ਭਾਜਪਾ ਕਿਸ਼ਤਾਂ ‘ਚ ਲੁੱਟ ਰਹੀ ਹੈ ਲੋਕਾਂ ਦੀ ਕਮਾਈ : ਖੜਗੇ

0
4

ਨਵੀਂ ਦਿੱਲੀ (ਨ ਜ਼ ਸ)
ਅੱਠ ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ ਤੀਜੇ ਵਾਧੇ ਤੋਂ ਬਾਅਦ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸਨਿੱਚਰਵਾਰ ਦੋਸ਼ ਲਗਾਇਆ ਕਿ ਸਰਕਾਰ ਕਿਸ਼ਤਾਂ ਵਿੱਚ ਜਨਤਾ ਦੀ ਕਮਾਈ ਨੂੰ ਲੁੱਟ ਰਹੀ ਹੈ। ਐੱਕਸ ‘ਤੇ ਹਿੰਦੀ ਵਿੱਚ ਇੱਕ ਪੋਸਟ ਵਿੱਚ ਖੜਗੇ ਨੇ ਦਾਅਵਾ ਕੀਤਾ ਕਿ ਸਰਕਾਰ ਵਿੱਚ ਲੀਡਰਸ਼ਿਪ ਦਾ ਸੰਕਟ ਹੈ ਅਤੇ ਕਿਹਾ ਕਿ ਜਿੱਥੇ ਦੂਜੇ ਦੇਸ਼ ਆਪਣੇ ਲੋਕਾਂ ਨੂੰ ਰਾਹਤ ਦੇ ਰਹੇ ਹਨ, ਉੱਥੇ ਇੱਥੇ ਭਾਜਪਾ ਸਰਕਾਰ ਉਨ੍ਹਾਂ ਨੂੰ ਲਗਾਤਾਰ ਲੁੱਟ ਰਹੀ ਹੈ। ਉਨ੍ਹਾ ਆਪਣੀ ਪੋਸਟ ਵਿੱਚ ਕਿਹਾ, ‘ਪੈਟਰੋਲ ਹੁਣ 100 ਰੁਪਏ ਨੂੰ ਪਾਰ ਕਰ ਗਿਆ ਹੈ… ਜਨਤਾ ਦੀ ਕਮਾਈ ਨੂੰ ਕਿਸ਼ਤਾਂ ਵਿੱਚ ਲੁੱਟਿਆ ਜਾ ਰਿਹਾ ਹੈ! ਪੈਟਰੋਲ-ਡੀਜ਼ਲ ‘ਤੇ ਰੋਜ਼ਾਨਾ 1,000 ਕਰੋੜ ਰੁਪਏ ਦਾ ਕੇਂਦਰੀ ਟੈਕਸ ਥੋਪਣ ਤੋਂ ਬਾਅਦ ਵੀ ਭਾਜਪਾ ਦੀ ਭੁੱਖ ਸ਼ਾਂਤ ਨਹੀਂ ਹੋਈ…ਜਦੋਂ ਅੰਤਰਰਾਸ਼ਟਰੀ ਕੀਮਤਾਂ ਘੱਟ ਸਨ, ਉਨ੍ਹਾਂ ਨੇ ਲੋਕਾਂ ਨੂੰ ਇਸ ਦਾ ਲਾਭ ਨਹੀਂ ਦਿੱਤਾ ਤੇ ਇਸ ਦੀ ਬਜਾਏ ਉਨ੍ਹਾਂ ਨੂੰ ਬੇਰਹਿਮੀ ਨਾਲ ਲੁੱਟਿਆ।’ ਖੜਗੇ ਨੇ ਦਾਅਵਾ ਕੀਤਾ ਕਿ ਜਦੋਂ ਸੰਕਟ ਆਇਆ ਤਾਂ ਭਾਜਪਾ ਦੀ ਲੀਡਰਸ਼ਿਪ ਚੋਣਾਂ ਵਿੱਚ ਰੁਝ ਗਈ ਅਤੇ ਚੋਣਾਂ ਤੋਂ ਬਾਅਦ ਉਨ੍ਹਾਂ ਕੁਰਬਾਨੀ ਦਾ ਉਪਦੇਸ਼ ਦਿੱਤਾ। ਉਨ੍ਹਾ ਦਾਅਵਾ ਕੀਤਾ ਕਿ ਜਦੋਂ ਪੱਛਮੀ ਏਸ਼ੀਆ ਵਿੱਚ ਜੰਗ ਛਿੜੀ ਤਾਂ ਪ੍ਰਧਾਨ ਮੰਤਰੀ ਮੋਦੀ ਸਾਡੇ ਭਾਰਤੀਆਂ ਨੂੰ ‘ਸਭ ਕੁਝ ਠੀਕ ਹੈ’ ਦੀ ਲੋਰੀ ਦੇਣ ਵਿੱਚ ਰੁੱਝੇ ਹੋਏ ਸਨ, ਜਦ ਕਿ ਦੂਜੇ ਦੇਸ਼ ਆਪਣੇ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰ ਰਹੇ ਸਨ। ਖੜਗੇ ਨੇ ਦੋਸ਼ ਲਗਾਇਆ, ‘ਨਰਿੰਦਰ ਮੋਦੀ ਜੀ, ਸਾਨੂੰ ਦੱਸੋ, ਇਸ ਕਿਸ਼ਤਾਂ ਅਧਾਰਤ ਲੁੱਟ ਵਿੱਚ ਕਿਸ-ਕਿਸ ਨੂੰ ਹਿੱਸਾ ਮਿਲ ਰਿਹਾ ਹੈ? ਤੁਸੀਂ ਏਨੇ ਸਮਝੌਤਾਵਾਦੀ ਕਿਉਂ ਹੋ? ਇਸ ਸਰਕਾਰ ਵਿੱਚ ਅਸਲ ਸੰਕਟ ਲੀਡਰਸ਼ਿਪ ਦਾ ਹੈ । 140 ਕਰੋੜ ਭਾਰਤੀ ਹੁਣ ਇਹ ਸਮਝ ਚੁੱਕੇ ਹਨ।’