾ ਸੰਕੇਤ ਹਨ ਕਿ ਇਹ ਰੁਝਾਨ ਅਜੇ ਵੀ ਜਾਰੀ ਹੈ। ਇਸ ਨੂੰ ਰੋਕਿਆ ਜਾਣਾ ਚਾਹੀਦਾ ਹੈ।