ਜੈਤੋ : ਨਗਰ ਕੌਂਸਲ ਜੈਤੋ ਦੀਆਂ ਆਮ ਚੋਣਾਂ ‘ਚ ਆਮ ਆਦਮੀ ਪਾਰਟੀ (ਆਪ) ਦੀ ਸੋਹਣੀ ‘ਬੋਹਣੀ’ ਹੋ ਗਈ ਹੈ। ਪਾਰਟੀ ਦੀ ਇੱਕ ਨੰਬਰ ਵਾਰਡ ਤੋਂ ਉਮੀਦਵਾਰ ਪ੍ਰੀਤਮ ਕੌਰ ਨਿਰ-ਵਿਰੋਧ ਕੌਂਸਲਰ ਚੁਣ ਲਏ ਗਏ ਹਨ। ਕੌਂਸਲਰ ਪ੍ਰੀਤਮ ਕੌਰ ਅਤੇ ਉਨ੍ਹਾਂ ਦੇ ਪਤੀ ਜਗਦੀਸ਼ ਸਿੰਘ ਨੂੰ ਵਧਾਈਆਂ ਦੇਣ ਲਈ ਉਨ੍ਹਾਂ ਦੀ ਸਥਾਨਕ ਰਿਹਾਇਸ਼ਗਾਹ ‘ਤੇ ਤਾਂਤਾ ਲੱਗ ਗਿਆ ਹੈ। ਜਸ਼ਨ ਦੇ ਉਪਜੇ ਮਾਹੌਲ ‘ਚ ਗੁਲਾਲ ਖੇਡਿਆ ਜਾ ਰਿਹਾ ਹੈ ਅਤੇ ਢੋਲ ਦੀ ਥਾਪ ‘ਤੇ ਭੰਗੜੇ ਪੈ ਰਹੇ ਹਨ। ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਜੇਤੂ ਪ੍ਰੀਤਮ ਕੌਰ ਨੂੰ ਮੁਬਾਰਕਬਾਦ ਦੇਣ ਲਈ ਉਨ੍ਹਾਂ ਦੇ ਘਰ ਪੁੱਜੇ ਅਤੇ ਉਮੀਦ ਜਿਤਾਈ ਕਿ ਬੀਬੀ ਪ੍ਰੀਤਮ ਕੌਰ ਆਪਣੇ ਵਾਰਡ ਸਮੇਤ ਸਮੁੱਚੇ ਸ਼ਹਿਰ ਦੀ ਬਿਹਤਰੀ ਲਈ ਨਗਰ ਕੌਂਸਲ ਵਿੱਚ ਕਾਰਜ ਕਰਨਗੇ। ਕਾਂਗਰਸੀ ਉਮੀਦਵਾਰ 16 ਮਈ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਾਉਣ ਲਈ ਆਖ਼ਰੀ ਸਮੇਂ 3 ਵਜੇ ਤੋਂ ਵੀ ਕਾਫੀ ਚਿਰ ਬਾਅਦ ਚੋਣ ਅਧਿਕਾਰੀ ਨੂੰ ਆਪਣੇ ਪੇਪਰ ਦੇਣ ਪੁੱਜਾ। ਅਜਿਹੀ ਸਥਿਤੀ ‘ਚ ਉਸ ਦੇ ਪੇਪਰ ਸਵੀਕਾਰ ਨਾ ਹੋ ਸਕੇ ਅਤੇ ਉਸ ਨੂੰ ਬੇਰੰਗ ਵਾਪਸ ਪਰਤਣਾ ਪਿਆ।




