ਚੰਡੀਗੜ੍ਹ (ਗੁਰਜੀਤ ਬਿੱਲਾ)
ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੇ ਸੋਮਵਾਰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਆਖਰੀ ਦਿਨ ਭਰੋਸੇ ਦਾ ਵੋਟ ਭਾਰੀ ਬਹੁਮਤ ਨਾਲ ਜਿੱਤਿਆ | ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਵੋਟਿੰਗ ਸਮੇਂ ਗੈਰਹਾਜ਼ਰ ਰਹੀਆਂ | ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਮਤੇ ਦਾ ਵਿਰੋਧ ਨਹੀਂ ਕੀਤਾ | ਭਗਵੰਤ ਮਾਨ ਦੇ ਭਾਸ਼ਣ ਮਗਰੋਂ ਭਰੋਸਗੀ ਮਤੇ ‘ਤੇ ਵੋਟਿੰਗ ਹੋਈ | ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ 93 ਵਿਧਾਇਕਾਂ ਨੇ ਮਤੇ ਦੀ ਹਮਾਇਤ ਕੀਤੀ ਹੈ | ਆਮ ਆਦਮੀ ਪਾਰਟੀ ਦੇ 92 ਵਿਧਾਇਕ ਹਨ | ਸਪੀਕਰ ਦੀ ਵੋਟ ਗਿਣੀ ਨਹੀਂ ਗਈ | ਇਸ ਤਰ੍ਹਾਂ ਸਰਕਾਰ ਨੂੰ 91 ਵਿਧਾਇਕਾਂ ਦੀ ਹਮਾਇਤ ਮਿਲਣੀ ਸੀ | ਜਾਣਕਾਰਾਂ ਮੁਤਾਬਕ ਅਕਾਲੀ ਦਲ ਤੇ ਬਸਪਾ ਦੇ ਵਿਧਾਇਕ ਸਦਨ ਵਿਚ ਮੌਜੂਦ ਤਾਂ ਰਹੇ ਪਰ ਉਨ੍ਹਾਂ ਮਤੇ ਦੇ ਵਿਰੁੱਧ ਵੋਟ ਨਹੀਂ ਦਿੱਤੀ, ਇਸ ਲਈ ਟੈਕਨੀਕਲੀ ਉਹ ਮਤੇ ਦੇ ਹੱਕ ਵਿਚ ਗਿਣੇ ਗਏ |
ਮਾਨ ਨੇ ਕਿਹਾ—ਮੁਹਾਲੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਭਗਤ ਸਿੰਘ ਕੌਮਾਂਤਰੀ ਹਵਾਈ ਅੱਡਾ ਰੱਖਣ ‘ਤੇ ਮੈਂ ਪੰਜਾਬ ਵਾਸੀਆਂ ਨੂੰ ਵਧਾਈ ਦਿੰਦਾ ਹਾਂ | ਮੈਂ ਯਤਨ ਕਰਾਂਗਾ ਕਿ ਹਲਵਾਰਾ ਹਵਾਈ ਅੱਡੇ ਦਾ ਨਾਂਅ ਕਰਤਾਰ ਸਿੰਘ ਸਰਾਭਾ ਦੇ ਨਾਂਅ ‘ਤੇ ਰੱਖਿਆ ਜਾਵੇ | ਭਾਜਪਾ ਦੇ ਵਿਧਾਇਕ ਸਵੇਰ ਤੋਂ ਹੀ ਸਦਨ ਵਿਚ ਨਹੀਂ ਆਏ, ਜਦਕਿ ਕਾਂਗਰਸ ਵਿਧਾਇਕਾਂ ਨੇ ਵੋਟਿੰਗ ਦੌਰਾਨ ਵਾਕਆਊਟ ਕੀਤਾ | ਬਹਿਸ ਦੌਰਾਨ ਜਲੰਧਰ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੇ ਭਾਜਪਾ ਮੁਰਦਾਬਾਦ ਦੇ ਨਾਅਰੇ ਵੀ ਲਾਏ |
ਸੂਬੇ ਦੇ ਗੰਨਾ ਉਤਪਾਦਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਨੇ ਗੰਨੇ ਦਾ ਭਾਅ ਵਧਾ ਕੇ 380 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਐਲਾਨ ਕੀਤਾ | ਉਹਨਾ ਕਿਹਾ ਕਿ ਆਉਂਦੇ ਪਿੜਾਈ ਸੀਜ਼ਨ ਤੋਂ ਕਿਸਾਨਾਂ ਨੂੰ ਗੰਨੇ ਦੀ ਸਟੇਟ ਐਗਰੀਡ ਪ੍ਰਾਈਸ ਪ੍ਰਤੀ ਕੁਇੰਟਲ 20 ਰੁਪਏ ਵੱਧ ਮਿਲੇਗੀ, ਜਿਸ ਨਾਲ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਤੋਂ ਵਧ ਕੇ 380 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ | ਇਸ ਫੈਸਲੇ ਨਾਲ ਸਰਕਾਰ ਖਜ਼ਾਨੇ ਵਿੱਚੋਂ ਸਾਲਾਨਾ 200 ਕਰੋੜ ਰੁਪਏ ਵੱਧ ਖਰਚੇਗੀ |ਉਹਨਾ ਕਿਹਾ ਕਿ ਇਸ ਵੇਲੇ ਪੰਜਾਬ ਵਿਚ 1.25 ਲੱਖ ਹੈਕਟੇਅਰ ਰਕਬੇ ਵਿਚ ਹੀ ਗੰਨੇ ਦੀ ਕਾਸ਼ਤ ਹੁੰਦੀ ਹੈ, ਜਦਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਕੁੱਲ ਸਮਰੱਥਾ 2.50 ਲੱਖ ਹੈਕਟੇਅਰ ਰਕਬੇ ਦੇ ਗੰਨੇ ਦੀ ਪਿੜਾਈ ਕਰਨ ਦੀ ਹੈ | ਕਿਸਾਨਾਂ ਦੀ ਗੰਨੇ ਦੀ ਅਦਾਇਗੀ ਬਾਰੇ ਮੁੱਖ ਮੰਤਰੀ ਨੇ ਸਦਨ ਨੂੰ ਦੱਸਿਆ ਕਿ ਸਹਿਕਾਰੀ ਖੰਡ ਮਿੱਲਾਂ ਨੇ ਕਿਸਾਨਾਂ ਦਾ ਸਮੁੱਚਾ ਬਕਾਇਆ ਅਦਾ ਕਰ ਦਿੱਤਾ ਹੈ ਅਤੇ ਇਕ-ਦੋ ਪ੍ਰਾਈਵੇਟ ਖੰਡ ਮਿੱਲਾਂ ਨੇ ਅਜੇ ਤੱਕ ਕਿਸਾਨਾਂ ਦੀ ਅਦਾਇਗੀ ਦਾ ਭੁਗਤਾਨ ਨਹੀਂ ਕੀਤਾ, ਸਗੋਂ ਇਹਨਾਂ ਮਿੱਲਾਂ ਦੇ ਮਾਲਕ ਕਿਸਾਨਾਂ ਦੇ ਹਿੱਤਾਂ ਦੀ ਸਾਰ ਲੈਣ ਦੀ ਬਜਾਏ ਵਿਦੇਸ਼ ਭੱਜ ਗਏ | ਉਨ੍ਹਾ ਦੱਸਿਆ ਕਿ ਸਰਕਾਰ ਨੇ ਇਨ੍ਹਾਂ ਮਿੱਲਾਂ ਦੀ ਜਾਇਦਾਦ ਜ਼ਬਤ ਕਰਕੇ ਕਿਸਾਨਾਂ ਦੇ ਬਕਾਏ ਦਾ ਭੁਗਤਾਨ ਕਰਨ ਦੀ ਕਾਰਵਾਈ ਪਹਿਲਾਂ ਹੀ ਆਰੰਭੀ ਹੋਈ ਹੈ |





