ਲਾਹੌਰ ‘ਚ ਚੌਕਾਂ ਦੇ ਪੁਰਾਣੇ ਹਿੰਦੂ ਨਾਂਅ ਬਹਾਲ

0
12

ਲਾਹੌਰ : ਇੱਥੋਂ ਦਾ ਇਸਲਾਮਪੁਰਾ ਹੁਣ ਪੁਰਾਣੇ ਨਾਂਅ ਕ੍ਰਿਸ਼ਨਾ ਨਗਰ ਅਤੇ ਬਾਬਰੀ ਮਸਜਿਦ ਚੌਕ ਜੈਨ ਮੰਦਰ ਚੌਕ ਵਜੋਂ ਜਾਣਿਆ ਜਾਵੇਗਾ। ਇਨ੍ਹਾਂ ਤੋਂ ਇਲਾਵਾ ਸੁੰਨਤ ਨਗਰ ਦਾ ਨਾਂਅ ਮੁੜ ਸੰਤ ਨਗਰ, ਮੌਲਾਨਾ ਜ਼ਫਰ ਚੌਕ ਦਾ ਲਕਸ਼ਮੀ ਚੌਕ, ਮੁਸਤਫਾਬਾਦ ਦਾ ਧਰਮਪੁਰਾ, ਸਰ ਆਗਾ ਖਾਨ ਚੌਕ ਦਾ ਡੇਵਿਸ ਰੋਡ, ਅਲਾਮਾ ਇਕਬਾਲ ਰੋਡ ਦਾ ਜੇਲ੍ਹ ਰੋਡ, ਫਾਤਿਮਾ ਜਿਨਾਹ ਦਾ ਕੁਈਨਜ਼ ਰੋਡ ਤੇ ਬਾਗ-ਇ-ਜਿਨਾਹ ਦਾ ਲਾਰੈਂਸ ਰੋਡ ਕਰ ਦਿੱਤਾ ਗਿਆ ਹੈ। ਇਨ੍ਹਾਂ ਤਬਦੀਲੀਆਂ ਲਈ ਸਾਈਨ ਵੀ ਲਗਾਏ ਗਏ ਹਨ। ਇਹ ਵੀ ਕਮਾਲ ਦੀ ਗੱਲ ਹੈ ਕਿ ਕਿਸੇ ਵੀ ਕੱਟੜਪੰਥੀ ਸਮੂਹ ਨੇ ਇਸ ਤਬਦੀਲੀ ਵਿਰੁੱਧ ਕੋਈ ਵਿਰੋਧ ਪ੍ਰਦਰਸ਼ਨ ਨਹੀਂ ਕੀਤਾ।
ਲਹਿੰਦੇ ਪੰਜਾਬ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਮੁਤਾਬਕ ਦਿੱਲੀ ਗੇਟ ਸਮੇਤ ਅੰਦਰੂਨੀ ਸ਼ਹਿਰ ਲਾਹੌਰ ਦੇ ਸਾਰੇ ਅੱਠ ਦਰਵਾਜ਼ਿਆਂ ਦਾ ਨਵੀਨੀਕਰਨ ਕੀਤਾ ਜਾਵੇਗਾ। ਸੂਤਰ ਦੱਸਦੇ ਹਨ ਕਿ ਨਾਂਅ ਤਬਦੀਲੀ ਦੇ ਦੂਜੇ ਪੜਾਅ ਵਿੱਚ ਪਾਕਿਸਤਾਨ ਦੇ ਸਿੰਧ ਅਤੇ ਖੈਬਰ ਪਖਤੂਨਖਵਾ ਪ੍ਰਾਂਤਾਂ ਦੇ ਅਸਲ ਨਾਂਅ ਵੀ ਵਾਪਸ ਆ ਸਕਦੇ ਹਨ। ਲਾਹੌਰ ਦੀ ਬੀਕਨ ਹਾਊਸ ਯੂਨੀਵਰਸਿਟੀ ਦੇ ਲੈਕਚਰਾਰ ਸਾਦ ਮਲਿਕ ਨੇ ਕਿਹਾ ਕਿ ਇਹ ਸੁਹਾਉਣਾ ਬਦਲਾਅ ਹਨ। ‘ਮੈਂ ਮੌਲਾਨਾ ਜਫਰ ਚੌਕ ਨੂੰ ਹਮੇਸ਼ਾ ਲਕਸ਼ਮੀ ਚੌਕ ਕਹਿੰਦਾ ਸੀ, ਕਿਉਂਕਿ ਮੇਰੇ ਪਿਤਾ ਜੀ ਇਸ ਨੂੰ ਇਹੀ ਕਹਿੰਦੇ ਸਨ। ਮੇਰੇ ਅਤੇ ਮੇਰੇ ਵਰਗੇ ਬਹੁਤ ਸਾਰੇ ਲੋਕਾਂ ਲਈ ਲਕਸ਼ਮੀ ਚੌਕ ਇੱਕ ਵਿਰਾਸਤ ਦਾ ਹਿੱਸਾ ਹੈ, ਜਿਸ ਦਾ ਜ਼ਫਰ ਅਲੀ ਖਾਨ ਨਾਲ ਕੋਈ ਲੈਣਾ-ਦੇਣਾ ਨਹੀਂ। ਲਕਸ਼ਮੀ ਚੌਕ ਇੱਕ ਅਜਿਹਾ ਨਾਂਅ ਹੈ, ਜੋ ਪੀੜ੍ਹੀਆਂ ਨਾਲ ਜੁੜਿਆ ਹੋਇਆ ਹੈ।’
ਜੈਨ ਮੰਦਰ ਦੇ ਨੇੜੇ ਅਨਾਰਕਲੀ ਇਲਾਕੇ ਦੇ ਮੌਲਾਨਾ ਵਾਜਿਦ ਕਾਦਰੀ ਦਾ ਮੰਨਣਾ ਹੈ ਕਿ ਇਸਲਾਮ ਨੂੰ ਕਿਸੇ ਵੀ ਮੰਦਰ ਜਾਂ ਗੁਰਦੁਆਰੇ ਨਾਲ ਕੋਈ ਸਮੱਸਿਆ ਨਹੀਂ। 1990 ਦੇ ਦਹਾਕੇ ਵਿੱਚ ਜੈਨ ਮੰਦਰ ਚੌਕ ਦਾ ਨਾਂਅ ਬਦਲ ਕੇ ਬਾਬਰੀ ਮਸਜਿਦ ਚੌਕ ਰੱਖਿਆ ਗਿਆ ਸੀ। ਇਹ ਇੱਕ ਸਿਆਸੀ ਫੈਸਲਾ ਸੀ। ਲੋਕਾਂ ਨੇ ਇਸ ਨੂੰ ਕਦੇ ਵੀ ਬਾਬਰੀ ਮਸਜਿਦ ਚੌਕ ਨਹੀਂ ਕਿਹਾ। ਇਹ ਸਮਝਣਾ ਚਾਹੀਦਾ ਹੈ ਕਿ ਜਿਨ੍ਹਾਂ ਪੁਰਖਿਆਂ ਨੇ ਇਹ ਹਿੰਦੂ ਨਾਂਅ ਦਿੱਤੇ ਸਨ, ਉਹ ਵੀ ਮੁਸਲਮਾਨ ਸਨ ਅਤੇ ਉਨ੍ਹਾਂ ਦੀ ਆਸਥਾ ਇਸ ਨਾਲ ਪ੍ਰਭਾਵਤ ਨਹੀਂ ਹੋਈ।
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਅਤੇ ਉਨ੍ਹਾ ਦੀ ਬੇਟੀ ਮਰੀਅਮ ਨਵਾਜ਼ ਨੇ 19 ਮਾਰਚ ਨੂੰ ਲਾਹੌਰ ਹੈਰੀਟੇਜ ਏਰੀਆ ਰੀਵਾਈਵਲ ਪ੍ਰੋਜੈਕਟ ‘ਤੇ ਚਰਚਾ ਕਰਨ ਲਈ ਇੱਕ ਉੱਚ ਪੱਧਰੀ ਮੀਟਿੰਗ ਕੀਤੀ। ਇਸ ਵਿੱਚ ਲਾਹੌਰ ਦੇ ਸਾਬਕਾ ਹਿੰਦੂ ਜਾਂ ਬ੍ਰਿਟਿਸ਼ ਵਿਰਾਸਤੀ ਇਲਾਕਿਆਂ ਦਾ ਨਾਂਅ ਬਦਲਣ ਦਾ ਫੈਸਲਾ ਕੀਤਾ ਗਿਆ। ਨਵਾਜ਼ ਸ਼ਰੀਫ਼ ਨੇ ਕਿਹਾ, ‘ਸਾਨੂੰ ਯੂਰਪ ਤੋਂ ਸਿੱਖਣਾ ਚਾਹੀਦਾ ਹੈ। ਉਹ ਇਤਿਹਾਸਕ ਨਾਵਾਂ ਨਾਲ ਛੇੜਛਾੜ ਨਹੀਂ ਕਰਦੇ। ਲਾਹੌਰ ਦੇ ਪੁਰਾਣੇ ਨਾਂਅ ਸਾਡਾ ਇਤਿਹਾਸ ਹਨ ਅਤੇ ਸਾਨੂੰ ਉਨ੍ਹਾਂ ਨੂੰ ਸੰਭਾਲਣਾ ਚਾਹੀਦਾ ਹੈ, ਉਨ੍ਹਾਂ ਨੂੰ ਬਦਲਣਾ ਨਹੀਂ ਚਾਹੀਦਾ।’ ਮਰੀਅਮ ਨੇ ਕਿਹਾ ਕਿ ਲਾਹੌਰ ਦਾ ਇਤਿਹਾਸ ਇਸ ਦੀ ਪਛਾਣ ਹੈ। ਪੁਰਾਣੇ ਨਾਂਅ ਅਤੇ ਇਮਾਰਤਾਂ ਇਸ ਦਾ ਸਬੂਤ ਹਨ।
ਕੱਟੜਤਾ ਦੇ ਨਾਂਅ ‘ਤੇ ਸੜਕਾਂ ‘ਤੇ ਹਿੰਸਾ ਭੜਕਾਉਣ ਲਈ ਬਦਨਾਮ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ ਐੱਲ ਪੀ) ‘ਤੇ ਮਰੀਅਮ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ। ਇਸ ਲਈ ਕੋਈ ਵਿਰੋਧ ਨਹੀਂ ਹੋਇਆ। ਲਸ਼ਕਰ-ਏ-ਤਈਬਾ ਨੇ ਵੀ ਅਸਲ ਨਾਂਅ ‘ਤੇ ਇਤਰਾਜ਼ ਨਹੀਂ ਕੀਤਾ।
ਲਾਹੌਰ ਵਿੱਚ ਨਾਂਅ ਬਦਲਣ ਦੀ ਸ਼ੁਰੂਆਤ 1990 ਦੇ ਦਹਾਕੇ ਵਿੱਚ ਬਾਬਰੀ ਮਸਜਿਦ ਢਾਹੁਣ ਤੋਂ ਬਾਅਦ ਹੋਈ ਸੀ। ਉਸ ਸਮੇਂ ਦੌਰਾਨ ਕੇਂਦਰੀ ਸਰਕਾਰਾਂ ਦੀ ਅਗਵਾਈ ਨਵਾਜ਼ ਸ਼ਰੀਫ, ਫਿਰ ਬੇਨਜ਼ੀਰ ਭੁੱਟੋ ਅਤੇ ਫਿਰ ਪਰਵੇਜ਼ ਮੁਸ਼ੱਰਫ ਨੇ ਕੀਤੀ। 2018 ਤੋਂ 2022 ਤੱਕ ਪ੍ਰਧਾਨ ਮੰਤਰੀ ਰਹੇ ਇਮਰਾਨ ਖਾਨ ਦੇ ਕਾਰਜਕਾਲ ਦੌਰਾਨ ਕੋਈ ਨਾਂਅ ਬਦਲਣ ਦੀ ਕਾਰਵਾਈ ਨਹੀਂ ਹੋਈ।