ਨਵੀਂ ਦਿੱਲੀ (ਨ ਜ਼ ਸ)
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ। ਸ਼ਨੀਵਾਰ ਪੈਟਰੋਲ 87 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ 91 ਪੈਸੇ ਪ੍ਰਤੀ ਲੀਟਰ ਮਹਿੰਗਾ ਹੋ ਗਿਆ। ਇਹ 10 ਦਿਨਾਂ ਵਿੱਚ ਤੀਜਾ ਵਾਧਾ ਹੈ। ਵਧਦੀਆਂ ਕੀਮਤਾਂ ਕਰਕੇ ਆਮ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ। ਵਾਧੇ ਤੋਂ ਬਾਅਦ ਲੁਧਿਆਣਾ ਵਿੱਚ ਪੈਟਰੋਲ ਦੀ ਕੀਮਤ ਹੁਣ 103.03 ਰੁਪਏ ਤੱਕ ਪਹੁੰਚ ਗਈ ਹੈ, ਜਦੋਂ ਕਿ ਅੰਮ੍ਰਿਤਸਰ ਵਿੱਚ ਪੈਟਰੋਲ 102.12 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ ਹੈ। ਮੁਹਾਲੀ ਵਿੱਚ ਪੈਟਰੋਲ ਦੀ ਕੀਮਤ 103.39 ਰੁਪਏ ‘ਤੇ ਪਹੁੰਚ ਗਈ ਹੈ। ਉਥੇ ਹੀ ਚੰਡੀਗੜ੍ਹ ਵਿੱਚ ਪੈਟਰੋਲ ਹੁਣ 98.93 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 86.93 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧਣ ‘ਤੇ ‘ਆਪ’ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਟਵੀਟ ਕਰਦਿਆਂ ਕਿਹਾ ਕਿ ਮੋਦੀ ਜੀ, ‘ਤੁਸੀਂ ਸਿਰਫ਼ ਦਸ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 5 ਰੁਪਏ ਦਾ ਵਾਧਾ ਕਰ ਦਿੱਤਾ ਹੈ! ਕੁਝ ਤਾਂ ਕਰੋ! ਤੁਸੀਂ ਕਦੋਂ ਤੱਕ ਟੌਫੀਆਂ ਅਤੇ ਲਾਲੀਪੌਪ ਦੀਆਂ ਰੀਲ੍ਹਾਂ ਦਿਖਾ ਕੇ ਆਪਣੀਆਂ ਅਸਫਲਤਾਵਾਂ ਤੋਂ ਦੇਸ਼ ਦਾ ਧਿਆਨ ਭਟਕਾਉਂਦੇ ਰਹੋਗੇ? ਤੁਸੀਂ ਕਦੋਂ ਤੱਕ ਈ ਡੀ ਅਤੇ ਸੀ ਬੀ ਆਈ ਦੀ ਤਾਕਤ ਦੀ ਵਰਤੋਂ ਸਵਾਲ ਪੁੱਛਣ ਵਾਲਿਆਂ ਨੂੰ ਚੁੱਪ ਕਰਾਉਣ ਲਈ ਕਰੋਗੇ? ਕੁਝ ਤਾਂ ਕਰੋ, ਤੁਸੀਂ ਇਸ ਦੇਸ਼ ਦੇ ਪ੍ਰਧਾਨ ਮੰਤਰੀ ਹੋ! ‘ ਦਿੱਲੀ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ 87 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਿਸ ਨਾਲ ਇਸ ਦੀ ਨਵੀਂ ਕੀਮਤ 99.51 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਡੀਜ਼ਲ ਦੀਆਂ ਕੀਮਤਾਂ 92.49 ਰੁਪਏ ਪ੍ਰਤੀ ਲੀਟਰ ਹੋ ਗਈਆਂ ਹਨ।




