ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ ਬਰਸੀ ਮਨਾਈ

0
2

ਮੋਦੀ ਸਰਕਾਰ ਉਦਯੋਗ ਤੇ ਹੋਰ ਕਾਰੋਬਾਰ ਤਬਾਹ ਕਰ ਦੇਵੇਗੀ : ਬੰਤ ਬਰਾੜ
ਬੰਗਾ (ਅਵਤਾਰ ਕਲੇਰ)
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸਾਬਕਾ ਨੈਸ਼ਨਲ ਕੌਂਸਲ ਮੈਂਬਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਬਕਾ ਮੀਤ ਸਕੱਤਰ, ਸੀ ਪੀ ਆਈ ਦੇ ਸਾਬਕਾ ਸੂਬਾ ਕੌਂਸਲ ਮੈਂਬਰ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ 38ਵੀਂ ਬਰਸੀ ਪਿੰਡ ਮੇਹਲੀ ਵਿਖੇ ਮਨਾਈ ਗਈ। ਸਭ ਤੋਂ ਪਹਿਲਾਂ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਦੀ ਯਾਦਗਰ ‘ਤੇ ਝੰਡਾ ਲਹਿਰਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਬੰਤ ਸਿੰਘ ਬਰਾੜ ਨੇ ਨਾਹਰਿਆਂ ਦੀ ਗੂੰਜ ‘ਚ ਅਦਾ ਕੀਤੀ। ਸ਼ਹੀਦੀ ਸਮਾਗਮ ਦੀ ਪ੍ਰਧਾਨਗੀ ਪਰਮਿੰਦਰ ਮੇਨਕਾ, ਜੁਝਾਰ ਸਿੰਘ ਕੁੱਕੜ ਮਜਾਰਾ, ਗੁਰਬਖਸ਼ ਕੌਰ ਤੇ ਅਮਰਜੀਤ ਮੇਹਲੀ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ।
ਸ਼ਹੀਦੀ ਸਮਾਗਮ ਨੂੰ ਬੰਤ ਸਿੰਘ ਬਰਾੜ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਰਸ਼ਪਾਲ ਕੈਲੇ, ਲੋਕ ਹਿਤੈਸ਼ੀ ਕਾਫਲਾ ਫਗਵਾੜਾ ਦੇ ਆਗੂ ਜਸਵਿੰਦਰ ਸਿੰਘ ਫਗਵਾੜਾ, ਸੀ ਪੀ ਆਈ ਤਹਿਸੀਲ ਬਲਾਚੌਰ ਦੇ ਸਕੱਤਰ ਪਰਮਿੰਦਰ ਮੇਨਕਾ ਨੇ ਸੰਬੋਧਨ ਕੀਤਾ। ਰੋਜ਼ਾਨਾ ‘ਨਵਾਂ ਜ਼ਮਾਨਾ’ ਦੀ ਸੰਚਾਲਕ ਅਰਜਨ ਸਿੰਘ ਗੜਗੱਜ ਫਾÀੂਂਡੇਸ਼ਨ ਜਲੰਧਰ ਦੇ ਪ੍ਰਧਾਨ ਸੀਨੀਅਰ ਕਮਿਊਨਿਸਟ ਆਗੂ ਰਛਪਾਲ ਸਿੰਘ ਬੜਾ ਪਿੰਡ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਬੰਤ ਸਿੰਘ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦ ਕਾਮਰੇਡ ਮਲਕੀਤ ਚੰਦ ਮੇਹਲੀ ਆਪਸੀ ਭਾਈਚਾਰਕ ਸਾਂਝ, ਅਮੀਰੀ-ਗਰੀਬੀ ਦਾ ਪਾੜਾ ਖ਼ਤਮ ਕਰਨਾ ਚਾਹੁੰਦੇ ਸਨ, ਪਰ ਸਮਾਜ ਵਿਰੋਧੀ ਤਾਕਤਾਂ ਨੂੰ ਇਹ ਬਰਦਾਸ਼ਤ ਨਹੀਂ ਸੀ। ਇਸ ਲਈ ਖਾਲਿਸਤਾਨੀ ਅੱਤਵਾਦੀਆਂ ਨੇ ਕਾਮਰੇਡ ਮਲਕੀਤ ਚੰਦ ਮੇਹਲੀ ਨੂੰ 23 ਮਈ 1988 ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਉਹਨਾ ਕਿਹਾ ਕਿ ਕਿੰਨੀ ਸ਼ਰਮ ਵਾਲੀ ਗੱਲ ਹੈ ਕਿ ਸੁਪਰੀਮ ਕੋਰਟ ਦਾ ਮੁੱਖ ਜੱਜ ਮਜ਼ਦੂਰਾਂ, ਕਿਸਾਨਾਂ ਅਤੇ ਕਿਰਤੀ ਲੋਕਾਂ ਨੂੰ ਕਾਕਰੋਚ, ਗੰਦੀ ਨਾਲੀ ਦੇ ਕੀੜੇ ਕਹਿ ਰਿਹਾ ਹੈ। ਉਹ ਕਹਿ ਰਿਹਾ ਹੈ ਕਿ ਇਨ੍ਹਾਂ ਵਿਚੋਂ ਕੋਈ ਕਲਾਕਾਰ, ਕੋਈ ਪੱਤਰਕਾਰ ਬਣ ਜਾਂਦਾ ਹੈ। ਸੁਪਰੀਮ ਕੋਰਟ ਦੇ ਜੱਜ ਨੂੰ ਇਹੋ ਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ।ਦੇਸ਼ ਦੀਆਂ ਅਦਾਲਤਾਂ ‘ਤੇ ਆਰ ਐੱਸ ਐੱਸ ਨੇ ਕਬਜ਼ਾ ਕਰ ਲਿਆ ਹੈ। ਦੇਸ਼ ਦੀ ਨਿਆਂ ਪ੍ਰਣਾਲੀ ਤੋਂ ਲੋਕਾਂ ਦਾ ਯਕੀਨ ਉੱਠ ਗਿਆ ਹੈ। ਮੋਦੀ ਇਜ਼ਰਾਈਲ ਜਾਂਦਾ ਹੈ ਅਤੇ ਕਹਿੰਦਾ ਹੈ ਕਿ ਇਜ਼ਰਾਇਲ ਮੇਰੇ ਪਿਓ ਦੀ ਧਰਤੀ ਹੈ। ਮੋਦੀ ਇਜ਼ਰਾਈਲ ਨੂੰ ਕਹਿ ਰਿਹਾ ਹੈ ਫਲਸਤੀਨ ‘ਤੇ ਹਮਲੇ ਕਰੋ, 140 ਕਰੋੜ ਭਾਰਤੀ ਤੁਹਾਡੇ ਨਾਲ ਹਨ। ਇਜ਼ਰਾਈਲ ਨੇ ਅਮਰੀਕਾ ਨਾਲ ਰਲ ਕੇ ਫਲਸਤੀਨ ਦੇ 70 ਹਜ਼ਾਰ ਲੋਕ ਮਾਰ ਦਿੱਤੇ। ਫਲਸਤੀਨ ਦੇ ਸਕੂਲਾਂ ‘ਤੇ ਹਮਲੇ ਕਰ ਕੇ ਹਜ਼ਾਰਾਂ ਸਕੂਲੀ ਬੱਚੇ ਵੀ ਮਾਰ ਦਿੱਤੇ। ਉਹਨਾ ਕਿਹਾ ਕਿ ਅਮਰੀਕਾ ਨੇ ਈਰਾਨ ‘ਤੇ ਹਮਲਾ ਕਰ ਦਿੱਤਾ। ਈਰਾਨ ਨੇ ਉਸ ਹਮਲੇ ਦਾ ਮੁਕਾਬਲਾ ਕੀਤਾ। ਈਰਾਨ ਦੇ ਲੋਕ ਵਧਾਈ ਦੇ ਪਾਤਰ ਹਨ। ਕੇਂਦਰ ਦੀ ਮੋਦੀ ਸਰਕਾਰ ਅਮੀਰਾਂ, ਜਗੀਰਦਾਰਾਂ ਦੀ ਸਰਕਾਰ ਹੈ। ਮੋਦੀ ਸਰਕਾਰ ਦੀ ਇੰਟਰਨੈਸ਼ਨਲ ਪਾਲਸੀ ਲੋਕਾਂ ਨੂੰ ਤਬਾਹ ਕਰ ਦੇਵੇਗੀ। ਸਾਡੀ ਇੰਡਸਟਰੀ, ਕੱਪੜਾ ਉਦਯੋਗ, ਡੇਅਰੀ ਫਾਰਮਿੰਗ, ਜੋ ਪਹਿਲਾਂ ਹੀ ਬੜਾ ਔਖਾ ਚੱਲ ਰਿਹਾ ਹੈ, ਮੋਦੀ ਸਰਕਾਰ ਆਉਣ ਵਾਲੇ ਸਮੇਂ ‘ਚ ਇਸ ਸਾਰੇ ਕਿੱਤਿਆਂ ਨੂੰ ਬਰਬਾਦ ਕਰ ਦੇਵੇਗੀ।ਗਰੀਬਾਂ, ਮਜ਼ਦੂਰਾਂ ਅਤੇ ਕਿਸਾਨਾਂ ਦਾ ਕਰਜ਼ਾ ਮੁਆਫ਼ ਨਹੀਂ ਹੋ ਰਿਹਾ। ਆਪਣੇ ਸਰਮਾਏਦਾਰ ਯਾਰਾਂ ਅੰਬਾਨੀਆਂ, ਅਡਾਨੀਆ ਦਾ 16 ਲੱਖ ਕਰੋੜ ਤੋਂ ਵੀ ਵੱਧ ਕਰਜ਼ਾ ਮੁਆਫ਼ ਕਰ ਦਿੱਤਾ ਹੈ। ਸਾਥੀ ਬਰਾੜ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਮਨੂਵਾਦੀ ਸਿਸਟਮ ਲਿਆਉਣਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਆਰ ਐੱਸ ਐੱਸ ਦੇ ਪੂਰਵਜ਼ ਸ਼ਹੀਦ ਭਗਤ ਸਿੰਘ, ਗ਼ਦਰੀ ਬਾਬਿਆਂ, ਮਹਾਤਮਾ ਗਾਂਧੀ ਅਤੇ ਨਹਿਰੂ ਦੇ ਖਿਲਾਫ ਸਨ। ਉਹ ਅੰਗਰੇਜ਼ਾਂ ਦੇ ਪਿੱਠੂ ਸਨ। ਉਹ ਅੱਜ ਵੀ ਅੰਗਰੇਜ਼ਾਂ ਦੇ ਹੀ ਪਿੱਠੂ ਹਨ। ਪੰਜਾਬ ਸਰਹੱਦੀ ਸੂਬਾ ਹੈ ਅਤੇ ਪੰਜਾਬ ਨੇ ਕਈ ਲੜਾਈਆਂ ਲੜੀਆਂ। ਇਸ ਕਰਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਸਪੈਸ਼ਲ ਪੈਕੇਜ ਦੇਣਾ ਚਾਹੀਦਾ ਹੈ। ਉਹਨਾ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਲਾਰਿਆਂ ਦੀ ਸਰਕਾਰ ਸਾਬਤ ਹੋਈ ਹੈ। ਪੰਜਾਬ ਅੰਦਰ ਆਏ ਦਿਨ ਕਤਲ ਹੋ ਰਹੇ ਹਨ।ਚੋਰੀਆਂ, ਗੈਂਗਸਟਰਾਂ ਦਾ ਬੋਲਬਾਲਾ ਹੈ। ਭਾਜਪਾ ਵਾਲੇ ਪੰਜਾਬ ‘ਚ ਆਪਣੇ ਪੈਰ ਜਮਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਆਰ ਐੱਸ ਐੱਸ ਵਾਲੇ ਲੋਕਾਂ ਨੂੰ ਰੁਪਏ ਜਾਂ ਹੋਰ ਲਾਲਚ ਦੇਣਗੇ। ਲੋਕਾਂ ਨੂੰ ਇਹਨਾਂ ਦੇ ਲਾਰਿਆਂ ‘ਚ ਨਹੀਂ ਆਉਣਾ ਚਾਹੀਦਾ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਮਿਊਨਿਸਟ ਪਾਰਟੀਆਂ ਨੂੰ ਇਕੱਠੇ ਹੋ ਕੇ ਲੋਕਾਂ ਨੂੰ ਨਾਲ ਲੈ ਕੇ ਲੜਾਈ ਲੜਨੀ ਪਏਗੀ। ਉਹਨਾ ਕਿਹਾ ਕਿ ਮਜ਼ਦੂਰਾਂ, ਕਾਰਖਾਨੇ ਵਿੱਚ ਕੰਮ ਕਰਨ ਵਾਲੇ, ਖੇਤ ਮਜ਼ਦੂਰਾਂ ਅਤੇ ਕਿਸਾਨਾਂ ਨੂੰ ਇਕੱਠੇ ਹੋ ਕੇ ਲੜਾਈ ਲੜਨੀ ਪੈਣੀ ਹੈ। ਅਸੀਂ ਸਾਰੇ ਇਕੱਠੇ ਹੋ ਜਾਈਏ ਤਾਂ ਸਾਡੀ ਗਿਣਤੀ 80 ਫੀਸਦੀ ਤੋਂ ਵੱਧ ਬਣਦੀ ਹੈ। ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸੰਘਰਸ਼ ਕਰਨਾ ਪੈਣਾ, ਤਾਂ ਹੀ ਅਸੀਂ ਸਫਲ ਹੋਵਾਂਗੇ। ਉਹਨਾ ਕਿਹਾ ਕਿ ਕਾਮਰੇਡ ਮਲਕੀਤ ਚੰਦ ਮੇਹਲੀ ਨੂੰ ਇਹੋ ਸੱਚੀ ਸ਼ਰਧਾਂਜਲੀ ਹੋਵੇਗੀ ਕਿ ਉਹਨਾ ਦੇ ਰਹਿੰਦੇ ਕਾਰਜਾਂ ਨੂੰ ਪੂਰਾ ਕਰੀਏ। ਸੀ ਪੀ ਆਈ ਦੀ ਮੈਂਬਰਸ਼ਿਪ ਵਧਾਈਏ, ਬ੍ਰਾਂਚਾਂ ਵਧਾਈਏ, ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਕਰੀਏ।
ਇਸ ਮੌਕੇ ਲੋਕ ਗਾਇਕ ਗੁਰਮੇਜ ਮੇਹਲੀ ਅਤੇ ਨਿਰਮਲਜੀਤ ਵੱਲੋਂ ਇਨਕਲਾਬੀ ਪ੍ਰੋਗਰਾਮ ਪੇਸ਼ ਕੀਤਾ ਗਿਆ। ਮਾਨਵਤਾ ਕਲਾ ਮੰਚ ਨਗਰ ਵੱਲੋਂ ਇਨਕਲਾਬੀ ਨਾਟਕ ਅਤੇ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ। ਸਟੇਜ ਸਕੱਤਰ ਦੀ ਭੂਮਿਕਾ ਸੀ ਪੀ ਆਈ ਦੇ ਜ਼ਿਲ੍ਹਾ ਮੀਤ ਸਕੱਤਰ ਨਰੰਜਣ ਦਾਸ ਮੇਹਲੀ ਵੱਲੋਂ ਨਿਭਾਈ ਗਈ।
ਇਸ ਮੌਕੇ ਜਸਵਿੰਦਰ ਸਿੰਘ ਭੰਗਲ, ਨਰੰਜਣ ਦਾਸ ਮੇਹਲੀ, ਪਰਮਿੰਦਰ ਮੇਨਕਾ, ਗੁਰਮੱਖ ਸਿੰਘ ਫਰਾਲਾ, ਗੁਰਬਖਸ਼ ਕੌਰ ਰਾਹੋਂ, ਸਤਨਾਮ ਸਿੰਘ ਚਾਹਲ, ਨਰਿੰਦਰ ਕਾਲੀਆਂ, ਜੁਝਾਰ ਸਿੰਘ ਕੁੱਕੜ ਮਜਾਰਾ, ਨਰਿੰਦਰ ਬੁਰਜ, ਦੇਸ ਰਾਜ ਬੀਕਾ, ਕਰਨੈਲ ਸਿੰਘ ਕਰਨਾਣਾ, ਧਰਮਪਾਲ ਸਿਆਣਾ, ਮਨੋਹਰ ਲਾਲ ਸੰਧੀ, ਹੁਸਨ ਲਾਲ, ਸੁਰਿੰਦਰ ਪਾਲ ਸਾਬਕਾ ਸਰਪੰਚ, ਅਮਰਜੀਤ ਮੇਹਲੀ, ਸ਼ੀਲਾ ਰਾਣੀ, ਗੁਰਮੀਤ ਰਾਮ, ਰਾਮ ਲਾਲ, ਹਰਮੇਸ਼ ਲਾਲ, ਬੁੱਧ ਪ੍ਰਕਾਸ਼ ਸ਼ੌਂਕੀ, ਤਰਸੇਮ ਲਾਲ ਤੋਂ ਇਲਾਵਾ ਭਾਰੀ ਗਿਣਤੀ ‘ਚ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।