ਜਲੰਧਰ (ਨ ਜ਼ ਸ)- ਪੰਜਾਬ ਭਰ ਵਿੱਚ ਜ਼ਰੂਰੀ ਦਵਾਈਆਂ ਦੀ ਉਪਲੱਬਧਤਾ 20 ਮਈ (ਬੁੱਧਵਾਰ) ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ ਕਿਉਂਕਿ ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ ਵੱਲੋਂ ਦੇਸ਼-ਵਿਆਪੀ ਹੜਤਾਲ ਦੇ ਦਿੱਤੇ ਸੱਦੇ ਦੇ ਸਮਰਥਨ ਵਿੱਚ ਕਰੀਬ 27,000 ਰਿਟੇਲ ਅਤੇ ਹੋਲਸੇਲ ਕੈਮਿਸਟ ਆਪਣੀਆਂ ਦੁਕਾਨਾਂ ਬੰਦ ਰੱਖਣ ਜਾ ਰਹੇ ਹਨ। ਇਹ ਵਿਰੋਧ ਪ੍ਰਦਰਸ਼ਨ ਮੁੱਖ ਤੌਰ ‘ਤੇ ਦਵਾਈਆਂ ਦੀ ਆਨਲਾਈਨ ਵਿਕਰੀ ਅਤੇ ਈ-ਫਾਰਮੇਸੀ ਪਲੇਟਫਾਰਮਾਂ ਵੱਲੋਂ ਦਿੱਤੀ ਜਾਣ ਵਾਲੀ ਭਾਰੀ ਛੋਟ ਦੇ ਖ਼ਿਲਾਫ਼ ਹੈ । ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਦੱਸਿਆ ਕਿ ਇਹ ਹੜਤਾਲ ਬੁੱਧਵਾਰ ਰਾਤ 12 ਵਜੇ ਤੋਂ ਵੀਰਵਾਰ ਰਾਤ 12 ਵਜੇ ਤੱਕ ਲਾਗੂ ਰਹੇਗੀ। ਲੁਧਿਆਣਾ ਡਿਸਟ੍ਰਿਕਟ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਜੀ.ਐੱਸ. ਚਾਵਲਾ ਨੇ ਦੱਸਿਆ ਕਿ ਬੁੱਧਵਾਰ ਨੂੰ ਲੁਧਿਆਣਾ ਵਿੱਚ ਕਰੀਬ 3,253 ਰਿਟੇਲ ਅਤੇ ਹੋਲਸੇਲ ਦਵਾਈਆਂ ਦੀਆਂ ਦੁਕਾਨਾਂ ਬੰਦ ਰਹਿਣਗੀਆਂ। ਜਲੰਧਰ ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸੰਜੇ ਸਹਿਗਲ ਨੇ ਦੱਸਿਆ ਕਿ ਸ਼ਹਿਰ ਦੇ ਸਭ ਤੋਂ ਵੱਡੇ ਹੋਲਸੇਲ ਫਾਰਮਾਸਿਊਟੀਕਲ ਹੱਬ, ਦਿਲਕੁਸ਼ਾ ਮਾਰਕੀਟ ਦੇ ਕੈਮਿਸਟਾਂ ਵੱਲੋਂ ਕੰਮਕਾਜ ਜਾਰੀ ਰੱਖਣ ਦੀ ਸੰਭਾਵਨਾ ਹੈ।



