ਚੰਡੀਗੜ੍ਹ, (ਗੁਰਜੀਤ ਬਿੱਲਾ)
ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕੇਂਦਰ ਦੀ ਮੋਦੀ ਸਰਕਾਰ ‘ਤੇ ਦੇਸ਼ ਦੀ ਜਨਤਾ, ਪੰਜਾਬ ਅਤੇ ਵਿਸ਼ੇਸ਼ ਤੌਰ ‘ਤੇ ਦੇਸ਼ ਦੇ ਅੰਨਦਾਤਾ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਬੇਰਹਿਮੀ ਨਾਲ ਲੁਟਵਾਉਣ ਦਾ ਦੋਸ਼ ਲਾਇਆ ਹੈ।ਉਨ੍ਹਾ ਕਿਹਾ ਕਿ ਪਿਛਲੇ ਚਾਰ ਸਾਲਾਂ ਦੌਰਾਨ ਜਦੋਂ ਪੂਰੀ ਦੁਨੀਆ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬੇਹੱਦ ਘੱਟ ਸਨ, ਉਦੋਂ ਮੋਦੀ ਸਰਕਾਰ ਨੇ ਉਸ ਕਟੌਤੀ ਦਾ ਫਾਇਦਾ ਦੇਸ਼ ਦੀ ਜਨਤਾ ਜਾਂ ਕਿਸਾਨਾਂ ਨੂੰ ਦੇਣ ਦੀ ਬਜਾਏ ਇੰਡੀਅਨ ਆਇਲ, ਭਾਰਤ ਪੈਟਰੋਲੀਅਮ, ਹਿੰਦੁਸਤਾਨ ਪੈਟਰੋਲੀਅਮ ਅਤੇ ਓ ਐੱਨ ਜੀ ਸੀ ਵਰਗੀਆਂ ਵੱਡੀਆਂ ਤੇਲ ਕੰਪਨੀਆਂ ਨੂੰ ਟ੍ਰਾਂਸਫਰ ਕਰ ਦਿੱਤਾ।ਇਨ੍ਹਾਂ ਕੰਪਨੀਆਂ ਨੂੰ ਸਿੱਧੇ ਤੌਰ ‘ਤੇ 3 ਲੱਖ 209 ਕਰੋੜ ਰੁਪਏ ਦਾ ਮੁਨਾਫਾ ਪਹੁੰਚਾਇਆ ਗਿਆ।ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਖਾਸ ਦੋਸਤ ਦੀ ਕੰਪਨੀ ਰਿਲਾਇੰਸ ਨੂੰ ਵੀ ਲਗਭਗ 3 ਲੱਖ ਕਰੋੜ ਰੁਪਏ ਦਾ ਸ਼ੁੱਧ ਫਾਇਦਾ ਕਰਾਇਆ ਗਿਆ। ਕੁੱਲ ਮਿਲਾ ਕੇ ਕਰੀਬ 6.30 ਲੱਖ ਕਰੋੜ ਰੁਪਏ ਦਾ ਸਿੱਧਾ ਬੋਝ ਭਾਰਤ ਦੀ ਗਰੀਬ ਜਨਤਾ ਦੀ ਜੇਬ ‘ਤੇ ਪਾਇਆ ਗਿਆ।ਧਾਲੀਵਾਲ ਨੇ ਕਿਹਾ ਕਿ ਦੁਨੀਆ ਦੇ ਕਈ ਛੋਟੇ ਦੇਸ਼ਾਂ ਦਾ ਕੁੱਲ ਸਾਲਾਨਾ ਬਜਟ ਵੀ 6.30 ਲੱਖ ਕਰੋੜ ਰੁਪਏ ਨਹੀਂ ਹੁੰਦਾ, ਜਿੰਨੇ ਰੁਪਏ ਦਾ ਡਾਕਾ ਮੋਦੀ ਸਰਕਾਰ ਨੇ ਤੇਲ ਕੰਪਨੀਆਂ ਨਾਲ ਮਿਲ ਕੇ ਦੇਸ਼ ਦੇ ਲੋਕਾਂ ਦੀਆਂ ਜੇਬਾਂ ‘ਤੇ ਪਾ ਦਿੱਤਾ।




