ਕਾਮਰੇਡ ਰੂੜਾ ਰਾਮ ਪਰਜੀਆਂ ਨਹੀਂ ਰਹੇ, ਅੰਤਮ ਸੰਸਕਾਰ ਅੱਜ

0
9

ਸ਼ਾਹਕੋਟ (ਗਿਆਨ ਸੈਦਪੁਰੀ)-ਇਹ ਖਬਰ ਕਮਿਊਨਿਸਟ ਧਿਰਾਂ ਵਿੱਚ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਕਾਮਰੇਡ ਰੂੜਾ ਰਾਮ ਪਰਜੀਆਂ ਨਹੀਂ ਰਹੇ। ਉਨ੍ਹਾ ਸੋਮਵਾਰ ਬਾਅਦ ਦੁਪਹਿਰ 4 ਵਜੇ ਆਖਰੀ ਸਾਹ ਲਿਆ।ਕਾਮਰੇਡ ਰੂੜਾ ਰਾਮ ਲੋਕ ਹਿੱਤਾਂ ਲਈ ਲੜਨ ਵਾਲੇ ਯੋਧਾ ਸਨ। ਉਹ ਭਾਰਤੀ ਕਮਿਊਨਿਸਟ ਪਾਰਟੀ ਦੇ ਅਹਿਮ ਆਗੂ ਸਨ। ਉਹ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਜਨਰਲ ਕੌਂਸਲ ਦੇ ਮੈਂਬਰ ਅਤੇ ਪੰਜਾਬ ਖੇਤ ਮਜ਼ਦੂਰ ਸਭਾ ਦੇ ਮੀਤ ਪ੍ਰਧਾਨ ਵੀ ਰਹੇ। ਅੱਜਕੱਲ੍ਹ ਉਹ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਸ੍ਰਪਰਸਤ ਸਨ। ਉਹ ‘ਨਵਾਂ ਜ਼ਮਾਨਾ’ ਦੇ ਵੱਡੇ ਪ੍ਰਸੰਸਕ ਤੇ ਹਿਤੈਸ਼ੀ ਸਨ। ਉਹਨਾ ਦਾ ਅੰਤਮ ਸੰਸਕਾਰ 19 ਮਈ (ਮੰਗਲਵਾਰ) ਨੂੰ ਸਵੇਰੇ 11 ਵਜੇ ਉਹਨਾ ਦੇ ਪਿੰਡ ਪਰਜੀਆਂ ਕਲਾਂ ਵਿੱਚ ਕੀਤਾ ਜਾਵੇਗਾ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਗੁਲਜਾਰ ਸਿੰਘ ਗੋਰੀਆ, ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ, ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਸੀ ਪੀ ਆਈ ਜਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਆਗੂ ਸਿਕੰਦਰ ਸੰਧੂ, ਪ੍ਰਧਾਨ ਵੀਰ ਕੁਮਾਰ, ਭੱਠਾ ਮਜ਼ਦੂਰ ਆਗੂ ਸੁਨੀਲ ਕੁਮਾਰ, ਸੀ ਪੀ ਆਈ ਤਹਿਸੀਲ ਸ਼ਾਹਕੋਟ ਦੇ ਮੀਤ ਸਕੱਤਰ ਰਜਿੰਦਰ ਹੈਪੀ, ਸਵਰਨ ਭੋਏਪੁਰੀ ਅਤੇ ਸੀ ਪੀ ਆਈ (ਐੱਮ) ਦੇ ਆਗੂ ਵਰਿੰਦਰ ਪਾਲ ਸਿੰਘ ਕਾਲਾ ਨੇ ਕਾਮਰੇਡ ਰੂੜਾ ਰਾਮ ਦੀ ਮੌਤ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ।ਕੁਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਸੂਰਤ ਸਿੰਘ ਧਰਮਕੋਟ ਨੇ ਇੱਕ ਵੱਖਰੇ ਸ਼ੋਕ ਸੰਦੇਸ਼ ਵਿੱਚ ਕਾਮਰੇਡ ਰੂੜਾ ਰਾਮ ਨੂੰ ਇੱਕ ਪ੍ਰਤੀਬੱਧ ਕਮਿਊਨਿਸਟ ਆਗੂ ਦੱਸਿਆ।