ਤਹਿਰਾਨ ਤੋਂ ਚੀਨ ਜਾ ਰਹੇ ਜਹਾਜ਼ ਨੇ ਚੱਕਰਾਂ ‘ਚ ਪਾਇਆ

0
277

ਨਵੀਂ ਦਿੱਲੀ : ਭਾਰਤੀ ਹਵਾਈ ਖੇਤਰ ਤੋਂ ਲੰਘ ਰਹੇ ਇੱਕ ਈਰਾਨੀ ਯਾਤਰੀ ਜਹਾਜ਼ ‘ਚ ਬੰਬ ਹੋਣ ਦੀ ਸੂਚਨਾ ‘ਤੇ ਭਾਰਤੀ ਹਵਾਈ ਸੈਨਾ ਅਲਰਟ ਹੋ ਗਈ | ਈਰਾਨੀ ਜਹਾਜ਼ ਤਹਿਰਾਨ ਤੋਂ ਚੀਨ ਦੇ ਗੁਆਂਗਜ਼ੂ ਜਾ ਰਿਹਾ ਸੀ | ਜਹਾਜ਼ ਦੇ ਅਮਲੇ ਨੇ ਦਿੱਲੀ ਹਵਾਈ ਅੱਡੇ ‘ਤੇ ਉਤਰਨ ਦੀ ਇਜਾਜ਼ਤ ਮੰਗੀ, ਪਰ ਨਾਂਹ ਹੋ ਗਈ | ਭਾਰਤੀ ਹਵਾਈ ਸੈਨਾ ਨੇ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਜਹਾਜ਼ ਦੇ ਪਿੱਛੇ ਦੋ ਲੜਾਕੂ ਜਹਾਜ਼ ਲਗਾਏ | ਬਾਅਦ ‘ਚ ਜਹਾਜ਼ ‘ਚ ਕੋਈ ਬੰਬ ਨਾ ਮਿਲਣ ‘ਤੇ ਇਸ ਨੂੰ ਚੀਨ ਵੱਲ ਜਾਣ ਦੀ ਇਜਾਜ਼ਤ ਦਿੱਤੀ ਗਈ | ਖਬਰ ਏਜੰਸੀ ਏ ਐੱਨ ਆਈ ਦੇ ਇੱਕ ਟਵੀਟ ਮੁਤਾਬਕ ਬੰਬ ਹੋਣ ਦੀ ਸੂਚਨਾ ਮਗਰੋਂ ਮਹਾਨ ਏਅਰ ਨੇ ਦਿੱਲੀ ‘ਚ ਲੈਂਡਿੰਗ ਲਈ ਦਿੱਲੀ ਏਅਰਪੋਰਟ ਏਅਰ ਟ੍ਰੈਫਿਕ ਕੰਟਰੋਲ ਨਾਲ ਸੰਪਰਕ ਕੀਤਾ | ਸੂਤਰਾਂ ਮੁਤਾਬਕ ਦਿੱਲੀ ਏ ਟੀ ਸੀ ਨੇ ਜਹਾਜ਼ ਨੂੰ ਜੈਪੁਰ ਜਾਣ ਦਾ ਸੁਝਾਅ ਦਿੱਤਾ, ਪਰ ਜਹਾਜ਼ ਦੇ ਪਾਇਲਟ ਨੇ ਇਨਕਾਰ ਕਰ ਦਿੱਤਾ ਅਤੇ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚੋਂ ਬਾਹਰ ਚਲਾ ਗਿਆ | ਬੰਬ ਦੀ ਸੂਚਨਾ ਮਿਲਦੇ ਹੀ ਭਾਰਤੀ ਸੁਰੱਖਿਆ ਏਜੰਸੀਆਂ ਅਤੇ ਹਵਾਈ ਫੌਜ ਚੌਕਸ ਹੋ ਗਈ ਅਤੇ ਫਲਾਈਟ ‘ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ | ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ‘ਚ ਦਾਖਲ ਹੋਇਆ ਸੀ ਤਾਂ ਏ ਟੀ ਸੀ ਵੱਲੋਂ ਏਅਰਕ੍ਰਾਫਟ ਨਾਲ ਇੱਕ ਅਲਰਟ ਸਾਂਝਾ ਕੀਤਾ ਗਿਆ ਸੀ | ਸੂਤਰਾਂ ਨੇ ਦੱਸਿਆ ਕਿ ਪੰਜਾਬ ਅਤੇ ਜੋਧਪੁਰ ਏਅਰਬੇਸ ਤੋਂ ਭਾਰਤੀ ਹਵਾਈ ਸੈਨਾ ਦੇ ਐੱਸ ਯੂ-30 ਐੱਮ ਕੇ ਆਈ ਲੜਾਕੂ ਜਹਾਜ਼ਾਂ ਨੇ ਜਹਾਜ਼ ਨੂੰ ਰੋਕਣ ਲਈ ਪਿੱਛਾ ਕੀਤਾ |

LEAVE A REPLY

Please enter your comment!
Please enter your name here