ਸ਼ਾਹਕੋਟ (ਗਿਆਨ ਸੈਦਪੁਰੀ)-ਭਾਰਤੀ ਕਮਿਊਨਿਸਟ ਪਾਰਟੀ ਦੇ ਸੀਨੀਅਰ ਆਗੂ ਤੇ ਪੰਜਾਬ ਖੇਤ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਸਰਪ੍ਰਸਤ ਕਾਮਰੇਡ ਰੂੜਾ ਰਾਮ ਪਰਜੀਆਂ ਦਾ ਮੰਗਲਵਾਰ ਨੂੰ ਪਿੰਡ ਪਰਜੀਆਂ ਕਲਾਂ ਦੇ ਸ਼ਮਸ਼ਾਨ ਘਾਟ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੀ ਅੰਤਮ ਯਾਤਰਾ ਵਿੱਚ ਸੈਂਕੜੇ ਲੋਕ ਸ਼ਾਮਲ ਹੋਏ। ਭਾਰਤੀ ਕਮਿਊਨਿਸਟ ਪਾਰਟੀ ਤੇ ਪੰਜਾਬ ਖੇਤ ਮਜ਼ਦੂਰ ਸਭਾ ਨੇ ਉਨ੍ਹਾਂ ਦੀ ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾ ਕੇ ਇਨਕਲਾਬੀ ਨਾਹਰਿਆਂ ਨਾਲ ਉਨ੍ਹਾਂ ਨੂੰ ਅੰਤਮ ਵਿਦਾਇਗੀ ਦਿੱਤੀ। ਮ੍ਰਿਤਕ ਦੇਹ ‘ਤੇ ਲਾਲ ਝੰਡਾ ਪਾਉਣ ਦੀ ਰਸਮ ਨਵਾਂ ਜ਼ਮਾਨਾ ਦੇ ਸੰਪਾਦਕ ਕਾਮਰੇਡ ਚੰਦ ਫਤਿਹਪੁਰੀ ਤੇ ਹੋਰਨਾਂ ਨੇ ਨਿਭਾਈ। ਇਸ ਮੌਕੇ ਕਮਿਊਨਿਸਟ ਆਗੂ ਅਤੇ ਨਵਾਂ ਜ਼ਮਾਨਾ ਦੇ ਸਕੱਤਰ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਅਤੇ ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ ਨੇ ਮਰਹੂਮ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਕਾਮਰੇਡ ਰੂੜਾ ਰਾਮ ਦੇ ਸੰਘਰਸ਼ ਭਰੇ ਜੀਵਨ ‘ਤੇ ਸੰਖੇਪ ਰੌਸ਼ਨੀ ਪਾਈ ਅਤੇ ਪਰਵਾਰ ਨਾਲ ਵਾਅਦਾ ਕੀਤਾ ਕਿ ਕਮਿਊਨਿਸਟ ਪਾਰਟੀ ਸਦਾ ਹੀ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੋਵੇਗੀ।
ਕਾਮਰੇਡ ਰੂੜਾ ਰਾਮ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਦਾਮਾਦ ਵਿੱਕੀ ਅਤੇ ਭਤੀਜੇ ਗਗਨਦੀਪ ਨੇ ਵਿਖਾਈ। ਅੰਤਮ ਸੰਸਕਾਰ ਮੌਕੇ ਕੁਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਸੰਦੀਪ ਅਰੋੜਾ, ਨੌਜਵਾਨ ਭਾਰਤ ਸਭਾ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਮਨਦੀਪ ਸਿੰਘ ਸਿੱਧੂ, ਸੀ ਪੀ ਆਈ ਤਹਿਸੀਲ ਸ਼ਾਹਕੋਟ ਦੇ ਆਗੂ ਸਵਰਨ ਸਿੰਘ ਭੋਏਪੁਰੀ, ਪਿਆਰਾ ਲਾਲ ਤੇ ਬੂੜਾ ਰਾਮ (ਦੋਵੇਂ ਭਰਾ ਮਰਹੂਮ ਕਾਮਰੇਡ ਰੂੜਾ ਰਾਮ), ਪੱਤਰਕਾਰ ਕੇਵਲ ਕ੍ਰਿਸ਼ਨ ਮੱਟੂ, ਸਾਬਕਾ ਸਰਪੰਚ ਹਰਭਜਨ ਸਿੰਘ ਖਾਲਸਾ, ਰਾਜ ਕੁਮਾਰ ਸੇਵਾ-ਮੁਕਤ ਬੈਂਕ ਮੈਨੇਜਰ, ਸੀ ਪੀ ਆਈ (ਐੱਮ) ਦੇ ਆਗੂ ਕਾਮਰੇਡ ਵਰਿੰਦਰ ਪਾਲ ਸਿੰਘ ਕਾਲਾ, ਆਰ ਐੱਮ ਪੀ ਆਈ ਦੇ ਆਗੂ ਕਾਮਰੇਡ ਨਿਰਮਲ ਸਿੰਘ ਮਲਸੀਆਂ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਾਮਰੇਡ ਤਾਰਾ ਸਿੰਘ ਥੰਮੂਵਾਲ, ਨਵਦੀਪ ਸਿੰਘ ਬਾਜ, ਵਰਿੰਦਰ ਸਿੰਘ, ਪ੍ਰੇਮ ਲਾਲ, ਸਵਿੰਦਰ ਸਿੰਘ, ਅਵਤਾਰ ਸਿੰਘ ਐੱਮ ਡੀ, ਮਾਸਟਰ ਰਜਿੰਦਰ ਸਿੰਘ ਥਿੰਦ ਅਤੇ ਕਰਨੈਲ ਸਿੰਘ ਆਦਿ ਮੌਜੂਦ ਸਨ। ਪਰਵਾਰਕ ਸੂਤਰਾਂ ਅਨੁਸਾਰ ਕਾਮਰੇਡ ਰੂੜਾ ਰਾਮ ਨਮਿਤ ਪਾਠ ਦਾ ਭੋਗ ਤੇ ਸ਼ਰਧਾਂਜਲੀ ਸਮਾਗਮ 27 ਮਈ ਨੂੰ ਪਰਜੀਆਂ ਦੇ ਗੁਰਦਵਾਰਾ ਸਾਹਿਬ ਵਿੱਚ ਹੋਵੇਗਾ।





